ਗੁਰੂ ਨਗਰੀ ਅਮੀਰ ਵਿਰਾਸਤ, ਸੱਭਿਆਚਾਰ ਤੇ ਅਧਿਆਤਮਿਕਤਾ ਦੀ ਧਰਤੀ ਹੈ : ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੂਪਨਗਰ ਵਿਖੇ ‘ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਭਜਨ ਸੰਧਿਆ ਵਿਚ ਸ਼ਿਰਕਤ ਕੀਤੀ
Publish Date: Thu, 30 Jul 2026 04:15 PM (IST)
Updated Date: Thu, 30 Jul 2026 04:16 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਰਗਣ, ਰੂਪਨਗਰ : ਸਰਕਾਰੀ ਕਾਲਜ ਦੇ ਮੈਦਾਨ ਵਿਚ ਸਰਕਾਰ ਵੱਲੋਂ ‘ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਦੇ ਵਿਸ਼ਾਲ ਭਜਨ ਸੰਧਿਆ ਕਰਵਾਈ ਗਈ ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਕਰਤ ਕੀਤੀ। ਇਸ ਦੌਰਾਨ ਪੂਰੇ ਪੰਡਾਲ ਵਿਚ “ਹਰਿ ਹਰਿ ਮਹਾਦੇਵ” ਦੇ ਜੈਕਾਰੇ ਗੂੰਜ ਉੱਠੇ ਅਤੇ ਮੁੱਖ ਮੰਤਰੀ ਨੇ ਵੀ ਸ਼ਰਧਾਲੂਆਂ ਨਾਲ ਮਿਲ ਕੇ ਜੈਕਾਰੇ ਲਾਏ, ਜਦੋਕਿ ਪ੍ਰਸਿੱਧ ਗਾਇਕ ਹੰਸਰਾਜ ਰਘੂਵੰਸ਼ੀ ਨੇ ਭਗਤੀ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਡਾ ਗੁਰਪ੍ਰੀਤ ਕੌਰ ਨੇ ਵੀ ਸ਼ਮੂਲੀਅਤ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ਧਾਰਮਿਕ ਉਤਸ਼ਾਹ, ਖੁਸ਼ੀ ਅਤੇ ਭਗਤੀ ਨਾਲ ਭਰੇ ਇਸ ਰਾਜ ਪੱਧਰੀ ਸਮਾਗਮ ਵਿਚ ਹਿੱਸਾ ਲੈਣਾ ਮੇਰੇ ਲਈ ਬਹੁਤ ਗੌਰਵ ਅਤੇ ਸੰਤੁਸ਼ਟੀ ਦੀ ਗੱਲ ਹੈ। ਸੂਬਾ ਸਰਕਾਰ ਨੇ ਇਸ ਵੱਡੇ ਸਮਾਗਮ ਲਈ ਇਸ ਪਵਿੱਤਰ ਧਰਤੀ ਨੂੰ ਚੁਣਿਆ ਹੈ ਕਿਉਂਕਿ ਇਹ ਅਮੀਰ ਵਿਰਾਸਤ, ਸੱਭਿਆਚਾਰ ਅਤੇ ਅਧਿਆਤਮਿਕਤਾ ਦੀ ਧਰਤੀ ਹੈ। ਇੱਥੇ ਇਸ ਪਵਿੱਤਰ ਦਿਹਾੜੇ ਨੂੰ ਮਨਾਉਣਾ ਸਾਡੀਆਂ ਸੱਭਿਆਚਾਰਕ ਅਤੇ ਧਾਰਮਿਕ ਜੜ੍ਹਾਂ ਪ੍ਰਤੀ ਸਾਡੇ ਡੂੰਘੇ ਸਤਿਕਾਰ ਨੂੰ ਦਰਸਾਉਂਦਾ ਹੈ। ਆਪਣੀ ਸਰਕਾਰ ਦੀ ਸਮਾਜਿਕ ਸਦਭਾਵਨਾ ਪ੍ਰਤੀ ਵਚਨਬੱਧਤਾ ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ, ਸਾਡੀ ਸਰਕਾਰ ਸੂਬੇ ਵਿਚ ਸ਼ਾਂਤੀ, ਧਾਰਮਿਕ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਅਸੀਂ ਮਹਾਨ ਗੁਰੂਆਂ, ਸੰਤਾਂ, ਮਹਾਤਮਾਵਾਂ ਅਤੇ ਪੈਗੰਬਰਾਂ ਦੁਆਰਾ ਦਿਖਾਏ ਸੱਚ ਦੇ ਮਾਰਗ ਤੇ ਚੱਲ ਰਹੇ ਹਾਂ। ਸਾਡਾ ਧਿਆਨ ਪੰਜਾਬ ਦੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਅਤੇ ਹੁਨਰ ਰਾਹੀਂ ਸਮਰੱਥ ਬਣਾਉਣ ਤੇ ਹੈ ਤਾਂ ਜੋ ਉਹ ਰੌਸ਼ਨ ਭਵਿੱਖ ਦਾ ਨਿਰਮਾਣ ਕਰ ਸਕਣ। ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਦੀ ਮਹਾਨ ਵਿਰਾਸਤ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ, ਸਾਡੇ ਮਹਾਨ ਗੁਰੂਆਂ ਨੇ ਸਾਨੂੰ ਧਾਰਮਿਕ ਸਦਭਾਵਨਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਮਾਰਗ ਦਿਖਾਇਆ ਹੈ ਅਤੇ ਪੰਜਾਬੀ ਸਾਰੇ ਤਿਉਹਾਰ ਮਿਲ ਕੇ ਮਨਾਉਂਦੇ ਹਨ। ਭਗਵਾਨ ਸ਼ਿਵ ਦਇਆ ਅਤੇ ਕਰੁਣਾ ਦੇ ਭਗਵਾਨ ਹਨ, ਜੋ ਸ਼ਰਧਾਲੂਆਂ ਦੀ ਕਾਮ, ਕ੍ਰੋਧ, ਲੋਭ ਵਰਗੀਆਂ ਅਲਾਮਤਾਂ ਤੋਂ ਰਾਖੀ ਕਰਦੇ ਹਨ। ਭੋਲੇ ਬਾਬਾ ਆਪਣੇ ਭਗਤਾਂ ਤੇ ਮਿਹਰ, ਬੁੱਧੀ ਅਤੇ ਵਰਦਾਨ ਦੀ ਬਖਸ਼ਿਸ਼ ਕਰਦੇ ਹਨ। ਅਜਿਹੇ ਸਮਾਗਮਾਂ ਨੂੰ ਪਰੰਪਰਾਗਤ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਆਪਸੀ ਭਾਈਚਾਰਕ ਸਾਂਝ, ਦਇਆ ਅਤੇ ਭਾਵਨਾ ਨੂੰ ਵਧਾਉਂਦੇ ਹਨ, ਨਾਲ ਹੀ ਖੁਸ਼ਹਾਲੀ ਲਿਆਉਂਦੇ ਹਨ। ਵੰਡਪਾਊ ਅਤੇ ਫਿਰਕੂ ਏਜੰਡਿਆਂ ਨੂੰ ਨਕਾਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਅਸੀਂ ਰੰਗਲਾ ਪੰਜਾਬ ਬਣਾ ਸਕੀਏ ਅਤੇ ਸੂਬੇ ਦੀ ਤਰੱਕੀ ਨੂੰ ਤੇਜ਼ ਕਰ ਸਕੀਏ। ਆਓ, ਅੱਜ ਅਸੀਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ, ਪੱਛੜੇ ਵਰਗਾਂ ਦਾ ਸਹਾਰਾ ਬਣਨ ਅਤੇ ਖੁਸ਼ਹਾਲ ਅਤੇ ਨਸ਼ਾ ਮੁਕਤ ਪੰਜਾਬ ਲਈ ਮਿਲ ਕੇ ਕੰਮ ਕਰਨ ਦਾ ਪ੍ਰਣ ਲਈਏ। ਸੂਬਾ ਪੱਧਰੀ ਸਮਾਗਮ ਵਿਚ ਬੇਮਿਸਾਲ ਇਕੱਠ ਦੇਖਣ ਨੂੰ ਮਿਲਿਆ, ਜਿਸ ਵਿਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਇਸ ਸਮਾਗਮ ਵਿਚ ਹਿੱਸਾ ਲੈਣ ਲਈ ਸਮਾਜ ਦੇ ਹਰ ਵਰਗ ਦੇ ਲੋਕ ਇਕੱਠੇ ਹੋਏ। ਸੰਗਤਾਂ ਭਗਵਾਨ ਸ਼ਿਵ ਅਤੇ ਭਗਵਾਨ ਪਰਸ਼ੂਰਾਮ ਜੀ ਦੀ ਮਹਿਮਾ ਵਿਚ ਲੀਨ ਹੋ ਗਈਆਂ। ਇਸ ਮੌਕੇ ਤੇ ਸੈਰ ਸਪਾਟਾਂ ਤੇ ਸਭਿਆਚਾਰਕ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ,ਹਲਕਾ ਵਿਧਾਇਕ ਦਿਨੇਸ਼ ਚੱਢਾ,ਹਲਕਾ ਵਿਧਾਇਕ ਸ੍ਰੀ ਚਮਕੌਰ ਸਾਹਿਬ ਡਾ ਚਰਨਜੀਤ ਸਿੰਘ ਆਦਿ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਹਾਜਰ ਸਨ।