ਪੰਜਾਬ ਸਰਕਾਰ ਦੀ ਖੇਡ ਨੀਤੀ ਨਾਲ ਸਪੈਸ਼ਲ ਖਿਡਾਰੀਆਂ ਨੂੰ ਮਿਲ ਰਹੀ ਨਵੀਂ ਉਡਾਣ : ਅਦਿੱਤਿਆ ਡੇਚਲਵਾਲ ਪੰਜਾਬ ਸਰਕਾਰ ਦੀ ਖੇਡ ਨੀਤੀ ਨਾਲ ਸਪੈਸ਼ਲ ਖਿਡਾਰੀਆਂ ਨੂੰ ਮਿਲ ਰਹੀ ਨਵੀਂ ਉਡਾਣ
Publish Date: Mon, 13 Jul 2026 03:29 PM (IST)
Updated Date: Mon, 13 Jul 2026 03:30 PM (IST)
ਏਐੱਮਕੇ ਦੇ 5 ਸਪੈਸ਼ਲ ਖਿਡਾਰੀਆਂ ਨੂੰ 5.45 ਲੱਖ ਦੀ ਰਾਸ਼ੀ ਮਿਲਣ ’ਤੇ ਕੀਤਾ ਸਨਮਾਨਿਤ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਉਤਸਾਹਿਤ ਕਰਨ ਅਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਅਪਣਾਈ ਗਈ ਪ੍ਰਗਤੀਸ਼ੀਲ ਖੇਡ ਨੀਤੀ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਰੂਪਨਗਰ ਦੇ ਪਿੰਡ ਸਲੋਰਾ ਵਿਖੇ ਅੰਬੁਜਾ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਅੰਬੁਜਾ ਮਨੋਵਿਕਾਸ ਕੇਂਦਰ (ਏਐੱਮਕੇ) ਦੇ ਪੰਜ ਸਪੈਸ਼ਲ ਖਿਡਾਰੀਆਂ ਨੂੰ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਪੰਜਾਬ ਸਰਕਾਰ ਦੀ ਖੇਡ ਨੀਤੀ ਅਧੀਨ ਕੁੱਲ 5,45,000 ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਗਈ। ਇਹ ਉਪਲੱਬਧੀ ਹਾਸਿਲ ਕਰਨ ’ਤੇ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਖੇਡ ਨੀਤੀ ਸਿਰਫ਼ ਆਰਥਿਕ ਸਹਾਇਤਾ ਹੀ ਨਹੀਂ, ਸਗੋਂ ਖਿਡਾਰੀਆਂ ਵਿਚ ਨਵਾਂ ਆਤਮ-ਵਿਸ਼ਵਾਸ ਅਤੇ ਉੱਚੇ ਟੀਚੇ ਹਾਸਲ ਕਰਨ ਦਾ ਜਜ਼ਬਾ ਵੀ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿਵਿਆਂਗ ਖਿਡਾਰੀ ਆਪਣੀ ਲਗਨ, ਦ੍ਰਿੜ੍ਹ ਇਰਾਦੇ, ਸਖਤ ਮਿਹਨਤ ਅਤੇ ਅਟੁੱਟ ਹੌਸਲੇ ਨਾਲ ਇਹ ਸਾਬਤ ਕਰ ਰਹੇ ਹਨ ਕਿ ਸਫ਼ਲਤਾ ਲਈ ਸਰੀਰਕ ਸੀਮਾਵਾਂ ਨਹੀਂ, ਸਗੋਂ ਮਜ਼ਬੂਤ ਇਰਾਦੇ ਅਹਿਮ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਦੀਆਂ ਪ੍ਰਾਪਤੀਆਂ ਨਾ ਸਿਰਫ਼ ਰੂਪਨਗਰ ਜ਼ਿਲ੍ਹੇ, ਸਗੋਂ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ ਹਨ ਅਤੇ ਇਹ ਹੋਰ ਨੌਜਵਾਨਾਂ ਲਈ ਵੀ ਪ੍ਰੇਰਣਾ ਦਾ ਸਰੋਤ ਹਨ। ਉਨ੍ਹਾਂ ਦੱਸਿਆ ਕਿ ਸਪੈਸ਼ਲ ਓਲੰਪਿਕਸ ਭਾਰਤ ਵੱਲੋਂ ਜਨਵਰੀ ਤੋਂ ਅਪ੍ਰੈਲ 2024 ਦੌਰਾਨ ਕਰਵਾਏ ਗਏ ਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਏਐੱਮਕੇ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਗਮੇ ਆਪਣੇ ਨਾਮ ਕੀਤੇ। ਉਨ੍ਹਾਂ ਦੱਸਿਆ ਕਿ ਏਐੱਮਕੇ ਦੀ ਖਿਡਾਰਨ ਮਨਪ੍ਰੀਤ ਕੌਰ ਨੇ ਸਾਈਕਲਿੰਗ ਵਿਚ ਇੱਕ ਸੋਨ ਅਤੇ ਇੱਕ ਚਾਂਦੀ ਦਾ ਤਗਮਾ ਜਿੱਤ ਕੇ 1,25,000 ਰੁਪਏ ਦੀ ਇਨਾਮੀ ਰਾਸ਼ੀ ਹਾਸਲ ਕੀਤੀ। ਧਰਮਪ੍ਰੀਤ ਸਿੰਘ ਨੇ ਟੇਬਲ ਟੈਨਿਸ ਅਤੇ ਬਾਸਕਟਬਾਲ ਵਿਚ ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤ ਕੇ 80,000 ਰੁਪਏ ਦੀ ਰਾਸ਼ੀ ਪ੍ਰਾਪਤ ਕੀਤੀ। ਰਮਨਦੀਪ ਕੌਰ ਨੇ ਫਲੋਰਬਾਲ ਅਤੇ ਸਾਈਕਲਿੰਗ ਵਿਚ ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਜਿੱਤ ਕੇ 1,10,000 ਰੁਪਏ ਦੀ ਇਨਾਮੀ ਰਾਸ਼ੀ ਹਾਸਲ ਕੀਤੀ। ਰਵੀ ਪੂਰੀ ਨੇ ਪਾਵਰਲਿਫਟਿੰਗ ਅਤੇ ਟੇਬਲ ਟੈਨਿਸ ਵਿੱਚ ਦੋ ਸੋਨ ਤਗਮੇ ਜਿੱਤ ਕੇ 1,50,000 ਰੁਪਏ ਦੀ ਇਨਾਮੀ ਰਾਸ਼ੀ ਪ੍ਰਾਪਤ ਕੀਤੀ, ਜਦਕਿ ਰਮਨਦੀਪ ਸੈਣੀ ਨੇ ਸਾਈਕਲਿੰਗ ਵਿਚ ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤ ਕੇ 80,000 ਰੁਪਏ ਦੀ ਇਨਾਮੀ ਰਾਸ਼ੀ ਆਪਣੇ ਨਾਮ ਕੀਤੀ। ਇਸ ਤਰ੍ਹਾਂ ਇਨ੍ਹਾਂ ਪੰਜ ਸਪੈਸ਼ਲ ਖਿਡਾਰੀਆਂ ਨੂੰ ਕੁੱਲ 5.45 ਰੁਪਏ ਲੱਖ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਗਈ। ਉਨ੍ਹਾਂ ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ, ਕੋਚਾਂ ਅਤੇ ਏਐੱਮਕੇ ਦੀ ਸਮੁੱਚੀ ਟੀਮ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਸਦਕਾ ਇਹ ਖਿਡਾਰੀ ਰਾਸ਼ਟਰੀ ਪੱਧਰ ’ਤੇ ਆਪਣੀ ਵਿਲੱਖਣ ਪਛਾਣ ਬਣਾਉਣ ਵਿਚ ਸਫ਼ਲ ਹੋਏ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਇਹ ਖਿਡਾਰੀ ਆਉਣ ਵਾਲੇ ਸਮੇਂ ਵਿਚ ਅੰਤਰਰਾਸ਼ਟਰੀ ਮੰਚਾਂ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਅਤੇ ਦੇਸ਼ ਦਾ ਨਾਮ ਹੋਰ ਰੌਸ਼ਨ ਕਰਨਗੇ। ਇਸ ਮੌਕੇ ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ ਅਤੇ ਏਐੱਮਕੇ ਨੁਮਾਇੰਦਿਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਖਿਡਾਰੀਆਂ ਲਈ ਹੋਰ ਉੱਚੀਆਂ ਪ੍ਰਾਪਤੀਆਂ ਹਾਸਲ ਕਰਨ ਦਾ ਵੱਡਾ ਹੌਸਲਾ ਬਣਦੇ ਹਨ।