ਸਰਕਾਰ ਜਦੋਂ ਤੱਕ ਸਾਡੀਆ ਮੰਗਾਂ ਪੂਰੀਆ ਨਹੀ ਕਰੇਗੀ ਸੀਐਚਓ ਸੰਘਰਸ਼ ਕਰਦੇ ਰਹਿਣਗੇ : ਪ੍ਰਧਾਨ ਸਰਕਾਰ ਜਦੋੋਂ ਤੱਕ ਸਾਡੀਆ ਮੰਗਾਂ ਪੂਰੀਆ ਨਹੀ ਕਰੇਗੀ ਸੀਐਚਓ ਸੰਘਰਸ਼ ਕਰਦੇ ਰਹਿਣਗੇ: ਪ੍ਰਧਾਨ
Publish Date: Thu, 16 Jul 2026 04:07 PM (IST)
Updated Date: Thu, 16 Jul 2026 04:10 PM (IST)
ਰੋਸ ਪ੍ਰਗਟਾਵਾ ਰਹੇਗਾ ਜਾਰੀ, ਓਪੀਡੀ ਤੇ ਟੀਬੀ ਤੋਂ ਇਲਾਵਾ ਸਾਰੀਆ ਸੇਵਾਵਾਂ ਬੰਦ ਰੱਖਾਂਗੇ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਹੈਲਥ ਕਮਿਊਨਟੀ ਅਫ਼ਸਰ ਯੂਨੀਅਨ ਪੰਜਾਬ ਦੇ ਸੱਦੇ ‘ਤੇ ਜ਼ਿਲ੍ਹਾ ਇਕਾਈ ਰੂਪਨਗਰ ਵੱਲੋਂ ਆਪਣੀਆ ਲੰਬੇ ਸਮੇਂ ਲਟਕਦੀਆ ਆ ਰਹੀਆ ਮੰਗਾਂ ਦੀ ਪੂਰਤੀ ਲਈ ਵੀਰਵਾਰ ਨੂੰ ਸਿਵਲ ਸਰਜਨ ਦਫਤਰ ਰੂਪਨਗਰ ਦੇ ਸਾਹਮਣੇ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਕਿਹਾਕਿ ਜਦੋਂ ਤੱਕ ਮੰਗਾਂ ਦਾ ਹੱਲ ਨਹੀ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੀਐਚਓ ਹਰਨੀਤ ਕੌਰ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਦੌਰਾਨ ਵਿਭਾਗ ਅਤੇ ਪੰਜਾਬ ਸਰਕਾਰ ਨਾਲ ਕਈ ਦੌਰ ਦੀਆਂ ਮੀਟਿੰਗਾਂ ਹੋਈਆਂ। ਮਿਤੀ 01 ਜੁਲਾਈ 2026 ਨੂੰ ਮਿਸ਼ਨ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਅਤੇ 14 ਜੁਲਾਈ 2026 ਨੂੰ ਮਾਣਯੋਗ ਵਿੱਤ ਮੰਤਰੀ, ਪੰਜਾਬ ਨਾਲ ਹੋਈਆਂ ਮੀਟਿੰਗਾਂ ਵਿਚ ਹੈਲਥ ਕਮਨਿਊਟੀ ਅਫ਼ਸਰਾਂ ਦੀਆਂ ਵਿੱਤੀ ਅਤੇ ਸੇਵਾ ਸਬੰਧੀ ਮੰਗਾਂ ’ਤੇ ਵਿਸਥਾਰਪੂਰਵਕ ਚਰਚਾ ਹੋਈ ਸੀ ਅਤੇ ਉਨ੍ਹਾਂ ਦੇ ਸਮਾਂਬੱਧ ਹੱਲ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਅੱਜ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਸਮੂਹ ਸੀਐਚਓ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾਕਿ ਕਿਹਾ ਕਿ ਸਾਡੀਆ ਮੁੱਖ ਮੰਗਾਂ ਵਿਚ ਕਮਿਊਨਟੀ ਹੈਲਥ ਅਫ਼ਸਰਾਂ ਦਾ ਰੈਗੂਲਰ ਗਰੁੱਪ-ਬੀ ਕੈਡਰ ਸੈਂਕਸ਼ਨ ਕਰਨਾ, ਹੋਰ ਸੂਬਿਆਂ ਦੇ ਮੁਕਾਬਲੇ ਮਿਲ ਰਹੀ 5,000 ਪ੍ਰਤੀ ਮਹੀਨਾ ਘੱਟ ਤਨਖਾਹ ਦੀ ਵਿਸੰਗਤੀ ਦੂਰ ਕਰਕੇ ਬਕਾਇਆ ਜਾਰੀ ਕਰਨਾ, ਸਾਲ 2018 ਤੋਂ ਬੰਦ ਕੀਤਾ ਗਿਆ ਲੌਇਲਟੀ ਬੋਨਸ ਮੁੜ ਜਾਰੀ ਕਰਨਾ, ਸੀਐਚਓ ਦੀ ਤਨਖਾਹ ਅਤੇ ਇੰਸੈਂਟਿਵ ਨੂੰ ਮਰਜ ਕਰਨਾ ਅਤੇ ਨਵੇਂ ਜਾਰੀ ਕੀਤੇ ਗਏ ਗੈਰ-ਵਾਜਬ ਇੰਸੈਂਟਿਵ ਪਰਫਾਰਮੇ ਨੂੰ ਵਾਪਸ ਲੈ ਕੇ ਇਸ ਦੀ ਯੋਗ ਤਰੀਕੇ ਨਾਲ ਸਮੀਖਿਆ ਕਰਨੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਮੰਗਾਂ ਪੂਰੀ ਤਰ੍ਹਾਂ ਜਾਇਜ਼ ਹਨ ਅਤੇ ਵਿਭਾਗ ਵੱਲੋਂ ਵੀ ਇਨ੍ਹਾਂ ’ਤੇ ਸਕਾਰਾਤਮਕ ਰਵੱਈਆ ਅਪਣਾਇਆ ਗਿਆ ਹੈ, ਪਰ ਨੋਟੀਫਿਕੇਸ਼ਨ ਜਾਰੀ ਕਰਨ ਵਿਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰ ਵਾਰ ਭਰੋਸੇ ਤਾਂ ਦਿੱਤੇ ਜਾਂਦੇ ਹਨ ਪਰ ਉਨ੍ਹਾਂ ਨੂੰ ਅਮਲੀ ਰੂਪ ਨਹੀਂ ਦਿੱਤਾ ਜਾਂਦਾ। ਹੁਣ ਸੀਐਚਓ ਸਿਰਫ਼ ਭਰੋਸਿਆਂ ਨਾਲ ਸੰਤੁਸ਼ਟ ਨਹੀਂ ਹੋਣਗੇ, ਸਗੋਂ ਮੰਗਾਂ ਦੇ ਲਿਖਤੀ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਰੋਸ ਪ੍ਰਗਟਾਵਾ ਚੱਲਦਾ ਰਹੇਗਾ ਪ੍ਰਧਾਨ ਹਰਨੀਤ ਕੌਰ ਨੇ ਕਿਹਾਕਿ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸਮੂਹ ਸੀਐਚਓ ਸੂਬਾ ਕਮੇਟੀ ਦੇ ਫੈਸਲੇ ਅਨਸਾਰ ਆਯੁਸ਼ਮਾਨ ਆਰੋਗਿਆ ਕੇਂਦਰਾਂ ਵਿਖੇ ਓਪੀਡੀ ਅਤੇ ਟੀਬੀ ਸਬੰਧੀ ਸੇਵਾਵਾਂ ਨਿਰੰਤਰ ਜਾਰੀ ਰੱਖਣਗੇ, ਜਦਕਿ ਬਾਕੀ ਸਾਰੀਆਂ ਗਤੀਵਿਧੀਆਂ ਸੰਘਰਸ਼ ਦੇ ਹਿੱਸੇ ਵਜੋਂ ਬੰਦ ਰਹਿਣਗੀਆਂ ਅਤੇ ਕਾਲੇ ਬਿੱਲੇ ਲਗਾ ਕੇ ਸੀਐਚਓ ਸਰਕਾਰ ਪ੍ਰਤੀ ਆਪਣਾ ਸ਼ਾਂਤਮਈ ਵਿਰੋਧ ਦਰਜ ਕਰਵਾਉਂਦੇ ਰਹਿਣਗੇ। ਇਸੇ ਤਰਾਂ 20 ਜੁਲਾਈ 2026 ਨੂੰ ਵਿਧਾਇਕਾਂ ਨੂੰ ਵਿੱਤ ਮੰਤਰੀ ਪੰਜਾਬ ਦੇ ਨਾਮ ਮੈਮੋਰੰਡਮ ਸੌਂਪੇ ਜਾਣਗੇ। ਇਸ ਤੋਂ ਬਾਅਦ ਵੀ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 22 ਜੁਲਾਈ 2026 ਨੂੰ ਸੰਗਰੂਰ ਵਿਖੇ ਮਾਣਯੋਗ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਨੇੜੇ ਵਿਸ਼ਾਲ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ।