ਨਸ਼ਾ ਛਡਾਊ ਕੇਂਦਰ ਦੀ ਖੰਡਰ ਇਮਾਰਤ ਦਾ ਹੋਵੇਗਾ ਨਵੀਨੀਕਰਨ, ਪ੍ਰਸ਼ਾਸ਼ਕੀ ਵਿੰਗ ਹੋਣਗੇ ਸ਼ਿਫਟ ਖੰਡਰ ਪਈ ਨਸ਼ਾ ਛਡਾਊ ਕੇਂਦਰ ਦੀ ਇਮਾਰਤ ਦਾ ਹੋਵੇਗਾ ਨਵੀਨੀਕਰਨ,ਹਸਪਤਾਲ ਦੇ ਪ੍ਰਸ਼ਾਸ਼ਕੀ ਵਿੰਗਾਂ ਹੋਣਗੇ ਸ਼ਿਫਟ
Publish Date: Wed, 15 Jul 2026 06:38 PM (IST)
Updated Date: Thu, 16 Jul 2026 04:04 AM (IST)
ਇਮਾਰਤ ਦੇ ਨਵੀਨੀਕਰਨ ਲਈ 3.78 ਕਰੋੜ ਰੁਪਏ ਦੀ ਮਿਲੀ ਮਨਜ਼ੂਰੀ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਪਿੰਡ ਕਟਲੀ ਰੂਪਨਗਰ ਲਿੰਕ ਸੜਕ ‘ਤੇ ਸਿਹਤ ਵਿਭਾਗ ਵੱਲੋਂ ਬਣਾਈ ਗਈ ਨਸ਼ਾ ਛਡਾਊ ਕੇਂਦਰ ਦੀ ਖੰਡਰ ਬਣੀ ਇਮਾਰਤ ਦਾ ਨਵੀਨੀਕਰਨ ਕਰਕੇ ਵਿਭਾਗ ਨੇ ਸਿਵਲ ਹਸਪਤਾਲ ਰੂਪਨਗਰ ਦੇ ਪ੍ਰਸ਼ਾਸ਼ਕੀ ਵਿੰਗਾਂ ਨੂੰ ਸ਼ਿਫਟ ਕਰਨ ਦੀ ਵਿਊਂਤਬੰਦੀ ਕੀਤੀ ਹੈ। ਜਦਕਿ ਆਮ ਰੂਟੀਨ ਦੇ ਕੰਮ ਕਰਵਾਉਣ ਵਾਲੇ ਆਮ ਲੋਕਾਂ ਲਈ ਸਿਵਲ ਹਸਪਤਾਲ ਤੋਂ ਪੈਂਡਾਂ ਲੰਬਾ ਪੈ ਜਾਵੇਗਾ ਕਿਉਕਿ ਕਿ ਇਸ ਨਾਲ ਸੀਨੀਅਰ ਮੈਡੀਕਲ ਅਫ਼ਸਰ ਦਾ ਦਫਤਰ ਹਸਪਤਾਲ ਵਿਚ ਸਥਿਰ ਰਹੇਗਾ। ਜਾਣਕਾਰੀ ਅਨਸਾਰ ਸੂਬਾ ਸਰਕਾਰ ਨੇ ਢਾਈ ਏਕੜ ਵਿਚ ਬਣੀ ਖੰਡਰ ਇਮਾਰਤ ਦੇ ਨਵੀਨੀਕਰਨ ਲਈ 3 ਕਰੋੜ 78 ਲੱਖ ਰੁਪਏ ਦੀ ਰਾਸ਼ੀ ਪਾਸ ਕੀਤੀ ਗਈ ਹੈ। ਜਦਕਿ ਇਸ ਤੋਂ ਪਹਿਲਾ ਇਸ ਇਮਾਰਤ ਨੂੰ ਬਨਾਉਣ ਲਈ ਸਾਢੇ 8 ਕਰੋੜ ਰੁਪਏ ਦੀ ਲਾਗਤ ਆਈ ਸੀ। ਵਿਭਾਗੀ ਸੂਤਰਾਂ ਅਨਸਾਰ ਇਸ ਇਮਾਰਤ ਦਾ ਨਵੀਨੀਕਰਨ ਹੋਣ ਉਪਰੰਤ ਸਿਵਲ ਹਸਪਤਾਲ ਰੂਪਨਗਰ ਦੇ ਪ੍ਰਸ਼ਾਸ਼ਕੀ ਵਿੰਗ ਜਿਵੇ ਕਿ ਸਿਵਲ ਸਰਜਨ ਦਫਤਰ,ਜ਼ਿਲ੍ਹਾ ਹੈਲਥ ਅਫ਼ਸਰ, ਅਡੀਸ਼ਨਲ ਸਿਵਲ ਸਰਜਨ, ਡਵੀਜ਼ਨਲ ਮੈਡੀਕਲ ਕਮਿਸ਼ਨਰ ਡੀਐਮਸੀ,ਜ਼ਿਲ੍ਹਾ ਮਲੇਰੀਆ ਲੈਬੋਰਟਰੀ,ਨੈਸ਼ਨਲ ਹੈਲਥ ਮਿਸ਼ਨ ਦਾ ਦਫਤਰ, ਜ਼ਿਲ੍ਹਾ ਜਨਮ ਤੇ ਮੌਤ ਰਜਿਸਟਰਾਰ ਦਫਤਰ,ਆਈਡੀਐਸਪੀ ਆਦਿ ਵਿੰਗਾਂ ਨੂੰ ਸ਼ਿਫਟ ਕੀਤਾ ਜਾਵੇਗਾ। ਸੂਤਰ ਦੱਸਦੇ ਹਨ ਕਿ ਹਸਪਤਾਲ ਦਾ ਪ੍ਰਸ਼ਾਸ਼ਕੀ ਵਿੰਗ ਦੀ ਇਮਾਰਤ ਬੜੇ ਹੀ ਖਸਤਾਹਾਲ ਵਿਚ ਹੈ ਬਰਸਾਤ ਦੇ ਦਿਨਾਂ ਵਿਚ ਛੱਤਾਂ ਤੋਂ ਪਾਣੀ ਟਪਕਦਾ ਹੈ ਜਿਸ ਨਾਲ ਮੁਲਾਜ਼ਮਾਂ ਵਿਚ ਹਮੇਸ਼ਾ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ। ਇਮਾਰਤ ਨੂੰ ਹਸਪਤਾਲ ਦੇ ਪ੍ਰਸ਼ਾਸਨਿਕ ਵਿੰਗਾਂ ਲਈ ਵਰਤਿਆ ਜਾਵੇਗਾ: ਵਿਧਾਇਕ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾਕਿ ਰੂਪਨਗਰ ਸ਼ਹਿਰ ਵਿਚ ਖੰਡਰ ਪਈਆ ਇਮਾਰਤਾਂ ਦਾ ਨਵੀਨੀਕਰਨ ਕਰਕੇ ਵਰਤੋਂ ਯੋਗ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾਕਿ ਪਿੰਡ ਕਟਲੀ ਮਾਰਗ ਤੇ ਸਥਿਤ ਸਿਹਤ ਵਿਭਾਗ ਦੀ ਨਸ਼ਾ ਛਡਾਊ ਕੇਂਦਰ ਲਈ ਬਣਾਈ ਪੁਰਾਣੀ ਇਮਾਰਤ ਦੇ ਨਵੀਨੀਕਰਨ ਲਈ 3.78 ਕਰੋੜ ਰੁਪਏ ਦੀ ਮਨਜ਼ੂਰੀ ਮਿਲ ਗਈ ਹੈ। ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਉਪਰੰਤ ਇਮਾਰਤ ਨੂੰ ਸਿਹਤ ਵਿਭਾਗ ਦੀਆਂ ਵੱਖ-ਵੱਖ ਪ੍ਰਸ਼ਾਸਨਿਕ ਅਤੇ ਲੋਕ ਭਲਾਈ ਸੇਵਾਵਾਂ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾਕਿ ਸਰਕਾਰ ਇਸ ਤੋ ਪਹਿਲਾ ਅੰਬੇਦਕਰ ਭਵਨ, ਸ਼ਿਵਾਲਿਕ ਕਲੱਬ, ਸਵਿਮਿੰਗ ਪੂਲ ਦੀ ਅਪਗ੍ਰੇਡੇਸ਼ਨ, ਜ਼ਿਲ੍ਹਾ ਸਟੇਡੀਅਮ ਦਾ ਵਿਕਾਸ, ਜ਼ਿਲ੍ਹਾ ਲਾਇਬ੍ਰੇਰੀ ਦਾ ਨਵੀਨੀਕਰਨ, ਸਰਕਾਰੀ ਕਾਲਜ ਰੂਪਨਗਰ ਦੀ ਇਮਾਰਤ ਦੀ ਦਸ਼ਾ ਸੁਧਾਰਨ ਅਤੇ ਕਰੀਬ 14 ਸਾਲਾਂ ਤੋਂ ਬੰਦ ਪਏ ਸਰਕਾਰੀ ਪੌਲੀਟੈਕਨਿਕ ਕਾਲਜ ਨੂੰ ਮੁੜ ਚਾਲੂ ਕਰਵਾਉਣ ਵਰਗੇ ਮਹੱਤਵਪੂਰਨ ਕੰਮਾਂ ਸਿਰੇ ਚੜ੍ਹਾ ਚੁੱਕੀ ਹੈ। 2016 ਵਿਚ ਬਣਾਈ ਸੀ ਇਹ ਇਮਾਰਤ: ਜਾਣਕਾਰੀ ਅਨੁਸਾਰ ਖੰਡਰ ਰੂਪੀ ਬਣੀ ਇਸ ਇਮਾਰਤ ਨੂੰ ਸਾਲ 2016 ਵਿਚ ਨਸ਼ਾ ਛੁਡਾਊ ਕੇਂਦਰ ਵਜੋਂ ਵਿਕਸਤ ਕਰਨ ਦੀ ਯੋਜਨਾ ਬਣਾਈ ਗਈ ਸੀ, ਪਰ ਇੱਕ ਨਿੱਜੀ ਸਕੂਲ ਪ੍ਰਬੰਧਨ ਵੱਲੋਂ ਸਟੇਅ ਆਰਡਰ ਲੈਣ ਕਾਰਨ ਪ੍ਰਾਜੈਕਟ ਅਧੂਰਾ ਰਹਿ ਗਿਆ ਸੀ। ਸਕੂਲ ਦੇ ਪ੍ਰਬੰਧਕ ਨੇ ਅਦਾਲਦ ਰਾਂਹੀ ਕਿਹਾ ਸੀ ਕਿ ਸਕੂਲ ਦੇ ਨੇੜੇ ਨਸ਼ਾ ਛਡਾਊ ਕੇਂਦਰ ਹੋਣ ਨਾਲ ਵਿਦਿਆਰਥੀ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਜਿਸ ਦੇ ਚੱਲਦਿਆ ਲੰਬੇ ਸਮੇਂ ਤੱਕ ਨਾ ਤਾਂ ਇਸ ਮਾਮਲੇ ਦੀ ਪ੍ਰਭਾਵਸ਼ਾਲੀ ਪੈਰਵਾਈ ਹੋਈ ਅਤੇ ਨਾ ਹੀ ਇਮਾਰਤ ਦੀ ਸੰਭਾਲ ਵੱਲ ਧਿਆਨ ਦਿੱਤਾ ਗਿਆ, ਜਿਸ ਕਾਰਨ ਇਹ ਇਮਾਰਤ ਦਿਨੋਂ-ਦਿਨ ਖੰਡਰ ਬਣ ਗਈ ਸੀ। ਨਵੀਨੀਕਰਨ ਦੀ ਪ੍ਰਵਾਨਗੀ ਮਿਲ ਗਈ ਹੈ: ਐਸਡੀਓ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਐਸਡੀਓ ਕਮਲਦੀਪ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਕਟਲੀ ਨੇੜੇ ਖੰਡਰ ਪਈ ਇਮਾਰਤ ਲਈ 03 ਕਰੌੜ 78 ਲੱਖ ਰੁਪਏ ਮਨਜੂਰ ਹੋ ਗਏ ਹਨ ਅਤੇ ਨਕਸ਼ਾ ਵੀ ਤਿਆਰ ਹੋ ਚੁੱਕਾ ਹੈ। ਉਨ੍ਹਾਂ ਕਿਹਾਕਿ ਲੋੜੀਦੀਆਂ ਕਾਰਵਾਈ ਕਰਨ ਉਪਰੰਤ ਟੈਂਡਰ ਲਗਾਏ ਜਾਣਗੇ। ਉਨ੍ਹਾਂ ਕਿਹਾਕਿ ਨਵੀਨੀਕਰਨ ਉਪਰੰਤ ਸਿਵਲ ਹਸਪਤਾਲ ਦੇ ਪ੍ਰਸ਼ਾਸ਼ਕੀ ਵਿੰਗਾਂ ਨੂੰ ਸ਼ਿਫਟ ਕੀਤਾ ਜਾਵੇਗਾ।