ਵਿਸ਼ਵ ਓਆਰਐੱਸ ਦਿਵਸ ਮੌਕੇ ਕਰਵਾਇਆ ਜਾਗਰੂਕਤਾ ਸਮਾਗਮ ਵਿਸ਼ਵ ਓਆਰਐੱਸ ਦਿਵਸ ਮੌਕੇ ਜ਼ਿਲ੍ਹਾ ਹਸਪਤਾਲ ਵਿਖੇ ਜਾਗਰੂਕਤਾ ਸਮਾਗਮ ਆਯ
Publish Date: Wed, 29 Jul 2026 05:07 PM (IST)
Updated Date: Wed, 29 Jul 2026 05:10 PM (IST)
ਦਸਤਾਂ ਤੋਂ ਬਚਾਅ ਲਈ ਓਆਰਐੱਸ ਅਤੇ ਜ਼ਿੰਕ ਦੀ ਸਮੇਂ ਸਿਰ ਵਰਤੋਂ ਕਰਨ ਦੀ ਅਪੀਲ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹਾ ਹਸਪਤਾਲ ਰੂਪਨਗਰ ’ਚ ਵਿਸ਼ਵ ਓਆਰਐੱਸ ਦਿਵਸ ਮੌਕੇ ਲੋਕਾਂ ਨੂੰ ਦਸਤਾਂ ਤੋਂ ਬਚਾਅ ਤੇ ਓਆਰਐੱਸ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਹਸਪਤਾਲ ’ਚ ਆਏ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਸਤਾਂ ਦੀ ਰੋਕਥਾਮ, ਸਹੀ ਇਲਾਜ ਤੇ ਓਆਰਐੱਸ ਦੇ ਸਹੀ ਇਸਤੇਮਾਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ.ਗੁਰਸੇਵਕ ਸਿੰਘ ਨੇ ਦੱਸਿਆ ਕਿ ਦਸਤ ਛੋਟੇ ਬੱਚਿਆਂ ’ਚ ਬਿਮਾਰੀ ਤੇ ਮੌਤ ਦੇ ਪ੍ਰਮੁੱਖ ਕਾਰਨਾਂ ’ਚੋਂ ਇੱਕ ਹਨ। ਉਨ੍ਹਾਂ ਦੱਸਿਆ ਕਿ ਸਮੇਂ ਸਿਰ ਓਆਰਐੱਸ ਦਾ ਘੋਲ ਤੇ ਜ਼ਿੰਕ ਦੀਆਂ ਗੋਲੀਆਂ ਦੇਣ ਨਾਲ ਜ਼ਿਆਦਾਤਰ ਗੰਭੀਰ ਸਥਿਤੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦਸਤ ਲੱਗਣ ਕਾਰਨ ਸਰੀਰ ’ਚ ਪਾਣੀ ਤੇ ਲੂਣਾਂ ਦੀ ਕਮੀ ਹੋ ਜਾਂਦੀ ਹੈ, ਜਿਸ ਦੀ ਪੂਰਤੀ ਲਈ ਓਆਰਐੱਸ ਦਾ ਘੋਲ ਬਹੁਤ ਪ੍ਰਭਾਵਸ਼ਾਲੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦਸਤ ਹੋਣ ਦੀ ਸਥਿਤੀ ’ਚ ਘਬਰਾਉਣ ਦੀ ਬਜਾਏ ਤੁਰੰਤ ਓਆਰਐੱਸ ਦਾ ਘੋਲ ਦੇਣਾ ਸ਼ੁਰੂ ਕੀਤਾ ਜਾਵੇ ਤੇ ਲੋੜ ਪੈਣ ’ਤੇ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਓਆਰਐੱਸ ਦਾ ਘੋਲ ਹਮੇਸ਼ਾ ਸਾਫ਼ ਤੇ ਉਬਾਲ ਕੇ ਠੰਢੇ ਕੀਤੇ ਪਾਣੀ ਨਾਲ ਹੀ ਤਿਆਰ ਕਰਨਾ ਚਾਹੀਦਾ ਹੈ। ਓਆਰਐੱਸ ਦਾ ਇੱਕ ਪੈਕੇਟ ਇੱਕ ਲੀਟਰ ਪਾਣੀ ’ਚ ਘੋਲ ਕੇ 24 ਘੰਟਿਆਂ ਦੇ ਅੰਦਰ ਵਰਤ ਲੈਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦਸਤਾਂ ਦੌਰਾਨ ਬੱਚੇ ਨੂੰ ਮਾਂ ਦਾ ਦੁੱਧ ਤੇ ਆਮ ਖੁਰਾਕ ਜਾਰੀ ਰੱਖਣੀ ਚਾਹੀਦੀ ਹੈ ਕਿਉਂਕਿ ਖੁਰਾਕ ਬੰਦ ਕਰਨਾ ਬੱਚੇ ਦੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਉਨ੍ਹਾਂ ਸਫ਼ਾਈ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ, ਸਾਫ਼ ਤੇ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਵਰਤੋਂ ਕਰਨੀ, ਭੋਜਨ ਨੂੰ ਢੱਕ ਕੇ ਰੱਖਣਾ ਤੇ ਆਲੇ-ਦੁਆਲੇ ਦੀ ਸਫ਼ਾਈ ਬਣਾਈ ਰੱਖਣਾ ਦਸਤਾਂ ਤੋਂ ਬਚਾਅ ਲਈ ਬਹੁਤ ਜ਼ਰੂਰੀ ਹੈ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਮੀਤ ਕੌਰ, ਰਵਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਰਿਤੂ, ਜ਼ਿਲ੍ਹਾ ਬੀਸੀਸੀ ਕੋ-ਆਰਡੀਨੇਟਰ ਸੁਖਜੀਤ ਕੰਬੋਜ ਅਤੇ ਹਸਪਤਾਲ ਦਾ ਸਟਾਫ਼ ਵੀ ਹਾਜ਼ਰ ਸੀ।