ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਕੀਤਾ ਦਾਊਦਪੁਰ ਬੰਨ੍ਹ ਦਾ ਦੌਰਾ
ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਕੀਤਾ ਦਾਊਦਪੁਰ ਬੰਨ੍ਹ ਦਾ ਦੌਰਾ
Publish Date: Wed, 25 Feb 2026 03:24 PM (IST)
Updated Date: Wed, 25 Feb 2026 03:28 PM (IST)

ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ ਬੇਲਾ : ਪਿੰਡ ਦਾਊਦਪੁਰ ਅਤੇ ਫੱਸਿਆਂ ਵਿਖੇ ਪਿਛਲੇ ਸਾਲ ਹੜ੍ਹਾਂ ਦੌਰਾਨ ਸਤਲੁੱਜ ਦਰਿਆ ਦੇ ਬੰਨ੍ਹਾਂ ਨੂੰ ਕਾਫੀ ਨੁਕਸਾਨ ਪੁੱਜਾ ਸੀ। ਇਸ ਬੰਨ੍ਹ ਨੂੰ ਵੱਖ ਵੱਖ ਜਿਲ੍ਹਿਆਂ ਦੇ ਲੋਕਾਂ ਨੇ ਫੌਜ ਤੇ ਪ੍ਰਸ਼ਾਸਨ ਦੀ ਮੱਦਦ ਨਾਲ ਕਾਫੀ ਮੁਸ਼ੱਕਤ ਨਾਲ ਟੁੱਟਣ ਤੋਂ ਬਚਾਇਆ ਸੀ ਪ੍ਰੰਤੂ ਸੱਤ ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤਣ ਤੋਂ ਬਾਅਦ ਵੀ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਵੱਲੋਂ ਬੰਨ੍ਹ ਦੀ ਮੁਰੰਮਤ ਲਈ ਇੱਕ ਵੀ ਪੱਥਰ ਨਹੀਂ ਲਗਾਇਆ। ਇਸ ਨੂੰ ਲੈ ਕਿ ਨੇੜਲੇ ਪਿੰਡਾਂ ਦੇ ਲੋਕ ਦੁਬਾਰਾ ਫਿਕਰਮੰਦ ਹਨ ਕਿਉਂਕਿ 3-4 ਮਹੀਨਿਆਂ ਬਾਅਦ ਫਿਰ ਬਰਸਾਤਾਂ ਆਉਣ ਵਾਲੀਆਂ ਹਨ। ਇਸ ਦਾ ਕਾਰਨ ਬੰਨ੍ਹਾਂ ਦੇ ਮੌਜੂਦਾ ਹਾਲਾਤ ਹਨ ਕਿਉਂਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਦਰਿਆ ਵਿਚ ਥੋੜਾ ਜਿਹਾ ਪਾਣੀ ਆਉਣ ਨਾਲ ਹੀ ਬੰਨ੍ਹ ਕਦੇ ਵੀ ਟੁੱਟ ਕੇ ਉਨ੍ਹਾਂ ਲਈ ਵੱਡੀ ਮੁਸੀਬਤ ਖੜੀ ਕਰ ਸਕਦੇ ਹਨ। ਇਸ ਲਈ ਇਲਾਕੇ ਦੇ ਪਤਵੰਤਿਆਂ ਵੱਲੋਂ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿਚ ਇਹ ਮਸਲਾ ਲਿਆਂਦਾ ਗਿਆ, ਜਿਸ ਤੋਂ ਉਪਰੰਤ ਵਿਭਾਗ ਦੇ ਚੀਫ (ਡਿਜ਼ਾਈਨ) ਸੁੱਖਜੀਤ ਸਿੰਘ ਭੁੱਲਰ ਨੇ ਸਤਲੁੱਜ ਦਰਿਆ ਦੀ ਬੁਰਜੀ ਨੰਬਰ 23 ਦਾਊਦਪੁਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਕਸੀਅਨ ਸੰਦੀਪ ਸਿੰਘ ਮਾਂਗਟ, ਮਨਿੰਦਰ ਸਿੰਘ, ਐੱਸਡੀਓ ਨਿਸ਼ਾਂਤ ਗਰਗ, ਜੇਈ ਮਨਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਭਾਕਿਯੂ ਦੇ ਬਲਾਕ ਪ੍ਰਧਾਨ ਜਗੀਰ ਸਿੰਘ ਬਜੀਦਪੁਰ ਨੇ ਅਧਿਕਾਰੀਆਂ ਨੂੰ ਹਾਲਾਤ ਤੋਂ ਜਾਣੂ ਕਰਾਉਦਿਆਂ ਬਰਸਾਤ ਤੋਂ ਪਹਿਲਾਂ ਨੁਕਸਾਨੇ ਗਏ ਬੰਨ੍ਹਾਂ ਦੀ ਮੁਰੰਮਤ ਕਰਨ ਦੀ ਮੰਗ ਕੀਤੀ। ਇਸ ਮੌਕੇ ਚੀਫ ਸੁੱਖਜੀਤ ਸਿੰਘ ਭੁੱਲਰ ਨੇ ਭਰੋਸਾ ਦਿਵਾਇਆ ਕਿ ਨੁਕਸਾਨੇ ਬੰਨ੍ਹਾਂ ਅਤੇ ਠੋਕਰਾਂ ਦੀ ਮੁਰੰਮਤ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰਸਾਤ ਤੋਂ ਪਹਿਲਾਂ ਪਹਿਲਾਂ ਨੁਕਸਾਨੇ ਬੰਨ੍ਹਾਂ ਨੂੰ ਮਜਬੂਤ ਕੀਤਾ ਜਾਵੇਗਾ। ਇਸ ਮੌਕੇ ਸ਼੍ਰੀ ਚਮਕੌਰ ਸਾਹਿਬ ਮੋਰਚਾ ਦੇ ਆਗੂ ਲਖਵੀਰ ਸਿੰਘ ਲੱਖੀ ਨੇ ਮਾਈਨਿੰਗ ਵਿਭਾਗ ਦੇ ਐਕਸੀਅਨ ਸੰਦੀਪ ਸਿੰਘ ਮਾਂਗਟ ਨੂੰ ਦੱਸਿਆ ਕਿ ਬੀਤੀ ਰਾਤ ਨੇੜਲੇ ਪਿੰਡ ਲੱਖੇਵਾਲ ਵਿਖੇ ਗੈਰ ਕਾਨੂੰਨੀ ਮਾਈਨਿੰਗ ਕਰਦੇ ਟਿੱਪਰ, ਟਰੈਕਟਰ ਫੜਾਏ ਗਏ ਸਨ ਪ੍ਰੰਤੂ ਪੁਲਿਸ ਵੱਲੋਂ ਨਵਾਂਸ਼ਹਿਰ ਦਫਤਰ ਦੇ ਅਧਿਕਾਰੀਆਂ ਦੇ ਇਹ ਕਹਿਣ ’ਤੇ ਛੱਡ ਦਿੱਤੇ ਗਏ ਕਿ ਇਨ੍ਹਾਂ ਕੋਲ ਮਨਜ਼ੂਰ ਸ਼ੁਦਾ ਖੱਡ ਦੀਆਂ ਰਸੀਦਾਂ ਹਨ। ਉਨ੍ਹਾਂ ਕਿਹਾ ਕਿ ਟਿੱਪਰ, ਟਰੈਕਟਰ ਪੁਲਿਸ ਚੌਂਕੀ ਬੇਲਾ ਅਧੀਨ ਆਉਂਦੇ ਪਿੰਡ ਫਰੀਦ ਅਤੇ ਲੱਖੇਵਾਲ ਕੋਲੋਂ ਫੜੇ ਗਏ ਸਨ ਤਾਂ ਫਿਰ ਨਵਾਂ ਸ਼ਹਿਰ ਦੇ ਅਧਿਕਾਰੀਆਂ ਦੇ ਕਹਿਣ ’ਤੇ ਕਿਹੜੇ ਕਾਨੂੰਨ ਅਨੁਸਾਰ ਛੱਡੇ ਗਏ। ਉਨ੍ਹਾਂ ਕਿਹਾ ਕਿ ਅਦਾਲਤ ਐੱਨਜੀਟੀ ਵੱਲੋਂ ਪੂਰੇ ਪੰਜਾਬ ਵਿਚ ਰੇਤ ਨਿਕਾਸੀ ’ਤੇ ਪਾਬੰਦੀ ਹੈ ਪ੍ਰੰਤੂ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਦਾਲਤ ਦੇ ਹੁਕਮਾਂ ਨੂੰ ਵੀ ਟਿੱਚ ਸਮਝਿਆ ਜਾ ਰਿਹਾ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ। ਐਕਸੀਅਨ ਸੰਦੀਪ ਸਿੰਘ ਮਾਂਗਟ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸ ਮੌਕੇ ਚਰਨਜੀਤ ਸਿੰਘ ਖੋਖਰ, ਲਹਿੰਬਰ ਸਿੰਘ, ਮਨਿੰਦਰ ਸਿੰਘ ਰਾਜਾ ਆਦਿ ਹਾਜ਼ਰ ਸਨ।