ਪਿੰਡ ਵਾਸੀਆਂ ਵੱਲੋਂ ਬੀਡੀਪੀਓ ’ਤੇ ਸੜਕ ਨਿਰਮਾਣ ਰੋਕਣ ਦਾ ਦੋਸ਼
ਪਿੰਡ ਵਾਸੀਆਂ ਵੱਲੋਂ ਬੀਡੀਪੀਓ ’ਤੇ ਸੜਕ ਦਾ ਨਿਰਮਾਣ ਕਾਰਜ ਰੋਕਣ ਦਾ ਦੋਸ਼
Publish Date: Fri, 27 Mar 2026 06:42 PM (IST)
Updated Date: Fri, 27 Mar 2026 06:44 PM (IST)

ਬੀਡੀਪੀਓ ਵੱਲੋਂ ਦੋਸ਼ ਰੱਦ, ਤਕਨੀਕੀ ਰਿਪੋਰਟ ਉਪਰੰਤ ਸ਼ੁਰੂ ਕਰਵਾਇਆ ਜਾਵੇਗਾ ਕੰਮ ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਨਜ਼ਦੀਕੀ ਪਿੰਡ ਸਹੇੜੀ ਦੀ ਗ੍ਰਾਮ ਪੰਚਾਇਤ ਵੱਲੋਂ ਪਿੰਡ ਸਹੇੜੀ ਦੇ ਮਾਤਾ ਗੁਜਰੀ ਚੌਂਕ ਤੋਂ ਲੈ ਕੇ ਪਿੰਡ ਨਥਮਲਪੁਰ ਤੱਕ ਜਾਣ ਵਾਲੀ ਸੜਕ ਦੇ ਨਿਰਮਾਣ ਕਾਰਜ ਦਾ ਕੰਮ ਬੀਡੀਪੀਓ ਮੋਰਿੰਡਾ ਵੱਲੋਂ ਰੁਕਵਾਉਣ ਉਪਰੰਤ ਪਿੰਡ ਸਹੇੜੀ ਦੀ ਸਰਪੰਚ ਜਸਵੀਰ ਕੌਰ ਅਤੇ ਦਰਜਨ ਤੋਂ ਵੱਧ ਪਿੰਡ ਵਾਸੀਆਂ ਵੱਲੋਂ ਬੀਡੀਪੀਓ ਮੋਰਿੰਡਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿਚ ਪਿੰਡ ਵਾਸੀਆਂ ਵੱਲੋਂ ਦੋਸ਼ ਲਗਾਇਆ ਗਿਆ ਕਿ ਬੀਡੀਪੀਓ ਵੱਲੋਂ ਸਰਕਾਰੀ ਦਬਾਅ ਅਧੀਨ ਨਿਰਮਾਣ ਕਾਰਜ ਰੋਕਿਆ ਗਿਆ ਹੈ। ਉਨ੍ਹਾਂ ਇਹ ਕੰਮ ਜਲਦ ਸ਼ੁਰੂ ਕਰਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਬੀਡੀਪੀਓ ਹਰਕੀਤ ਸਿੰਘ ਨੇ ਉਪਰੋਕਤ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਸੜਕ ਦਾ ਲੈਵਲ ਪਿੰਡ ਦੀਆਂ ਬਾਕੀ ਗਲੀਆਂ ਨਾਲੋਂ ਉੱਚਾ ਹੋਣ ਕਾਰਨ ਕੰਮ ਰੋਕਿਆ ਗਿਆ ਹੈ ਅਤੇ ਤਕਨੀਕੀ ਰਿਪੋਰਟ ਮਿਲਣ ਉਪਰੰਤ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਜਸਵੀਰ ਕੌਰ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਕੋਲ ਪਿਛਲੀ ਸਰਕਾਰ ਵੱਲੋਂ ਦਿੱਤੇ ਗਏ ਪੈਸੇ ਹੋਣ ਕਾਰਨ ਉਨ੍ਹਾਂ ਵੱਲੋਂ ਬੀਡੀਪੀਓ ਦੀ ਮਨਜ਼ੂਰੀ ਮਿਲਣ ਉਪਰੰਤ 4 ਤੋਂ 5 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ। ਇਸ ਸਬੰਧੀ ਪਿੰਡ ਦੇ ਹੀ ਕੁੱਝ ਵਿਅਕਤੀਆਂ ਵੱਲੋਂ ਸ਼ਿਕਾਇਤ ਕਰਕੇ ਇਹ ਕੰਮ ਬੰਦ ਕਰਵਾ ਦਿੱਤਾ ਗਿਆ। ਜਦਕਿ ਪਿਛਲੇ ਡੇਢ ਮਹੀਨੇ ਤੋਂ ਬਣ ਰਹੀ ਇਸ ਸੜਕ ’ਤੇ ਮਿੱਟੀ ਪਾ ਕੇ ਗਟਕਾ ਪਾਉਣ ਉਪਰੰਤ ਪਾਈਪਾਂ ਆਦਿ ਪਾਈਆਂ ਜਾ ਚੁੱਕੀਆਂ ਹਨ ਅਤੇ ਸੜਕ ਨੂੰ ਨੀਵਾਂ ਕਰਨਾ ਸੰਭਵ ਨਹੀਂ ਹੈ। ਇਸ ਨਾਲ ਸਰਕਾਰੀ ਪੈਸੇ ਦਾ ਨੁਕਸਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਸੜਕ ਬਣਨ ਨਾਲ ਸ਼ਿਕਾਇਤ ਕਰਤਾਵਾਂ ਦੇ ਘਰਾਂ ਦੀ ਪਾਣੀ ਦੀ ਨਿਕਾਸੀ ਬਿਲਕੁਲ ਬੰਦ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸੇ ਸੜਕ ਤੇ ਆਲੇ ਦੁਆਲੇ ਹੋਰ ਵੀ ਪਿੰਡ ਵਾਸੀ ਰਹਿੰਦੇ ਹਨ ਜਿਨਾਂ ਨੂੰ ਇਸ ਸੜਕ ਦੇ ਨਿਰਮਾਣ ਦਾ ਕੋਈ ਇਤਰਾਜ਼ ਨਹੀਂ ਹੈ। ਜਗਤਾਰ ਸਿੰਘ ਨੇ ਦੋਸ਼ ਲਾਇਆ ਕਿ ਸਰਪੰਚ ਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਣ ਕਾਰਨ ਪਿੰਡ ਦੇ ਵਿਕਾਸ ਕਾਰਜਾਂ ਵਿਚ ਜਾਣ ਬੁੱਝ ਕੇ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਜੇਈ ਵੱਲੋਂ ਪਿੰਡ ਵਿਚ ਚੱਲ ਰਹੇ ਕੰਮ ਦਾ ਕਦੇ ਵੀ ਨਿਰੀਖਣ ਨਹੀਂ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਪੰਚਾਇਤੀ ਚੋਣਾਂ ਦੀ ਰੰਜਿਸ਼ ਕਾਰਨ ਪਿੰਡ ਦੇ ਵਿਕਾਸ ਕਾਰਜ ਰੁਕਵਾਏ ਜਾ ਰਹੇ ਹਨ ਜਦਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਹੀ ਵਿਅਕਤੀਆਂ ਵੱਲੋਂ ਪਿੰਡ ਵਿਚ ਟਰਾਂਸਫਾਰਮਰ ਰੱਖਣ ਦਾ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਬੀਡੀਪੀ ਤੋਂ ਮੰਗ ਕੀਤੀ ਕਿ ਸੜਕ ਦੇ ਰੋਕੇ ਗਏ ਨਿਰਮਾਣ ਕਾਰਜ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ। ਇਸ ਸਬੰਧੀ ਬੀਡੀਪੀਓ ਹਰਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜੂਨੀਅਰ ਇੰਜੀਨੀਅਰ ਦੀ ਹਾਜ਼ਰੀ ਵਿਚ ਉਪਰੋਕਤ ਸੜਕ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਜੇਈ ਵੱਲੋਂ ਦੱਸਿਆ ਗਿਆ ਕਿ ਇਸ ਸੜਕ ਦਾ ਲੈਵਲ ਪਿੰਡ ਦੀਆਂ ਦੂਜੀਆਂ ਗਲੀਆਂ ਦੇ ਲੈਵਲ ਤੋਂ ਉੱਚਾ ਹੈ ਜਿਸ ਕਾਰਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਪੈਦਾ ਹੋਵੇਗੀ। ਉਨ੍ਹਾਂ ਦੱਸਿਆ ਕਿ ਜੇਈ ਵੱਲੋਂ ਕੱਲ ਤੱਕ ਇਸ ਸਬੰਧੀ ਤਕਨੀਕੀ ਰਿਪੋਰਟ ਦੇ ਕੇ ਇਸ ਸੜਕ ਦਾ ਸਹੀ ਲੈਵਲ ਦੱਸਿਆ ਜਾਵੇਗਾ, ਜਿਸ ਅਨੁਸਾਰ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤੇ ਜਾਣਗੇ।