ਪੀਣ ਵਾਲੇ ਪਾਣੀ ਦੀ ਸਮਰੱਥਾ ਵਧਾਉਣ ਲਈ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁਰੂ
ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਮਰੱਥਾ ਵਧਾਉਣ ਲਈ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁਰੂ
Publish Date: Fri, 03 Apr 2026 05:36 PM (IST)
Updated Date: Fri, 03 Apr 2026 05:40 PM (IST)

ਵਿਧਾਇਕ ਚੱਢਾ ਨੇ ਕਿਹਾ ਕਿ ਸ਼ਹਿਰ ਨੂੰ ਜਲਦੀ ਹੀ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਰਾਹਤ ਮਿਲੇਗੀ ਲੀਡ ਖ਼ਬਰ: ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਦੇਰ ਆਏ ਦਰੁੱਸਤ ਆਏ ਸ਼ਹਿਰ ਨਿਵਾਸੀਆ ਲਈ ਖੁਸ਼ਖਬਰੀ ਹੈ ਕਿ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਸਮਰੱਥਾ ਵਧਾਉਣ ਦੇ ਪ੍ਰੋਜੈਕਟ ਤੇ ਕੰਮ ਸ਼ੁਰੂ ਹੋ ਗਿਆ ਹੈ। ਜੇਸੀਬੀ ਮਸ਼ੀਨ ਦੀ ਮੱਦਦ ਨਾਲ ਸਰਹਿੰਦ ਨਹਿਰ ਦੇ ਲੋਹੇ ਦੇ ਪੁਲ ਤੋਂ ਪੁਰਾਣੇ ਬੱਸ ਸਟੈਂਡ ਦੇ ਨੇੜੇ ਭਾਖੜਾ ਨਹਿਰ ਤੱਕ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ 24 ਇੰਚ ਵਾਲੀਆ 10 ਦੇ ਕਰੀਬ ਪਾਈਪਲਾਈਨ ਵਿਛਾਈ ਗਈ ਸੀ। ਸੈਨਿਕ ਰੈਸਟ ਹਾਊਸ ਵਾਲੇ ਪਾਸੇ ਤੋਂ ਛੇ ਫੁੱਟ ਸੜਕ ਪੁੱਟ ਕੇ ਇਹ ਪਾਈਪਲਾਈਨ ਵਿਛਾਈ ਜਾ ਰਹੀ ਹੈ। ਦੱਸਣਯੋਗ ਯੋਗ ਹੈ ਕਿ ਸ਼ਹਿਰ ਵਿਚ 48 ਕਿਲੋਮੀਟਰ ਪੀਣ ਵਾਲੇ ਪਾਣੀ ਦੀਆਂ ਪਾਈਪਲਾਈਨਾਂ ਵਿਛਾਉਣ ਅਤੇ ਓਵਰਹੈੱਡ ਟੈਂਕ ਬਣਾਉਣ ਦਾ ਕੰਮ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਪੂਰਾ ਹੋਇਆ ਸੀ। ਹਾਲਾਂਕਿ, ਕਿਸੇ ਵੀ ਸਰਕਾਰ ਨੇ ਭਾਖੜਾ ਨਹਿਰ ਤੋਂ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਵਧਾਉਣ ਲਈ ਕੋਈ ਗੰਭੀਰ ਯਤਨ ਨਹੀਂ ਕੀਤੇ। ਇਹ ਪ੍ਰੋਜੈਕਟ ਅੰਮ੍ਰਿਤ ਯੋਜਨਾ 2.0 ਦੇ ਤਹਿਤ ਕਰੀਬ 12.47 ਕਰੋੜ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ। ਕੁੱਲ 8 ਕਿਲੋਮੀਟਰ ਪਾਈਪਲਾਈਨਾਂ ਵਿਛਾਈਆਂ ਜਾਣਗੀਆਂ, ਜਿਸ ਵਿਚ 2.2 ਕਿਲੋਮੀਟਰ ਰਾਈਜ਼ਿੰਗ ਮੇਨ ਅਤੇ 1,000 ਹਾਊਸਿੰਗ ਕਨੈਕਸ਼ਨ ਸ਼ਾਮਲ ਹੋਣਗੇ। ਸਰਹਿੰਦ ਨਹਿਰ ਦੇ ਉੱਪਰੋਂ ਪਾਈਪਲਾਈਨ ਨੂੰ ਲੰਘਾਉਣ ਲਈ 2 ਕਰੋੜ ਦੀ ਲਾਗਤ ਨਾਲ ਇੱਕ ਕਲਵਰਟ ਵੀ ਬਣਾਇਆ ਜਾਵੇਗਾ। ਪੀਣ ਵਾਲੇ ਪਾਣੀ ਦੀ ਸਪਲਾਈ ਦੀ ਸਮਰੱਥਾ 33 ਸਾਲਾਂ ਬਾਅਦ ਵਧੇਗੀ ਪਹਿਲਾਂ ਸ਼ਹਿਰ ਨੂੰ 2.5 ਕਿਊਸਿਕ ਪਾਣੀ ਮਿਲ ਰਿਹਾ ਸੀ। ਇਸ ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ, ਪਾਣੀ ਦੀ ਮਾਤਰਾ 5 ਕਿਊਸਿਕ ਹੋ ਜਾਵੇਗੀ। 1992 ਵਿਚ ਰੂਪਨਗਰ ਸ਼ਹਿਰ ਨੂੰ ਨਹਿਰ ਤੋਂ ਪੀਣ ਲਈ ਜਿੰਨਾ ਪਾਣੀ ਮਿਲਦਾ ਸੀ, ਅੱਜ ਵੀ ਉੱਨਾ ਹੀ ਪਾਣੀ ਮਿਲ ਰਿਹਾ ਹੈ। 33 ਸਾਲਾਂ ਦੇ ਲੰਬੇ ਸਮੇਂ ਵਿਚ, ਸ਼ਹਿਰ ਦੀ ਆਬਾਦੀ ਕਈ ਗੁਣਾ ਵਧ ਗਈ ਹੈ। ਪਹਿਲਾਂ, ਭਾਖੜਾ ਨਹਿਰ ਤੋਂ ਸ਼ਹਿਰ ਨੂੰ 12 ਇੰਚ ਦੀ ਪਾਈਪਲਾਈਨ ਰਾਹੀਂ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਸੀ ਅਤੇ ਇਸ ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ, 24 ਇੰਚ ਦੀ ਪਾਈਪਲਾਈਨ ਰਾਹੀਂ ਪਾਣੀ ਆਵੇਗਾ। ਗਰਮੀਆਂ ਦਾ ਮੌਸਮ ਹੋਵੇ ਜਾਂ ਸਰਦੀਆਂ, ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਘਾਟ ਲਗਭਗ ਖਤਮ ਹੋ ਜਾਵੇਗੀ। ਇਹ ਪ੍ਰੋਜੈਕਟ ਜਲਦੀ ਹੀ ਪੂਰਾ ਹੋਵੇਗਾ: ਚੱਢਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਕਿਸੇ ਵੀ ਸਰਕਾਰ ਨੇ ਸ਼ਹਿਰ ਲਈ ਨਹਿਰੀ ਪਾਣੀ ਦੀ ਮਾਤਰਾ ਵਧਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸੱਤਾ ਵਿਚ ਆਉਣ ਤੇ, ਉਨ੍ਹਾਂ ਨੇ ਜਲ ਸਪਲਾਈ ਵਿਭਾਗ ਰਾਹੀਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਅਤੇ ਮੁੱਖ ਮੰਤਰੀ ਤੋਂ ਇਸ ਦੀ ਤਰਜੀਹੀ ਪ੍ਰਵਾਨਗੀ ਪ੍ਰਾਪਤ ਕੀਤੀ, ਅਤੇ ਹੁਣ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ।