- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੀਸ਼ ਸਿਸੋਦੀਆ ਵੱਲੋਂ ਮੁਫਤ ਕੋਚਿੰਗ ਲਈ ਰੂਪਨਗਰ ਆਈਏਐੱਸ ਅਕੈਡਮੀ ਦਾ ਉ

-ਕਿਹਾ, ਚੰਗੀ ਸਿੱਖਿਆ ਹਰ ਵਿਦਿਆਰਥੀ ਦਾ ਮੁੱਢਲਾ ਅਧਿਕਾਰ; ਯੂਪੀਐੱਸਈ ਤੇ ਹੋਰ ਪ੍ਰੀਖਿਆਵਾਂ ਲਈ ਮਿਲੇਗੀ ਮੁਫ਼ਤ ਕੋਚਿੰਗ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ :
ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਸਰਕਾਰੀ ਬਹੁਤਕਨੀਕੀ ਕਾਲਜ, ਰੂਪਨਗਰ ਵਿਖੇ ਪ੍ਰਸ਼ਾਸਕੀ ਸੇਵਾਵਾਂ ਨਾਲ ਸਬੰਧਤ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਮੁਫ਼ਤ ਤਿਆਰੀ ਲਈ ਸਥਾਪਿਤ ਰੂਪਨਗਰ ਆਈਏਐੱਸ ਅਕੈਡਮੀ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੀ ਮੌਜੂਦ ਸਨ।
ਸਿਸੋਦੀਆ ਨੇ ਕਿਹਾ ਕਿ ਗੁਣਵੱਤਾ ਭਰੀ ਸਿੱਖਿਆ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਉੱਚ ਪੱਧਰੀ ਕੋਚਿੰਗ ਹਾਸਲ ਕਰਨਾ ਹਰ ਵਿਦਿਆਰਥੀ ਦਾ ਮੁੱਢਲਾ ਹੱਕ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਆਈਏਐੱਸ, ਆਈਪੀਐੱਸ, ਪੀਸੀਐੱਸ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਵੱਡੇ ਸ਼ਹਿਰਾਂ ਦਾ ਰੁਖ ਕਰਨਾ ਪੈਂਦਾ ਸੀ, ਜਿਸ ਨਾਲ ਪਰਿਵਾਰਾਂ 'ਤੇ ਵਾਧੂ ਆਰਥਿਕ ਬੋਝ ਪੈਂਦਾ ਸੀ। ਰੂਪਨਗਰ ਆਈਏਐੱਸ ਅਕੈਡਮੀ ਨਾਲ ਜ਼ਿਲ੍ਹੇ ਅਤੇ ਆਸ-ਪਾਸ ਦੇ ਨੌਜਵਾਨਾਂ ਨੂੰ ਆਪਣੇ ਹੀ ਸ਼ਹਿਰ ਵਿੱਚ ਮਿਆਰੀ ਕੋਚਿੰਗ, ਤਜਰਬੇਕਾਰ ਫੈਕਲਟੀ, ਆਧੁਨਿਕ ਅਧਿਐਨ ਸਮੱਗਰੀ, ਨਿਯਮਤ ਟੈਸਟ ਸੀਰੀਜ਼ ਤੇ ਮੁਕਾਬਲੇ ਵਾਲਾ ਮਾਹੌਲ ਮਿਲੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਨਿਰੰਤਰ ਮਿਹਨਤ, ਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਨਾਲ ਆਪਣੇ ਟੀਚੇ ਹਾਸਲ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਅਕੈਡਮੀ ਦੀਆਂ ਸਹੂਲਤਾਂ ਦਾ ਪੂਰਾ ਲਾਭ ਚੁੱਕਿਆ ਜਾਵੇ।
-ਜ਼ਿਲ੍ਹੇ ਦੇ ਨੌਜਵਾਨਾਂ ਲਈ ਮੀਲ ਪੱਥਰ ਸਾਬਤ ਹੋਵੇਗੀ ਅਕੈਡਮੀ : ਚੱਢਾ
ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਇਹ ਅਕੈਡਮੀ ਆਰਥਿਕ ਤੌਰ 'ਤੇ ਕਮਜ਼ੋਰ ਪਰ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਲਈ ਵੱਡਾ ਮੌਕਾ ਸਾਬਤ ਹੋਵੇਗੀ। ਪੰਜਾਬ ਸਰਕਾਰ ਦਾ ਮਕਸਦ ਹਰ ਵਰਗ ਦੇ ਨੌਜਵਾਨ ਨੂੰ ਗੁਣਵੱਤਾ ਭਰੀ ਸਿੱਖਿਆ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਬਰਾਬਰ ਦੇ ਮੌਕੇ ਮੁਹੱਈਆ ਕਰਵਾਉਣਾ ਹੈ।
-ਆਨਲਾਈਨ ਕਲਾਸਾਂ ਦੀ ਵੀ ਹੋਵੇਗੀ ਸਹੂਲਤ
ਅਭਿਸ਼ੇਕ ਐਜੂਕੇਸ਼ਨਲ ਸਰਵਿਸਿਜ਼ ਦੇ ਐੱਮਡੀ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਅਕੈਡਮੀ ਵਿੱਚ ਯੂਪੀਐੱਸਈ ਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮਾਹਰ ਅਧਿਆਪਕਾਂ ਵੱਲੋਂ ਕੋਚਿੰਗ ਦਿੱਤੀ ਜਾਵੇਗੀ। ਦੂਰ-ਦੁਰਾਡੇ ਅਤੇ ਨੌਕਰੀਪੇਸ਼ਾ ਵਿਦਿਆਰਥੀਆਂ ਦੀ ਸਹੂਲਤ ਲਈ ਆਨਲਾਈਨ ਕਲਾਸਾਂ ਵੀ ਚਲਾਈਆਂ ਜਾਣਗੀਆਂ। ਸਮਾਗਮ ਦੌਰਾਨ ਇੰਦਰਜੀਤ ਸਿੰਘ ਬਾਲਾ ਨੇ ਮਨੀਸ਼ ਸਿਸੋਦੀਆ ਨੂੰ ਉਨ੍ਹਾਂ ਦੀ ਪੇਂਟਿੰਗ ਭੇਟ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ, ਐੱਸਪੀ ਅਰਵਿੰਦ ਮੀਨਾ, ਪ੍ਰਿੰਸੀਪਲ ਡਾ. ਨਵਨੀਤ ਵਾਲੀਆ ਸਮੇਤ ਵੱਡੀ ਗਿਣਤੀ ’ਚ ਅਧਿਕਾਰੀ, ਅਧਿਆਪਕ, ਵਿਦਿਆਰਥੀ ਤੇ ਪਤਵੰਤੇ ਹਾਜ਼ਰ ਸਨ।