ਸਕੂਲਾਂ ਨੂੰ ਜਾਰੀ ਗਰਾਂਟਾਂ ‘ਤੇ ਪਾਬੰਦੀ ਦੀ ਨਿਖੇਧੀ
ਸਕੂਲਾਂ ਨੂੰ ਜਾਰੀ ਗਰਾਂਟਾਂ ਦੀ ਪੀਐਫਐਮਐਸ ਅਧੀਨ ਅਦਾਇਗੀ ‘ਤੇ ਪਾਬੰਦੀ ਦੀ ਜੀਟੀਯੂ ਵੱਲੋਂ ਨਿਖੇਧੀ
Publish Date: Thu, 26 Mar 2026 06:32 PM (IST)
Updated Date: Thu, 26 Mar 2026 06:35 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਸਕੂਲਾਂ ਨੂੰ ਜਾਰੀ ਗਰਾਂਟਾਂ ਦੀ ਪੀਐਫਐਮਐਸ ਅਧੀਨ ਅਦਾਇਗੀ ਤੇ ਪਾਬੰਦੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਇਸ ਸਬੰਧੀ ਜਾਰੀ ਬਿਆਨ ਰਾਹੀਂ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਅਤੇ ਪ੍ਰੈਸ ਸਕੱਤਰ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਸਕੂਲ ਅਧਿਆਪਕਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਪੀਐਫਐਮਐਸ ਅਧੀਨ ਜਾਰੀ ਕੀਤੇ ਪੀਪੀਏ ਦੀ ਅਦਾਇਗੀ ਤੇ ਬੈਂਕਾਂ ਵੱਲੋਂ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਜਾਰੀ ਕੀਤੀਆਂ ਗ੍ਰਾਂਟਾਂ ਦੇ ਖਰਚ ‘ਤੇ ਜ਼ੁਬਾਨੀ ਨਿਰਦੇਸ਼ਾਂ ਤਹਿਤ ਰੋਕ ਲਗਾ ਦਿੱਤੀ ਗਈ ਹੈ। ਬੈਂਕ ਪੀਪੀਏ ਪ੍ਰਾਪਤ ਹੀ ਨਹੀਂ ਕਰ ਰਹੇ, ਉਨ੍ਹਾਂ ਦਾ ਕਹਿਣਾ ਹੈ ਕਿ ਤੁਹਾਡੇ ਵਿਭਾਗ ਵੱਲੋਂ ਸਾਨੂੰ ਫੋਨ ਆ ਚੁੱਕੇ ਹਨ, ਪੀਪੀਏ ਪ੍ਰਾਪਤ ਕਰਨਾ ਤਾਂ ਦੂਰ ਦੀ ਗੱਲ ਅੰਡਰ ਪ੍ਰੋਸੈਸ ਪੀਪੀਏ ਵੀ ਕਲੀਅਰ ਨਹੀਂ ਕਰਨੇ। ਅਧਿਆਪਕ ਆਗੂਆਂ ਨੇ ਕਿਹਾ ਕਿ ਪੀਐਫਐਮਐਸ ਅਧੀਨ ਜਾਰੀ ਗਰਾਂਟ ਵਿੱਚੋਂ ਅਦਾਇਗੀ ਲਈ ਰਕਮ ਚਾਹੇ ਜਿੰਨੀ ਵੀ ਹੋਵੇ ਅਧਿਆਪਕਾਂ ਨੂੰ ਇੱਕ ਲੰਮੀ ਕਾਗਜ਼ੀ ਕਾਰਵਾਈ ਅਧੀਨ ਗੁਜਰਨਾ ਪੈਂਦਾ ਹੈ, ਦੂਜੇ ਪਾਸੇ ਸਿੱਖਿਆ ਵਿਭਾਗ 31 ਮਾਰਚ ਹੁਣ ਤੱਕ ਜਾਰੀ ਸਾਰੀਆਂ ਗਰਾਂਟਾਂ ਖਰਚਣ ਲਈ ਦਬਾਅ ਬਣਾ ਰਿਹਾ ਹੈ ਪਰ ਜਦੋਂ ਅਧਿਆਪਕਾਂ ਨੇ ਸਮੁੱਚੀ ਕਾਰਵਾਈ ਮੁਕੰਮਲ ਕਰ ਲਈ ਹੈ ਤਾਂ ਹੁਣ ਸਰਕਾਰ ਤੇ ਵਿਭਾਗ ਵੱਲੋਂ ਪੀਪੀਏ ਕਲੀਅਰ ਕਰਨ ਤੇ ਰੋਕ ਲਗਾਉਣਾ ਕਿਸੇ ਤਰ੍ਹਾਂ ਵੀ ਤਰਕ ਸੰਗਤ ਨਹੀਂ ਹੈ । ਅਧਿਆਪਕਾਂ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਰੋਕ ਨੂੰ ਰੱਦ ਕਰਦੇ ਹੋਏ ਸਾਰੀਆਂ ਅਦਾਇਗੀਆਂ ਤੁਰੰਤ ਜਾਰੀ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ।