15 ਅਗਸਤ ਨੂੰ ਸਪੀਕਰ ਕੁਲਤਾਰ ਸੰਧਵਾਂ ਲਹਿਰਾਉਣਗੇ ਝੰਡਾ 15 ਅਗਸਤ ਨੂੰ ਸਪੀਕਰ ਕੁਲਤਾਰ ਸੰਧਵਾਂ ਲਹਿਰਾਉਣਗੇ ਕੌਮੀ ਝੰਡਾ
Publish Date: Wed, 05 Aug 2026 04:13 PM (IST)
Updated Date: Wed, 05 Aug 2026 04:13 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਦੇਸ਼ ਦੇ 80ਵੇਂ ਆਜ਼ਾਦੀ ਦਿਵਸ ਨੂੰ ਪੂਰੇ ਉਤਸ਼ਾਹ, ਸ਼ਾਨੋ-ਸ਼ੌਕਤ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਮਨਾਉਣ ਲਈ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸੇ ਸਬੰਧ ਵਿਚ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਵੱਲੋਂ ਨਹਿਰੂ ਸਟੇਡੀਅਮ ਵਿਖੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਵੱਖ-ਵੱਖ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਨਿਰਧਾਰਿਤ ਕਰਨ ਲਈ ਉੱਚ ਪੱਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਐੱਸਐੱਸਪੀ ਰੂਪਨਗਰ ਮਨਿੰਦਰ ਸਿੰਘ ਸਮੇਤ ਸਾਰੇ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਰਹੇ। ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ 15 ਅਗਸਤ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੌਰਾਨ ਸਾਰੇ ਅਧਿਕਾਰੀ ਆਪਸੀ ਤਾਲਮੇਲ ਨਾਲ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ, ਸਮੇਂ ਦੀ ਪਾਬੰਦੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ। ਉਨ੍ਹਾਂ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ 7 ਅਗਸਤ ਅਤੇ 11 ਅਗਸਤ ਨੂੰ ਰਿਹਰਸਲ, ਜਦਕਿ 13 ਅਗਸਤ ਨੂੰ ਫੁੱਲ ਡਰੈੱਸ ਰਿਹਰਸਲ ਕਰਵਾਈ ਜਾਵੇਗੀ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਰਿਹਰਸਲ ਦੌਰਾਨ ਸਾਰੇ ਪ੍ਰਬੰਧਾਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਜਾਵੇ ਤਾਂ ਜੋ ਮੁੱਖ ਸਮਾਗਮ ਵਾਲੇ ਦਿਨ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਰਹੇ। ਉਨ੍ਹਾਂ ਸੱਭਿਆਚਾਰਕ ਪ੍ਰੋਗਰਾਮਾਂ ਸਬੰਧੀ ਕਿਹਾ ਕਿ ਦੇਸ਼ਭਗਤੀ ਅਤੇ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਜਾਣ ਅਤੇ ਹਰੇਕ ਪੇਸ਼ਕਾਰੀ ਨਿਰਧਾਰਿਤ ਸਮਾਂ-ਸੀਮਾ ਅੰਦਰ ਹੀ ਹੋਵੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਰਿਹਰਸਲਾਂ ਅਤੇ ਮੁੱਖ ਸਮਾਗਮ ਦੌਰਾਨ ਪੀਣ ਵਾਲੇ ਸਾਫ਼ ਪਾਣੀ, ਛਾਂ, ਮੁੱਢਲੀ ਸਿਹਤ ਸਹੂਲਤਾਂ ਅਤੇ ਐਂਬੂਲੈਂਸ ਸਮੇਤ ਲੋੜੀਂਦੇ ਮੈਡੀਕਲ ਪ੍ਰਬੰਧ ਹਰ ਵੇਲੇ ਉਪਲੱਬਧ ਰਹਿਣ। ਉਨ੍ਹਾਂ ਨਹਿਰੂ ਸਟੇਡੀਅਮ ਅਤੇ ਸਮਾਗਮ ਸਥਾਨ ਦੀ ਸਾਫ਼-ਸਫ਼ਾਈ, ਬਿਜਲੀ ਸਪਲਾਈ, ਫਾਇਰ ਬ੍ਰਿਗੇਡ, ਸਿਹਤ ਸੇਵਾਵਾਂ, ਸਾਫ਼ ਪੀਣ ਵਾਲੇ ਪਾਣੀ, ਟ੍ਰੈਫਿਕ ਪ੍ਰਬੰਧ, ਪਾਰਕਿੰਗ, ਮਹਿਮਾਨਾਂ ਅਤੇ ਆਮ ਲੋਕਾਂ ਲਈ ਬੈਠਣ ਦੀ ਸੁਚੱਜੀ ਵਿਵਸਥਾ, ਸਜਾਵਟ ਅਤੇ ਹੋਰ ਬੁਨਿਆਦੀ ਸਹੂਲਤਾਂ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਪਰੇਡ, ਮਾਰਚ ਪਾਸਟ ਅਤੇ ਪੁਲਿਸ ਬੈਂਡ ਨਾਲ ਸਬੰਧਿਤ ਵਿਭਾਗਾਂ ਨੂੰ ਵੀ ਆਪਣੀਆਂ ਤਿਆਰੀਆਂ ਮੁਕੰਮਲ ਕਰਨ ਲਈ ਕਿਹਾ। ਇਸ ਦੇ ਨਾਲ ਹੀ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਬਦਲਵੇਂ ਪ੍ਰਬੰਧ ਪਹਿਲਾਂ ਤੋਂ ਹੀ ਤਿਆਰ ਰੱਖਣ ਦੀ ਹਦਾਇਤ ਵੀ ਦਿੱਤੀ। ਇਸ ਮੌਕੇ ਐੱਸਐੱਸਪੀ ਰੂਪਨਗਰ ਮਨਿੰਦਰ ਸਿੰਘ ਨੇ ਕਿਹਾ ਕਿ ਆਜ਼ਾਦੀ ਦਿਵਸ ਸਮਾਗਮ ਦੌਰਾਨ ਸੁਰੱਖਿਆ ਪ੍ਰਬੰਧਾਂ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮਾਗਮ ਸਥਾਨ ਅਤੇ ਆਸ-ਪਾਸ ਦੇ ਖੇਤਰਾਂ ਵਿਚ ਪੁਲਿਸ ਦੀ ਪੁਖਤਾ ਤਾਇਨਾਤੀ, ਟ੍ਰੈਫਿਕ ਪ੍ਰਬੰਧ, ਪਾਰਕਿੰਗ ਦੀ ਵਿਵਸਥਾ, ਐਂਟਰੀ ਪੁਆਇੰਟਾਂ ’ਤੇ ਚੈਕਿੰਗ, ਐਮਰਜੈਂਸੀ ਰਿਸਪਾਂਸ ਟੀਮਾਂ ਅਤੇ ਹੋਰ ਸੁਰੱਖਿਆ ਪ੍ਰਬੰਧਾਂ ਲਈ ਵਿਸਥਾਰਪੂਰਵਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹਰ ਰਿਹਰਸਲ ਅਤੇ ਮੁੱਖ ਸਮਾਗਮ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਨਿਰੰਤਰ ਸਮੀਖਿਆ ਕੀਤੀ ਜਾਵੇ ਅਤੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ। ਇਸ ਮੀਟਿੰਗ ਵਿਚ ਏਡੀਸੀ (ਜ) ਡਾ.ਅਕਸ਼ਿਤਾ ਗੁਪਤਾ, ਏਡੀਸੀ (ਵਿ) ਚੰਦਰਜਯੋਤੀ ਸਿੰਘ, ਐੱਸਪੀ ਅਰਵਿੰਦ ਮੀਨਾ, ਐੱਸਡੀਐੱਮ ਰੂਪਨਗਰ ਜਸਪ੍ਰੀਤ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਜਸਵਿੰਦਰ ਸਿੰਘ, ਡੀਈਓ ਪ੍ਰੇਮ ਕੁਮਾਰ ਮਿੱਤਲ, ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਡਾ.ਕਿੰਮੀ ਵਨੀਤ ਕੌਰ ਸੇਠੀ, ਡੀਐੱਸਓ ਜਗਜੀਵਨ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਸੁਰਿੰਦਰਪਾਲ, ਸਕੱਤਰ ਰੈੱਡ ਕਰਾਸ ਗੁਰਸੋਹਣ ਸਿੰਘ ਆਦਿ ਸਮੇਤ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਹਾਜ਼ਰ ਸਨ।