ਮੋਟਰਸਾਈਕਲਾਂ ਦੀ ਟੱਕਰ ’ਚ ਨੌਜਵਾਨ ਦੀ ਮੌਤ
ਮੋਟਰਸਾਈਕਲਾਂ ਦੀ ਟੱਕਰ ’ਚ ਨੌਜਵਾਨ ਦੀ ਮੌਤ
Publish Date: Wed, 25 Feb 2026 05:08 PM (IST)
Updated Date: Wed, 25 Feb 2026 05:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼੍ਰੀ ਚਮਕੌਰ ਸਾਹਿਬ : ਬੀਤੇ ਦਿਨ ਸ਼੍ਰੀ ਚਮਕੌਰ ਸਾਹਿਬ-ਭੂਰੜੇ ਰੋਡ ’ਤੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਦੌਰਾਨ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਦੋ ਮੋਟਰਸਾਈਕਲਾਂ ਦੀ ਟੱਕਰ ਦੌਰਾਨ ਇੱਕ ਮੋਟਰਸਾਈਕਲ ਚਾਲਕ ਰਣਜੀਤ ਸਿੰਘ ਪਿੰਡ ਭੂਰੜੇ ਸੜਕ ਦੇ ਕਿਨਾਰੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਇਆ। ਇਸ ਹਾਦਸੇ ਵਿਚ ਉਸ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ। ਇਸ ਹਾਦਸੇ ਤੋਂ ਬਾਅਦ ਦੂਜੇ ਮੋਟਰਸਾਈਕਲ ਦੇ ਚਾਲਕ ਨਰਿੰਦਰ ਸਿੰਘ ਨਿਵਾਸੀ ਪਿੰਡ ਫੂਲ ਕਲਾਂ ਨੇ ਬਹਾਦਰ ਸਿੰਘ ਨਿਵਾਸੀ ਪਿੰਡ ਭੂਰੜੇ ਦੀ ਸਹਾਇਤਾ ਨਾਲ ਰਣਜੀਤ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਸ਼੍ਰੀ ਚਮਕੌਰ ਸਾਹਿਬ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬਹਾਦਰ ਸਿੰਘ ਪਿੰਡ ਭੂਰੜੇ ਦੇ ਬਿਆਨਾਂ ਦੇ ਆਧਾਰ ‘ਤੇ ਮੋਟਰਸਾਈਕਲ ਚਾਲਕ ਨਰਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।