ਆਪ ਤੇ ਕਾਂਗਰਸ ਤੋਂ ਨਿਰਾਸ਼ ਲੋਕਾਂ ਦੀ ਭਾਜਪਾ ‘ਤੇ ਟੇਕ : ਲਾਲਪੁਰਾ ਆਪ ਅਤੇ ਕਾਂਗਰਸ ਤੋਂ ਨਿਰਾਸ਼ ਹੋ ਕੇ ਲੋਕਾਂ ਦੀ ਹੁਣ ਭਾਜਪਾ ‘ਤੇ ਟੇਕ: ਅਜੈਵੀਰ ਲਾਲਪੁਰਾ
Publish Date: Tue, 21 Jul 2026 03:23 PM (IST)
Updated Date: Tue, 21 Jul 2026 03:25 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ : ਭਾਰਤੀ ਜਨਤਾ ਪਾਰਟੀ ਦੇ ਰੂਪਨਗਰ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਭਾਜਪਾ ਦੇ ਸੀਨੀਅਰ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕਰਦਿਆਂ ਸੰਗਠਨ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਬਣਾਉਣ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਹੁਣ ਤੋਂ ਹੀ ਤੇਜ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਵਰਕਰ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਆਉਣ ਵਾਲੀਆਂ ਚੋਣਾਂ ਵਿਚ ਹਰ ਬੂਥ ਤੇ ਮਜ਼ਬੂਤ ਸੰਗਠਨ ਹੀ ਪਾਰਟੀ ਦੀ ਜਿੱਤ ਦਾ ਆਧਾਰ ਬਣੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਜੈਵੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਰਾਜਨੀਤੀ ਤੋਂ ਉੱਪਰ ਉੱਠ ਕੇ ਹੁਣ ਵਿਕਾਸ, ਚੰਗੇ ਸ਼ਾਸਨ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਲੋਕ ਬਦਲਾਅ ਦੀ ਇੱਛਾ ਰੱਖਦੇ ਹਨ ਅਤੇ ਭਾਜਪਾ ਨੂੰ ਇੱਕ ਮਜ਼ਬੂਤ ਵਿਕਲਪ ਵਜੋਂ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਕਈ ਵਾਅਦੇ ਪੂਰੇ ਨਹੀਂ ਕੀਤੇ, ਜਿਸ ਕਾਰਨ ਲੋਕਾਂ ਵਿੱਚ ਨਿਰਾਸ਼ਾ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੀ ਆਪਣੇ ਲੰਬੇ ਕਾਰਜਕਾਲ ਦੌਰਾਨ ਪੰਜਾਬ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਸਥਾਈ ਹੱਲ ਨਹੀਂ ਕਰ ਸਕੀ। ਜ਼ਿਲ੍ਹਾ ਪ੍ਰਧਾਨ ਨੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹਰ ਬੂਥ, ਹਰ ਪਿੰਡ ਅਤੇ ਹਰ ਵਾਰਡ ਤੱਕ ਪਾਰਟੀ ਦੀਆਂ ਨੀਤੀਆਂ, ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਅਤੇ ਸੰਗਠਨ ਦੇ ਸੰਦੇਸ਼ ਨੂੰ ਪਹੁੰਚਾਉਣ ਲਈ ਨਿਰੰਤਰ ਲੋਕ ਸੰਪਰਕ ਮੁਹਿੰਮ ਚਲਾਉਣ। ਉਨ੍ਹਾਂ ਕਿਹਾ ਕਿ ਹਰ ਵਰਕਰ ਘਰ-ਘਰ ਜਾ ਕੇ ਲੋਕਾਂ ਨਾਲ ਸੰਵਾਦ ਸਥਾਪਿਤ ਕਰੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਦਿਆਂ ਪਾਰਟੀ ਨਾਲ ਜੋੜਨ ਲਈ ਯਤਨ ਕਰੇ। ਇਸ ਮੌਕੇ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ, ਰਮਨ ਜਿੰਦਲ, ਮੁਕੇਸ਼ ਗੁਪਤਾ, ਹਰਮਿੰਦਰਪਾਲ ਸਿੰਘ ਆਹਲੂਵਾਲੀਆ, ਭਗਤ ਸਿੰਘ, ਹਿੰਮਤ ਸਿੰਘ ਗਿਰਨ, ਅਸ਼ਵਨੀ ਸ਼ਰਮਾ, ਜੀਵਤ ਜੈਨ, ਰਾਜ ਕੁਮਾਰ, ਰਾਜੀਵ ਕ੍ਰਿਪਲਾਨੀ, ਵਿਕਾਸ ਵਾਲੀਆ, ਸ਼ਿੰਕੂ, ਕਮਲਜੀਤ ਸਿੰਘ, ਜੀਤ ਰਾਮ ਵਰਮਾ, ਪੰਮੀ ਸਦਾਵਰਤ, ਮੋਹਿੰਦਰਪਾਲ ਕਾਜਲਾ, ਰਜੇਸ਼ਵਰ ਸ਼ਰਮਾ, ਅਨਿਲ ਸਿੰਘ, ਵਿਨੋਦ ਭੰਡਾਰੀ, ਚੇਤਨਾ ਵਰਮਾ, ਮੋਨੂੰ ਵਰਮਾ, ਜਗਪਾਲ ਸਿੰਘ ਜੈਕੀ, ਕਰਮ ਸਿੰਘ ਪਪਰਾਲਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ, ਅਹੁਦੇਦਾਰ ਅਤੇ ਵਰਕਰ ਹਾਜ਼ਰ ਰਹੇ।