ਨਗਰ ਕੌਂਸਲ ਦੀ ਮੀਟਿੰਗ ’ਚ ਕੂੜਾ ਪ੍ਰਬੰਧਨ ਨੂੰ ਲੈ ਕੇ ਸੱਤਾ ਤੇ ਵਿਰੋਧੀ ਧਿਰ ਆਹਮੋ -ਸਾਮ੍ਹਣੇ
ਨਗਰ ਕੌਂਸਲ ਦੀ ਮੀਟਿੰਗ ’ਚ ਕੂੜਾ ਪ੍ਰਬੰਧਨ ਨੂੰ ਲੈ ਕੇ ਸੱਤਾ ਤੇ ਵਿਰੋਧੀ ਧਿਰ ਆਹਮਣੇ -ਸਾਹਮਣੇ
Publish Date: Wed, 01 Apr 2026 05:24 PM (IST)
Updated Date: Wed, 01 Apr 2026 05:28 PM (IST)

ਵਿਰੋਧੀ ਧਿਰ ਨੇ ਟੈਂਪੂ ਦੀ ਮੁਰੰਮਤ ਲਈ ਡੇਢ ਲੱਖ ਰੁਪਏ ਖਰਚ ਨੂੰ ਬੇਲੋੜਾ ਦੱਸਿਆ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਕਰੀਬ ਚਾਰ ਮਹੀਨਿਆਂ ਬਾਅਦ ਹੋਈ ਨਗਰ ਕੌਂਸਲ ਮੋਰਿੰਡਾ ਦੀ ਮੀਟਿੰਗ ਉਸ ਵੇਲੇ ਹੰਗਾਮਾ ਭਰਪੂਰ ਹੋ ਗਈ, ਜਦੋਂ ਮੀਟਿੰਗ ਵਿਚ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਸਬੰਧਿਤ ਕੋਈ ਢੰਗ ਦਾ ਏਜੰਡਾ ਪੇਸ਼ ਨਹੀਂ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਜਗਦੇਵ ਸਿੰਘ ਭਟੋਆ ਨੇ ਕੀਤੀ। ਇਸ ਮੀਟਿੰਗ ਵਿਚ ਸ਼ਹਿਰ ਵਿਚ ਲੱਗੇ ਕੂੜੇ ਦੇ ਢੇਰਾਂ ਅਤੇ ਪੱਕੀ ਡੰਪਿੰਗ ਸਾਈਟ ਦੀ ਕਮੀ ਦਾ ਮਸਲਾ ਗਰਮਾ ਗਿਆ। ਵਿਰੋਧੀ ਪੱਖ ਦੇ ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਕੌਂਸਲ ਸ਼ਹਿਰ ਦਾ ਕੂੜਾ ਲੈਂਡਫਿਲ ਸਾਈਟ ਬਣਾਉਣ ਦੀ ਥਾਂ ਟਿੱਪਰਾਂ ਰਾਹੀਂ ਲਾਲੜੂ, ਜ਼ੀਰਕਪੁਰ ਆਦਿ ਥਾਵਾਂ ’ਤੇ ਸੁੱਟ ਰਹੀ ਹੈ, ਜਿਸ ਨਾਲ ਸਰਕਾਰੀ ਪੈਸੇ ਦੀ ਬਰਬਾਦੀ ਹੋ ਰਹੀ ਹੈ। ਇਸ ਮੌਕੇ ਵਿਰੋਧੀ ਧਿਰ ਨੇ ਸੱਤਾਧਾਰੀ ਪੱਖ ਅਤੇ ਨਗਰ ਕੌਂਸਲ ਨੂੰ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿਚ ਪੂਰੀ ਤਰ੍ਹਾਂ ਨਾਕਾਮ ਕਰਾਰ ਦਿੱਤਾ। ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਤਿੱਖੀ ਨੋਕਝੋਕ ਵੀ ਹੋਈ। ਹਾਲਾਂਕਿ ਬਾਅਦ ਵਿਚ ਕੁਝ ਮਸਲਿਆਂ ’ਤੇ ਆਪਸੀ ਸਹਿਮਤੀ ਬਣਨ ਤੋਂ ਬਾਅਦ ਕਈ ਮਤੇ ਸਰਬਸੰਮਤੀ ਅਤੇ ਬਹੁਮਤ ਨਾਲ ਪਾਸ ਕਰ ਦਿੱਤੇ ਗਏ। ਇਸ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਕੌਂਸਲ ਦੇ ਈਓ ਰਵੀ ਕੁਮਾਰ ਜਿੰਦਲ ਨੇ ਦੱਸਿਆ ਕਿ ਪਿੰਡ ਰਤਨਗੜ੍ਹ ਵਿਖੇ ਕੂੜਾ ਡੰਪ ਕਰਨ ਲਈ ਲਈ ਗਈ ਜ਼ਮੀਨ ਦੀ ਲੀਜ਼ ਅਪ੍ਰੈਲ-2025 ਵਿਚ ਖਤਮ ਹੋ ਗਈ ਸੀ। ਇਸ ਕਾਰਨ ਸ਼ਹਿਰ ਵਿਚ ਕੂੜਾ ਸੈਕੰਡਰੀ ਪੁਆਇੰਟਾਂ ’ਤੇ ਇਕੱਠਾ ਹੁੰਦਾ ਰਿਹਾ ਅਤੇ ਗੰਦਗੀ ਫੈਲ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪਿੰਡ ਭਟੇੜੀ ਵਿਖੇ 3.25 ਏਕੜ ਜਮੀਨ 5 ਸਾਲ ਲਈ 1 ਜੁਲਾਈ 2025 ਨੂੰ ਲੀਜ਼ ’ਤੇ ਲਈ ਗਈ ਪ੍ਰੰਤੂ ਨੇੜਲੇ ਪਿੰਡਾਂ ਦੇ ਵਿਰੋਧ ਕਾਰਨ ਉੱਥੇ ਡੰਪਿੰਗ ਸ਼ੁਰੂ ਨਹੀਂ ਹੋ ਸਕੀ ਅਤੇ ਲੋਕਾਂ ਵੱਲੋਂ ਧਰਨਾ ਲਾ ਦਿੱਤਾ ਗਿਆ। ਇਸ ਨਾਲ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਹੋਰ ਵੱਧ ਗਈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ 15 ਵਾਰਡਾਂ ਤੋਂ ਰੋਜ਼ਾਨਾ 15 ਤੋਂ 20 ਟਨ ਕੂੜਾ ਨਿਕਲਦਾ ਹੈ ਅਤੇ ਡੰਪਿੰਗ ਸਾਈਟ ਬੰਦ ਹੋਣ ਕਾਰਨ 2 ਮਹੀਨਿਆਂ ਤੋਂ ਵੱਧ ਪੁਰਾਣਾ ਕੂੜਾ ਇਕੱਠਾ ਹੋਇਆ ਪਿਆ ਹੈ। ਇਸ ਕੂੜੇ ਨੂੰ ਟਿੱਪਰਾਂ ਰਾਹੀਂ ਚੁਕਾਉਣ ਲਈ ਆਉਣ ਵਾਲੇ ਖਰਚ ਨੂੰ ਮਨਜ਼ੂਰੀ ਦੇਣ ਵਾਲੇ ਮਤੇ ਨੂੰ ਵਿਰੋਧ ਦੇ ਬਾਵਜੂਦ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ।ਇਸ ਮੀਟਿੰਗ ਵਿਚ ਹੋਰ ਕਈ ਮਤੇ ਵੀ ਪਾਸ ਕੀਤੇ ਗਏ। ਇਨ੍ਹਾਂ ਵਿਚ 30 ਅਪ੍ਰੈਲ 2026 ਨੂੰ ਰਿਟਾਇਰ ਹੋ ਰਹੇ ਚੌਕੀਦਾਰ ਰਾਮ ਪਾਲ ਸ਼ਰਮਾ ਨੂੰ ਪੈਨਸ਼ਨ ਅਤੇ ਬਕਾਇਆ ਦੇਣ, ਜੋਗੀਆਂ ਵਾਲਾ ਮੁਹੱਲਾ ਵਿਚ ਖਰਾਬ ਟਿਊਬਵੈੱਲ ਨੂੰ ਰੈਸਟ ਹਾਊਸ ਮੋਰਿੰਡਾ ਵਿਚ ਸ਼ਿਫਟ ਕਰਨ ਲਈ 3.90 ਲੱਖ ਰੁਪਏ ਮਨਜ਼ੂਰ ਕਰਨਾ, ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਸੰਚਾਲਨ ਲਈ 58.25 ਲੱਖ ਰੁਪਏ ਅਤੇ ਹੋਰ ਕਾਰਜਾਂ ਲਈ 1.97 ਕਰੋੜ ਰੁਪਏ ਦੀ ਮਨਜ਼ੂਰੀ ਸ਼ਾਮਲ ਹੈ। ਇਸ ਤੋਂ ਇਲਾਵਾ ਮ੍ਰਿਤਕ ਚੌਕੀਦਾਰ ਜੈਪਾਲ ਦੇ ਵਾਰਿਸਾਂ ਨੂੰ ਫੈਮਿਲੀ ਪੈਨਸ਼ਨ, ਉਸਦੇ ਪੁੱਤਰ ਨੂੰ ਨੌਕਰੀ, ਕੌਂਸਲ ਦੇ ਵਾਹਨ ਦੀ ਮੁਰੰਮਤ ਲਈ 1.5 ਲੱਖ ਰੁਪਏ ਮਨਜ਼ੂਰ ਕਰਨ ਅਤੇ ਕਰਮਚਾਰੀਆਂ ਨੂੰ ਐੱਨਓਸੀ ਦੇਣ ਨਾਲ ਸਬੰਧਿਤ ਮਤੇ ਵੀ ਪਾਸ ਕੀਤੇ ਗਏ। ਇਸ ਦੌਰਾਨ ਵਿਰੋਧੀ ਕੌਂਸਲਰਾਂ ਰਾਕੇਸ਼ ਕੁਮਾਰ ਬੱਗਾ, ਅੰਮ੍ਰਿਤਪਾਲ ਸਿੰਘ ਖੱਟੜਾ, ਰਾਜੇਸ਼ ਕੁਮਾਰ ਸਿਸੋਦੀਆ, ਸੁਖਜਿੰਦਰ ਸਿੰਘ ਕਾਕਾ ਅਤੇ ਪਿੰਕੀ ਕੌਰ ਨੇ ਦੋਸ਼ ਲਗਾਇਆ ਕਿ ਕੌਂਸਲ ਕੋਲ 15 ਕੂੜਾ ਢੋਣ ਵਾਲੇ ਟੈਂਪੂ ਹਨ ਪ੍ਰੰਤ ਸਿਰਫ 6 ਹੀ ਚਾਲੂ ਹਾਲਤ ਵਿਚ ਹਨ। ਉਨ੍ਹਾਂ ਬਿਨਾਂ ਕੋਟੇਸ਼ਨ ਮੰਗੇ ਮੁਰੰਮਤ ’ਤੇ 1.5 ਲੱਖ ਰੁਪਏ ਦੇ ਖਰਚ ’ਤੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸੀਵਰੇਜ ਦੀ ਸਫਾਈ ਲਈ ਪਹਿਲਾਂ ਮਨਜ਼ੂਰ ਕੀਤੇ ਗਏ 50 ਲੱਖ ਰੁਪਏ ਦੇ ਕੰਮ ਪੂਰੇ ਨਹੀਂ ਹੋਏ, ਜਦਕਿ ਦੁਬਾਰਾ 58 ਲੱਖ ਰੁਪਏ ਦਾ ਮਤਾ ਲਿਆਇਆ ਗਿਆ, ਜਿਸਦਾ ਉਨ੍ਹਾਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡ ਭਟੇੜੀ ਵਿਖੇ ਡੰਪ ਬਣਾਉਣ ਲਈ ਲੀਜ਼ ਦੇ ਲਈ ਜ਼ਮੀਨ ਦੇ ਮਾਲਕ ਨੂੰ ਕੌਂਸਲ ਅਧਿਕਾਰੀਆਂ ਵੱਲੋਂ ਅਦਾ ਕੀਤੀ ਗਈ 7 ਲੱਖ ਰੁਪਏ ਤੋਂ ਵੱਧ ਦੀ ਰਕਮ ਵਾਪਸ ਲਈ ਜਾਵੇ। ਇਸ ਸਬੰਧੀ ਈਓ ਰਵਿ ਜਿੰਦਲ ਨੇ ਕਿਹਾ ਕਿ ਸੀਵਰੇਜ ਡੀ-ਸਿਲਟਿੰਗ ਲਈ 25 ਲੱਖ ਰੁਪਏ ਸੀਵਰੇਜ ਬੋਰਡ ਨੂੰ ਜਮ੍ਹਾ ਕਰਵਾਏ ਗਏ ਸਨ ਪ੍ਰੰਤੂ ਕੰਮ ਪੂਰਾ ਨਾ ਹੋਣ ਕਰਕੇ ਬਾਕੀ ਰਕਮ ਜਾਰੀ ਨਹੀਂ ਕੀਤੀ ਗਈ। ਇਸ ਮੀਟਿੰਗ ਵਿਚ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਹਰਜੀਤ ਸਿੰਘ ਸੋਢੀ, ਵਾਈਸ ਪ੍ਰਧਾਨ ਗੁਰਪ੍ਰੀਤ ਕੌਰ, ਦਲਜੀਤ ਕੌਰ ਭਾਮੀਆ, ਕੁਸਮ ਸ਼ਰਮਾ, ਕਮਲੇਸ਼ ਕੁਮਾਰੀ, ਹਰਪਾਲ ਕੌਰ ਅਤੇ ਬਬੀਤਾ ਰਾਣੀ ਵੀ ਹਾਜ਼ਰ ਸਨ।