ਪ੍ਰਸ਼ਾਸ਼ਨ ਵੱਲੋਂ ਤੜਕੇ ਸ਼ੁਰੂ ਕੀਤੀ ਸਫਾਈ ਮੁਹਿੰਮ ਨੂੰ ਮੌਕੇ ’ਤੇ ਪਹੁੰਚੇ ਸਫਾਈ ਕਰਮਚਾਰੀਆ ਨੇ ਕਰਵਾਇਆ ਬੰਦ ਪ੍ਰਸ਼ਾਸ਼ਨ ਵੱਲੋਂ ਤੜਕੇ ਸ਼ੁਰੂ ਕੀਤੀ ਸਫਾਈ ਮੁਹਿੰਮ ਨੂੰ ਮੌਕੇ ਤੇ ਪਹੁੰਚ ਕੇ ਸਫਾਈ ਕਰਮਚਾਰੀਆ ਨੇ ਕਰਵਾਇਆ ਬੰਦ
Publish Date: Wed, 22 Jul 2026 05:27 PM (IST)
Updated Date: Wed, 22 Jul 2026 05:28 PM (IST)
ਗੁੱਸੇ ਵਿਚ ਆਏ ਸਫਾਈ ਕਰਮਚਾਰੀਆਂ ਨੇ ਨਗਰ ਕੌਂਸਲ ਪ੍ਰਧਾਨ ਰਾਜੂ ਸਤਿਆਲ ਦਾ ਪੁਤਲਾ ਫੂਕਿਆ ਲਖਵੀਰ ਖਾਬੜਾ,ਪੰਜਾਬੀ ਜਾਗਰਣ ਰੂਪਨਗਰ : ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸ਼ਹਿਰ ਵਿਚ ਸਫਾਈ ਪ੍ਰੰਬਧਾਂ ਨੂੰ ਯਕੀਨੀ ਬਨਾਉਣ ਲਈ ਬੁੱਧਵਾਰ ਤੜਕੇ 5 ਵਜ਼ੇ ਦੇ ਕਰੀਬ ਚਲਾਈ ਸਫਾਈ ਮੁਹਿੰਮ ਨੂੰ ਸਫਾਈ ਸੇਵਕਾਂ ਨੇ ਮੌਕੇ ‘ਤੇ ਪਹੁੰਚ ਕੇ ਬੰਦ ਕਰਵਾ ਦਿੱਤੀ ਅਤੇ ਮਾਹੌਲ ਤਣਾਅ ਪੂਰਨ ਬਣ ਗਿਆ। ਸਫਾਈ ਸੇਵਕ ਯੂਨੀਅਨ ਰੂਪਨਗਰ ਨੇ ਚਿਤਵਾਨੀ ਦਿੱਤੀ ਕਿ ਜੇਕਰ ਪ੍ਰਸ਼ਾਸ਼ਨ ਸਾਡੀ ਹੜਤਾਲ ਨੂੰ ਤਾਰਪੀਂਡੋ ਕਰਨ ਦੀ ਕੋਸ਼ਿਸ਼ ਕਰੇਗਾਂ ਤਾਂ ਅਸੀ ਵਿਧਾਇਕ ਤੇ ਕੌਸਲਰਾਂ ,ਈਓ ਦੇ ਘਰ ਅੱਗੇ ਕੂੜੇ ਦੇ ਢੇਰ ਲਗਾਉਣ ਲਈ ਮਜਬੂਰ ਹੋ ਜਾਵਾਂਗੇ। ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਸੈਨਟਰੀ ਇਸਪੈਕਟਰ ਨੂੰ ਕੱਢੇ ਗਏ ਪੱਤਰ ਵਿਚ ਲਿਖਿਆ ਗਿਆ ਕਿ ਮਿਉਂਸਪਲ ਐਕਟ, 1911 ਦੀ ਧਾਰਾ 233 ਅਤੇ 234 ਨੂੰ ਨਗਰ ਕੌਸਲਾਂ ਲਾਗੂ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਸਫਾਈ ਲਈ ਬਦਲਵੇਂ ਐਮਰਜੈਂਸੀ ਉਪਾਅ ਕਰਨ ਕਿ ਮਿਉਂਸਪਲ ਕੂੜੇ ਦਾ ਕੰਮ ਪ੍ਰਭਾਵਿਤ ਨਾ ਹੋਵੇ ਅਤੇ ਸ਼ਹਿਰ ਵਿਚ ਸਫਾਈ ਬਰਕਰਾਰ ਬਣ ਸਕੇ। ਉੰੱਧਰ ਸਫਾਈ ਕਰਮਚਾਰੀਆਂ ਵੱਲੋਂ ਆਪਣੀਆ ਹੱਕੀ ਮੰਗਾਂ ਦੀ ਪੂਰਤੀ ਲਈ ਕੀਤੀ ਹੜਤਾਲ ਦੇ 14ਵੇਂ ਦਿਨ ਕਰਮਚਾਰੀਆਂ ਨੇ ਕੌਂਸਲ ਪ੍ਰਧਾਨ ਅਤੇ ਕਾਰਜਸਾਧਕ ਅਫ਼ਸਰ ਦੀ ਸ਼ਹਿ ਤੇ ਸ਼ਹਿਰ ਵਿੱਚੋਂ ਕਾਲਜ ਰੋਡ ‘ਤੇ ਦੋ ਥਾਵਾਂ ਤੋਂ ਕੁੜ੍ਹੇ ਦੇ ਢੇਰ ਚੁਕਾਉਣ ਦੀ ਕੀਤੀ ਕਾਰਵਾਈ ਦੇ ਰੋਸ ਵਿਚ ਪੁਲ ਬਾਜ਼ਾਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੌਸਲ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਦਾ ਦਾ ਪੁਤਲਾ ਫੂਕਿਆ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤੇ ਯੂਨੀਅਨ ਦੇ ਪ੍ਰਧਾਨ ਅਜੇ ਕੁਮਾਰ ਨੇ ਕਿਹਾ ਕਿ ਸਾਡੀ ਹੜਤਾਲ ਨੂੰ ਤਾਰਪੀਂਡੋ ਕਰਨ ਲਈ ਕੌਂਸਲ ਪ੍ਰਧਾਨ ਰਾਜੂ ਸਤਿਆਲ ਅਤੇ ਕਾਰਜ ਸਾਧਕ ਅਫਸਰ ਅਸ਼ੋਕ ਕੁਮਾਰ ਜਿਲਾ ਪ੍ਰਸ਼ਾਸਨ ਦੀ ਇਸ਼ਾਰੇ ਤੇ ਇਹ ਕਾਰਵਾਈ ਕੀਤੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪ੍ਰੰਤੂ ਅਸੀਂ ਪਤਾ ਲੱਗਣ ਤੇ ਕਾਰਵਾਈ ਨੂੰ ਰਕਵਾ ਦਿੱਤਾ ਹੈ। ਉਨ੍ਹਾਂ ਕਿਹਾਕਿ ਅਸੀ ਆਪਣੇ ਹੱਕਾਂ ਦੀ ਲੜਾਈ ਲੜ੍ਹ ਰਹੇ ਹਾਂ ਸਾਡੀਆ ਮੰਗਾਂ ਨੂੰ ਸਰਕਾਰ ਪੂਰਾ ਕਰ ਦੇਵੇ ਅਸੀ ਤੁਰੰਤ ਹੜਤਾਲ ਖਤਮ ਕਰਕੇ ਸਫਾਈ ਕਰ ਦਿਆਂਗੇ। ਉਨ੍ਹਾਂ ਕਿਹਾਕਿ ਦੁੱਖ ਇਸ ਗੱਲ ਦਾ ਹੈ ਕਿ ਸਰਕਾਰ ਸਾਨੂੰ ਸਾਡੇ ਹੱਕ ਦੇਣ ਦੀ ਬਜਾਏ ਸਾਡੇ ਸੰਘਰਸ਼ ਨੂੰ ਅਸਫਲ ਬਨਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾਕਿ ਸ਼ਹਿਰ ਸਾਡਾ ਹੈ ਅਸੀ ਵੀ ਸਾਰੇ ਇਸੇ ਸ਼ਹਿਰ ਦੇ ਵਾਸੀ ਹਾਂ ਕੂੜੇ ਦੇ ਢੇਰਾਂ ਦੀ ਬਦਬੂ ਸਾਡੇ ਘਰਾਂ ਨੂੰ ਜਾਂਦੀ ਹੈ ਪ੍ਰੰਤੂ ਸਾਨੂੰ ਸਰਕਾਰ ਨੇ ਹੜਤਾਲ ਕਰਨ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾਕਿ ਅੱਜ ਪੂਰੇ ਪੰਜਾਬ ਵਿਚ ਇਸੇ ਤਰਾਂ ਦੀਆ ਕਾਰਵਾਈਆ ਪ੍ਰਸ਼ਾਸ਼ਨ ਵੱਲੋਂ ਕੀਤੀਆਂ ਗਈਆ ਹਨ ਜਿਸ ਦੇ ਲਈ ਯੂਨੀਅਨ ਦੇ ਸੂਬਾ ਆਗੂ ਜੋ ਵੀ ਸੱਦਾ ਦੇਣਗੇ ਉਸ ਦੀ ਪਾਲਣਾ ਕਰਾਂਗੇ। ਉੱਧਰ ਥਾਣਾ ਸਿਟੀ ਦੇ ਇੰਚਾਰਜ਼ ਪਵਨ ਚੌਧਰੀ ਨੇ ਟੀਮ ਸਮੇਤ ਪੁਹੰਚ ਕੇ ਮਾਹੌਲ ਨੂੰ ਸ਼ਾਂਤ ਕੀਤਾ। ਕੂੜੇ ਕਾਰਨ ਬਿਮਾਰੀਆਂ ਫੈਲਣ ਦਾ ਡਰ : ਏਡੀਸੀ ਵਧੀਕ ਡਿਪਟੀ ਕਮਿਸ਼ਨਰ ਅੰਕਸ਼ਿਤਾ ਗੁਪਤਾ ਨੇ ਕਿਹਾਕਿ ਡਿਪਟੀ ਕਮਿਸ਼ਨਰ ਰੂਪਨਗਰ ਦੇ ਹੁਕਮ ਹਨ ਕਿ ਸ਼ਹਿਰ ਵਿਚ ਸਫਾਈ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ ਕਿਉਕਿ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਸ਼ਹਿਰ ਵਿਚ ਕੂੜੇ ਦੇ ਢੇਰਾਂ ਕਾਰਨ ਭਿਆਨਕ ਬਿਮਾਰੀਆ ਫੈਲਣ ਦਾ ਡਰ ਹੈ ਇਸ ਲਈ ਐਮਰਜੈਸੀ ਹਲਾਤਾਂ ਨੂੰ ਦੇਖਦੇ ਹੋਏ ਅਸੀ ਬਾਹਰੋ ਮਸ਼ੀਨਾਂ ਹਾਇਰ ਕਰਕੇ ਸਫਾਈ ਕਰਵਾ ਰਹੇ ਹਾਂ ਤਾਂ ਕਿ ਸਫਾਈ ਵਿਵਸਥਾ ਬਣੀ ਰਹੇ।