ਸਫਾਈ ਸੇਵਕਾਂ ਦੀ ਹੜਤਾਲ ਨੇ ਵਿਗਾੜਿਆ ਰੂਪਨਗਰ ਦਾ ਰੂਪ, ਸਿਆਸੀ ਦੂਸ਼ਣਬਾਜ਼ੀ ਜੋਰਾਂ ‘ਤੇ ਸਫਾਈ ਸੇਵਕਾਂ ਦੀ ਹੜਤਾਲ ਨੇ ਵਿਗਾੜਿਆ ਰੂਪਨਗਰ ਦਾ ਰੂਪ,ਸਿਆਸੀ ਦੂਸ਼ਣਬਾਜ਼ੀ ਜੌਰਾਂ ‘ਤੇ
Publish Date: Wed, 15 Jul 2026 05:19 PM (IST)
Updated Date: Wed, 15 Jul 2026 05:22 PM (IST)
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇੰਦਰਸੈਨ ਛੱਤਵਾਲ ਨੇ ਸਫਾਈ ਸੇਵਕਾਂ ਦੀ ਹੜਤਾਲ ਨੂੰ ਦਿੱਤਾ ਸਮਰਥਨ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਸਫਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਬੁੱਧਵਾਰ ਨੂੰ 8ਵੇਂ ਦਿਨ ਵਿਚ ਦਾਖਲ ਹੋ ਗਈ ਹੈ ਜਿਸ ਕਾਰਨ ਸ਼ਹਿਰ ਵਿਚ ਜਿੱਥੇ ਕੂੜੇ ਦੇ ਢੇਰ ਵੱਡੇ ਹੋ ਰਹੇ ਹਨ ਉੱਥੇ ਵੱਖ ਵੱਖ ਆਗੂਆ ਵੱਲੋਂ ਦਿਨ ਪ੍ਰਤੀ ਦਿਨ ਸਫਾਈ ਸੇਵਕਾਂ ਦੇ ਹੱਕ ਤੇ ਸਰਕਾਰ ਵਿਰੁੱਧ ਬਿਆਨਬਾਜ਼ੀ ਤੇਜ ਹੁੰਦੀ ਜਾ ਰਹੀ ਹੈ। ਉੱਧਰ ਸ਼ਹਿਰ ਵਾਸੀਆ ਦਾ ਕੂੜੇ ਦੇ ਢੇਰਾਂ ਤੋਂ ਮਾਰ ਰਹੀ ਬਦਬੂ ਨੇ ਜੀਉਣਾ ਦਲੁੱਭਰ ਕਰ ਦਿੱਤਾ ਹੈ, ਹਲਾਤ ਇਹ ਬਣਦੇ ਜਾ ਰਹੇ ਹਨ ਕਿ ਕੂੜੇ ਦੇ ਢੇਰਾਂ ਦੇ ਨਾਲ ਲੱਗਦੇ ਘਰਾਂ ਦੇ ਵਾਸੀ ਦਰਵਾਜ਼ੇ ਬੰਦ ਕਰਕੇ ਅੰਦਰ ਰਹਿਣ ਲਈ ਮਜਬੂਰ ਹੋ ਗਏ ਹਨ। ਉੱਧਰ ਮੰਗਲਵਾਰ ਨੂੰ ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਨੇ ਵੀ ਕੂੜੇ ਦੇ ਢੇਰਾਂ ਕੋਲ ਖੜ ਕੇ ਕੌਸਲ ਪ੍ਰਧਾਨ ਤੇ ਸਰਕਾਰ ਨੂੰ ਕੋਸਿਆ ਇਸ ਤੋਂ ਪਹਿਲਾ ਸਾਬਕਾ ਨਗਰ ਕੌਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ, ਕਾਂਗਰਸੀ ਆਗੂ ਐਡਵੋਕੇਟ ਗੁਰਪ੍ਰਤਾਪ ਸਿੰਘ ਗਿੱਲ ਨੇ ਵੀ ਪਹੁੰਚ ਕੇ ਸਰਕਾਰ ਖਿਲਾਫ਼ ਸਫਾਈ ਸੇਵਕਾਂ ਦੇ ਹੱਕ ਵਿਚ ਬਿਆਨਬਾਜ਼ੀ ਕੀਤੀ। ਕੌਸਲ ਦੇ ਸਾਬਕਾ ਪ੍ਰਧਾਨ ਇੰਦਰਸੈਨ ਛੱਤਵਾਲ ਨੇ ਸਫਾਈ ਸੇਵਕਾਂ ਦੀ ਹੜਤਾਲ ਵਿਚ ਪਹੁੰਚ ਕੇ ਸਮਰੱਥਨ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਮੰਨ ਕੇ ਲਾਗੂ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਰੋਪੜ ਸ਼ਹਿਰ ਦੇ ਮਹੱਲਿਆਂ ਅਤੇ ਬਾਜ਼ਾਰਾਂ ਵਿਚ ਗੰਦਗੀ ਤੇ ਕੂੜੇ ਦੇ ਢੇਰ ਲੱਗ ਚੁੱਕੇ ਹਨ ਅਤੇ ਦੁਕਾਨਦਾਰਾਂ ਅਤੇ ਰੋਪੜ ਸ਼ਹਿਰ ਵਿਚ ਖਰੀਦੋਂ ਫਰੋਖਤ ਲਈ ਆਉਣ ਵਾਲੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਹੋਣ ਕਾਰਨ ਕੂੜੇ ਦੀ ਢੇਰਾਂ ਕਾਰਨ ਬਦਬੂ ਉੱਠ ਰਹੀ ਹੈ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਤਨਖਾਹਾਂ ਵਿਚ ਵਾਧਾ ਕਰਕੇ ਪੱਕੇ ਕਰਨਾ ਚਾਹੀਦਾ ਹੈ। ਸਫਾਈ ਸੇਵਕਾਂ ਦੀ ਹੜਤਾਲ ਵਿਧਾਇਕ ਦੀ ਵੱਡੀ ਨਾਕਾਮੀ : ਐਡਵੋਕੇਟ ਬਾਵਾ ਸੀਨੀਅਰ ਕਾਂਗਰਸੀ ਆਗੂ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਿੰਦਰਪ੍ਰੀਤ ਸਿੰਘ ਬਾਵਾ ਨੇ ਕਿਹਾ ਕਿ ਸ਼ਹਿਰ ਵਿਚ ਨਗਰ ਕੌਂਸਲ ਦੇ ਸਫਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਵੱਡੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਜਦੋਂ ਸਫਾਈ ਸੇਵਕਾਂ ਨੇ ਹੜਤਾਲ ਕੀਤੀ ਸੀ ਤਾਂ ਉਸ ਸਮੇਂ ਵਿਧਾਇਕ ਚੱਢਾ ਨੇ ਸਫਾਈ ਸੇਵਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਵੋਟਾਂ ਪੈਣ ਤੋਂ ਬਾਅਦ ਪੱਕਾ ਕੀਤਾ ਜਾਵੇਗਾ ਪਰ ਇਸ ਤੋਂ ਬਾਅਦ ਕੋਈ ਮੰਗ ਪੂਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾਕਿ ਇਹ ਨਾ ਸਿਰਫ ਸਫਾਈ ਸੇਵਕਾਂ ਨਾਲ ਹੀ ਧੋਖਾ ਨਹੀ ਬਲਕਿ ਸ਼ਹਿਰ ਦੇ ਸਮੂਹ ਨਿਵਾਸੀਆਂ ਨੂੰ ਵੀ ਧੋਖੇ ਵਿਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾਕਿ ਅਜਿਹੇ ਆਗੂ ਲੋਕਾਂ ਦੀ ਸੇਵਾ ਕਰਨ ਲਈ ਰਾਜਨੀਤੀ ਵਿਚ ਨਹੀਂ ਆਉਂਦੇ, ਸਿਰਫ ਆਪਣੀ ਸੱਤਾ ਹਾਸਿਲ ਕਰਨ ਦੇ ਚਾਹਵਾਨ ਹੁੰਦੇ ਹਨ। ਇਸ ਲਈ ਹੁਣ ਸਫਾਈ ਸੇਵਕ ਐਡਵੋਕੇਟ ਚੱਢਾ ਨੂੰ ਮੂੰਹ ਨਹੀਂ ਲਗਾਉਣਗੇ ਅਤੇ ਨਾ ਹੀ ਇਨ੍ਹਾਂ ਦੀਆਂ ਝੂਠੀਆਂ ਗੱਲਾਂ ਵਿਚ ਫਸਣਗੇ। ਉਨ੍ਹਾਂ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਲੋਕਾਂ ਦੀ ਸੱਚੀ ਸੇਵਕ ਹੈ ਅਤੇ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਪੂਰਾ ਕਰਵਾਇਆ ਜਾਵੇਗਾ।