- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੂਪਨਗਰ ਪੁਲਿਸ ਨੇ ਨੰਗਲ ਵਿਚ ਹੋਏ ਕਤਲ ਦਾ ਮਾਮਲਾ ਸੁਲਝਾਇਆ, 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ

ਲਖਵੀਰ ਖਾਬੜਾ, ਪੰਜਾਬੀ ਜਾਰਗਣ
ਰੂਪਨਗਰ : ਨਸ਼ਾ ਕਰਨ ਦੇ ਆਦੀ ਤਿੰਨ ਨੌਜਵਾਨਾਂ ਨੇ ਆਪਣੇ ਦੋਸਤ ਨੂੰ ਹੀ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ। ਰੂਪਨਗਰ ਪੁਲਿਸ ਨੇ ਨੰਗਲ ਵਿਖੇ ਐੱਸਵਾਈਐੱਲ ਨਹਿਰ ਵਿਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼ ਸਬੰਧੀ ਕਤਲ ਦਾ ਮਾਮਲਾ ਸੁਲਝਾਉਂਦਿਆਂ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰੂਪਨਗਰ ਵਿਖੇ ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ 28 ਜੁਲਾਈ ਨੂੰ ਪਿੰਡ ਪੱਟੀ ਨੰਗਲ ਵਿਖੇ ਐੱਸਵਾਈਐੱਲ ਨਹਿਰ ਵਿਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸ ਨੂੰ ਨਹਿਰ ਦੇ ਪਾਣੀ ਵਿੱਚੋਂ ਕੱਢ ਕੇ ਸਨਾਖਤ ਲਈ ਹਸਪਤਾਲ ਵਿਚ ਰੱਖਿਆ ਗਿਆ ਸੀ। ਮ੍ਰਿਤਕ ਵਿਅਕਤੀ ਦੀ ਬਾਡੀ ’ਤੇ ਕਾਫੀ ਟੈਟੂ ਬਣੇ ਹੋਏ ਸਨ ਅਤੇ ਇਸ ਸਬੰਧੀ ਇਕ ਤਸਵੀਰ ਸੋਸ਼ਲ ਮੀਡੀਆ ਉੱਤੇ ਸ਼ਨਾਖਤ ਲਈ ਪਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਲਾਸ਼ ਦੀ ਸ਼ਨਾਖਤ 30 ਜੁਲਾਈ ਨੂੰ ਮ੍ਰਿਤਕ ਦੀ ਪਤਨੀ ਨੀਰੂ ਬਾਲਾ ਵੱਲੋਂ ਕੀਤੀ ਗਈ ਕਿ ਇਹ ਲਾਸ਼ ਉਸ ਦੇ ਪਤੀ ਬਲਵਿੰਦਰ ਪਾਲ ਵਾਸੀ ਪਿੰਡ ਬਿਲਗਾ ਹਾਲ ਵਾਸੀ ਦੁਬੇਟਾ ਥਾਣਾ ਨੰਗਲ ਦੀ ਹੈ, ਜਿਸ ਤੇ ਨੀਰੂ ਬਾਲਾ ਪਤਨੀ ਮ੍ਰਿਤਕ ਬਲਵਿੰਦਰ ਪਾਲ ਦੇ ਬਿਆਨ ਤੇ ਮੁਕੱਦਮਾ ਨੰਬਰ 140 ਮਿਤੀ 30.07.2026 ਅ/ਧ 103, 238, 3(5) ਬੀਐੱਨਐੱਸ ਥਾਣਾ ਨੰਗਲ ਵਿਖੇ ਮੁਕੱਦਮਾ ਰਜਿਸਟਰ ਦਰਜ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ।
ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਇੰਸਪੈਕਟਰ ਦਾਨਿਸ਼ਵੀਰ ਸਿੰਘ ਮੁੱਖ ਅਫਸਰ ਥਾਣਾ ਨੰਗਲ ਵੱਲੋਂ ਵਿਗਿਆਨਕ ਤਰੀਕੇ ਨਾਲ ਅਤੇ ਸੋਰਸਾਂ ਰਾਹੀਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਅਮੀਤੋਜ ਉਰਫ ਤੋਜੀ ਵਾਸੀ ਨੰਗਲ, ਅਮਰਜੀਤ ਉਰਫ ਜੱਜ ਨੰਗਲ ਅਤੇ ਗੋਰਵ ਉਰਫ ਗੋਰੀ ਵਾਸੀ ਨੰਗਲ ਹਾਲ ਵਾਸੀ ਮਜਾਰਾ ਸ੍ਰੀ ਅੰਨਦਪੁਰ ਸਾਹਿਬ ਨੂੰ ਗ੍ਰਿ੍ਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਬਲਵਿੰਦਰ ਪਾਲ ਜੋ ਕਿ ਭਲਵਾਨੀ ਵੀ ਕਰਦਾ ਸੀ, ਇਨ੍ਹਾਂ ਦੇ ਨਾਲ ਘੁੰਮਦਾ-ਫਿਰਦਾ ਰਹਿੰਦਾ ਸੀ ਅਤੇ ਮੁਲਜ਼ਮ ਅਮਰਜੀਤ ਉਰਫ ਜੱਜ ਸ਼ਰਾਬ ਪੀ ਕੇ ਮ੍ਰਿਤਕ ਬਲਵਿੰਦਰ ਪਾਲ ਨਾਲ ਝਗੜਾ ਕਰ ਲੈਂਦਾ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ। ਇਸੇ ਰੰਜਿਸ਼ ਕਾਰਨ ਮੁਲਜ਼ਮਾਂ ਵੱਲੋਂ ਮ੍ਰਿਤਕ ਬਲਵਿੰਦਰ ਪਾਲ ਨੂੰ ਉਸ ਦਿਨ 28 ਜੁਲਾਈ ਨੂੰ ਜ਼ਿਆਦਾ ਨਸ਼ਾ ਕਰਵਾ ਕੇ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਨਹਿਰ ਦੇ ਪਾਣੀ ਵਿਚ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਅਕਤੀ ਪਹਿਲਾਂ ਵੀ ਚੋਰੀ ਅਤੇ ਨਸ਼ੇ ਦੇ ਮੁਕੱਦਮੇ ਦਰਜ ਹਨ। 31 ਜੁਲਾਈ ਨੂੰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਨ੍ਹਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।