2 ਸਾਲ ਪਹਿਲਾਂ ਬਣੀ ਲਿੰਕ ਸੜਕ ਦੀ ਹਾਲਤ ਖ਼ਰਾਬ, ਲੰਘਣਾ ਮੁਸ਼ਕਲ ਖੇੜੀ ਸਲਾਬਤਪੁਰ ਦੀ ਕਰੀਬ 2 ਸਾਲ ਪਹਿਲਾਂ ਬਣੀ ਲਿੰਕ ਸੜਕ ’ਤੇ ਪਏ ਖੱਡੇ
Publish Date: Wed, 29 Jul 2026 04:40 PM (IST)
Updated Date: Wed, 29 Jul 2026 04:43 PM (IST)
ਪੰਜਾਬੀ ਜਾਗਰਣ ਟੀਮ, ਬੇਲਾ/ਸ੍ਰੀ ਚਮਕੌਰ ਸਾਹਿਬ : ਨਜ਼ਦੀਕੀ ਪਿੰਡ ਖੇੜੀ ਸਲਾਬਤਪੁਰ ਨੂੰ ਪਿੰਡ ਭੋਜੇਮਾਜਰਾ ਤੋਂ ਜਾਂਦੀ ਲਿੰਕ ਸੜਕ ਜਿਸ ਨੂੰ ਬਣੇ ਅਜੇ 2 ਕੁ ਸਾਲ ਵੀ ਨਹੀਂ ਹੋਏ ਤੇ ਟੁੱਟਣ ਕਾਰਨ ਥਾਂ-ਥਾਂ ਟੋਏ ਪੈ ਚੁੱਕੇ ਹਨ। ਇਸ ਇਲਾਕਾ ਵਾਸੀਆਂ ’ਚ ਸਬੰਧਿਤ ਠੇਕੇਦਾਰ ਤੇ ਪ੍ਰਸ਼ਾਸਨ ਪ੍ਰਤੀ ਗਹਿਰਾ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਹਾਕਮ ਸਿੰਘ, ਲੰਬੜਦਾਰ ਅਮਰਜੀਤ ਸਿੰਘ, ਚੇਅਰਮੈਨ ਪਰਮਜੀਤ ਸਿੰਘ, ਰਿਟਾਇਰਡ ਬੀਡੀਪੀਓ ਚਰਨਜੀਤ ਸਿੰਘ, ਮਾ.ਹਰਪਾਲ ਸਿੰਘ, ਮਾ.ਗੁਰਿੰਦਰਪਾਲ ਸਿੰਘ, ਪੰਚ ਭੁਪਿੰਦਰ ਸਿੰਘ ਆਦਿ ਇਲਾਕਾ ਵਾਸੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਕਤ ਸੜਕ ਬਣਨ ਤੋਂ ਕੁੱਝ ਸਮੇਂ ਬਾਅਦ ਹੀ ਟੁੱਟਣੀ ਸ਼ੁਰੂ ਹੋ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਉਹ ਮੌਜੂਦਾ ਵਿਧਾਇਕ ਡਾ.ਚਰਨਜੀਤ ਸਿੰਘ ਨੂੰ ਵੀ ਮਿਲੇ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਚੀਫ ਸੈਕੇਟਰੀ ਨੂੰ ਸੜਕ ਟੁੱਟਣ ਦੇ ਸਬੰਧ ’ਚ ਸ਼ਿਕਾਇਤ ਲਈ ਮਿਲੇ ਤੇ ਉਨ੍ਹਾਂ ਦੇ ਧਿਆਨ ’ਚ ਸਾਰਾ ਮਾਮਲਾ ਲਿਆਂਦਾ ਗਿਆ ਪ੍ਰੰਤੂ ਫਿਰ ਵੀ ਕੁੱਝ ਪੱਲੇ ਨਹੀਂ ਪਿਆ। ਉਨ੍ਹਾਂ ਕਿਹਾ ਕਿ ਸੜਕ ਨਿਰਮਾਣ ਦੌਰਾਨ ਵਰਤੀ ਗਈ ਲਾਪਰਵਾਹੀ ਦੇ ਕਾਰਨ ਸੜਕ ਦੇ ਨਿਰਮਾਣ ਤੋਂ ਕੁੱਝ ਸਮੇਂ ਬਾਅਦ ਹੀ ਕਾਫੀ ਥਾਵਾਂ ਉੱਤੇ ਖੱਡੇ ਪੈ ਗਏ। ਇਸ ਦੇ ਕਾਰਨ ਇਲਾਕਾ ਵਾਸੀਆਂ ਤੇ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸੜਕ ’ਚ ਵੱਡੇ ਪੱਧਰ ਉੱਤੇ ਡੂੰਘੇ ਖੱਡੇ ਪੈ ਗਏ ਹਨ, ਜਿਨ੍ਹਾਂ ’ਚੋਂ ਲੰਘਣਾ ਵੀ ਕਾਫੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੜਕ ਉੱਤੇ ਪਏ ਡੂੰਘੇ ਖੱਡਿਆਂ ਦੇ ਕਾਰਨ ਉਨ੍ਹਾਂ ਦੇ ਵਾਹਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਰੋਸ ਜਤਾਉਂਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੀਆਂ 2027 ਦੀਆਂ ਚੋਣਾਂ ’ਚ ਇਸ ਦਾ ਖਾਮਿਆਜਾ ਭੁਗਤਣ ਲਈ ਸਰਕਾਰ ਤਿਆਰ ਰਹੇ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਇਸ ਸੜਕ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਤੋਂ ਨਿਜਾਤ ਮਿਲ ਸਕੇ।