ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਦੁੱਮਣਾ ਵਿਖੇ ਪਲੇਠੀ ਬੈਠਕ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਦੁੱਮਣਾ ਵਿਖੇ ਪਲੇਠੀ ਮੀਟਿੰਗ
Publish Date: Tue, 24 Feb 2026 06:49 PM (IST)
Updated Date: Tue, 24 Feb 2026 06:52 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਨੇੜਲੇ ਪਿੰਡ ਦੁੱਮਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਦਲ ਦੇ ਸਰਪ੍ਰਸਤ ਰਵੀਇੰਦਰ ਸਿੰਘ ਦੁੱਮਣਾ ਸਾਬਕਾ ਸਪੀਕਰ ਵਿਧਾਨ ਸਭਾ ਪੰਜਾਬ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੌਰਾਨ ਸਿੰਘ ਸਾਹਿਬ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੁੱਖ ਰੂਪ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ,ਸਟੇਟ ਕਮੇਟੀ ਮੈਂਬਰ ਬਾਬਾ ਹਰਦੀਪ ਸਿੰਘ ਮੁਬਖੀ ਗੁਰਦੁਆਰਾ ਬਾਬਾ ਸਤਿਨਾਮ ਜੀ ਰੋਪੜ ਅਤੇ ਵੱਡੀ ਗਿਣਤੀ ਵਿਚ ਸਿੱਖ ਸੰਗਤ ਵੀ ਸ਼ਾਮਲ ਹੋਈ। ਇਸ ਮੀਟਿੰਗ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖ ਪੰਥ ਦੇ ਕੌਮੀ ਤਿਉਹਾਰ ਹੋਲਾ ਮਹੱਲਾ ਦੇ ਮੌਕੇ 3 ਮਾਰਚ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ਾਲ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਸਿੱਖ ਸੰਗਤ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਪ੍ਰੰਤੂ ਉਨ੍ਹਾਂ ਸ਼ੰਕਾ ਪ੍ਰਗਟ ਕੀਤੀ ਕਿ ਐੱਸਜੀਪੀਸੀ ’ਤੇ ਕਾਬਜ਼ ਇਸ ਭਗੌੜੇ ਦਲ ਦੇ ਵਰਕਰਾਂ ਵੱਲੋਂ ਇਸ ਕਾਨਫਰੰਸ ਨੂੰ ਸਾਬੋਤਾਜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਨੂੰ ਕਿਸੇ ਵੀ ਤਰਾਂ ਦੇ ਝੂਠੇ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੰਗਲ ਰਾਜ ਬਣ ਚੁੱਕਿਆ ਹੈ, ਜਿੱਥੇ ਹਰ ਰੋਜ਼ ਕਿਸੇ ਨਾ ਕਿਸੇ ਵਿਅਕਤੀ ਦਾ ਕਤਲ ਕੀਤਾ ਜਾ ਰਿਹਾ ਹੈ ਅਤੇ ਕਾਰੋਬਾਰੀਆਂ ਤੋਂ ਲਗਾਤਾਰ ਫਰੌਤੀਆਂ ਮੰਗਣ ਕਾਰਨ ਪੰਜਾਬ ਵਿੱਚੋਂ ਉਦਯੋਗ ਲਗਾਤਾਰ ਦੂਜੇ ਸੂਬਿਆਂ ਵਿਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੀ ਨਾ ਅਹਿਲੀਅਤ ਕਾਰਨ ਪੰਜਾਬ ਪੁਲਿਸ ਸਟੇਟ ਬਣਦਾ ਜਾ ਰਿਹਾ, ਜਿੱਥੇ ਪੁਲਿਸ ਵੱਲੋਂ ਪਿਛਲੇ ਦੋ ਮਹੀਨਿਆਂ ਦੌਰਾਨ 39 ਨੌਜਵਾਨਾਂ ਦੇ ਪੁਲਿਸ ਇਨਕਾਊਂਟਰ ਕੀਤੇ ਗਏ ਹਨ। ਇਸ ਦੇ ਨਾਲ ਹੀ ਸਰਕਾਰ ਵਿਰੋਧੀ ਆਵਾਜ਼ ਨੂੰ ਦਬਾਉਣ ਲਈ ਵਿਰੋਧੀ ਧਿਰ ਦੇ ਆਗੂਆਂ ਅਤੇ ਪੰਜਾਬ ਹਿਤੈਸ਼ੀਆਂ ਖਿਲਾਫ ਝੂਠੇ ਪਰਚੇ ਦਰਜ ਕਰਕੇ ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਪੰਥ ਤੇ ਪੰਜਾਬ ਨੂੰ ਬਚਾਉਣ ਲਈ ਪੰਥਕ ਹਿਤੈਸ਼ੀਆਂ ਤੇ ਪੰਜਾਬ ਪ੍ਰੇਮੀਆਂ ਦੀ ਲਾਮਬੰਦੀ ਬਹੁਤ ਜਰੂਰੀ ਹੈ। ਇਸ ਦੌਰਾਨ ਉਨ੍ਹਾਂ ਐੱਸਜੀਪੀਸੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਕਮੇਟੀ ਹੁਣ ਚੋਰੀਆਂ ਅਤੇ ਕਪਟੀਆਂ ਦਾ ਅੱਡਾ ਬਣ ਚੁੱਕੀ ਹੈ, ਜਿਸ ਵਿਚ ਜ਼ਮੀਨਾਂ ਵੇਚਣ-ਖਰੀਦਣ ਸਮੇਤ ਹੋਰ ਵੱਡੇ-ਵੱਡੇ ਘਪਲੇ ਕੀਤੇ ਜਾ ਰਹੇ ਹਨ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਐੱਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਕੋਲੋਂ ਇਨ੍ਹਾਂ ਘਪਲਿਆਂ ਸਬੰਧੀ ਸਬੂਤ ਮੰਗੇ ਜਾ ਰਹੇ ਹਨ, ਜਦਕਿ ਐਡਵੋਕੇਟ ਧਾਮੀ ਖੁੱਦ ਪ੍ਰੈੱਸ ਕਾਨਫਰਸ ਵਿਚ ਸਿੱਖ ਪੰਥ ਤੋਂ ਮੁਆਫੀ ਮੰਗਦੇ ਹੋਏ ਕਹਿੰਦੇ ਹਨ ਕਿ ਸ਼੍ਰੋਮਣੀ ਕਮੇਟੀ ਵਿਚ 10-15 ਘਪਲੇ ਰੋਜ਼ਾਨਾ ਹੁੰਦੇ ਆ ਰਹੇ ਹਨ। ਇਸ ਮੌਕੇ ਉਨ੍ਹਾਂ ਸਮੇਤ ਦਲ ਦੇ ਹੋਰ ਆਗੂਆਂ ਨੇ ਸਮੁੱਚੀ ਕੌਮ ਨੂੰ ਇੱਕ ਮੰਚ ’ਤੇ ਇਕੱਠੇ ਹੋ ਕੇ ਪੰਥ ਤੇ ਪੰਜਾਬ ਦੀ ਬੇਹਤਰੀ ਅਤੇ ਚੜ੍ਹਦੀ ਕਲਾ ਲਈ ਇੱਕਮੁੱਠ ਹੋਣ ਦਾ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੇ ਕੇਂਦਰ ਦੀਆਂ ਸਰਕਾਰਾਂ ਨਾਲ ਮਿਲ ਕੇ ਪੰਥ, ਪੰਜਾਬ ਅਤੇ ਪੰਥਕ ਮਰਿਆਦਾ ਦਾ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਭਗੌੜਾ ਦਲ ਦੇ ਆਗੂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ 2 ਦਸੰਬਰ ਦੇ ਹੁਕਮਨਾਮੇ ਨੂੰ ਨਹੀਂ ਮੰਨਦੇ, ਉਨੀ ਦੇਰ ਇਸ ਦਲ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਗੱਠਜੋੜ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸਮੂਹ ਸੰਗਤ ਨੂੰ 3 ਮਾਰਚ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਐੱਸਜੀਪੀਸੀ ਮੈਂਬਰ ਜੱਥੇਦਾਰ ਹਰਬੰਸ ਸਿੰਘ ਕੰਧੋਲਾ, ਸਾਬਕਾ ਐਸਜੀਪੀਸੀ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਸੱਲੋਮਾਜਰਾ ,ਸੀਨੀਅਰ ਆਗੂ ਅਰਵਿੰਦਰ ਸਿੰਘ ਪੈਂਟਾ,ਜ਼ਿਲ੍ਹਾ ਸ੍ਰਪਰਸਤ ਜਥੇਦਾਰ ਭਾਗ ਸਿੰਘ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਮਕੜੌਨਾ, ਸੀਨੀਅਰ ਆਗੂ ਸੁਖਵਿੰਦਰ ਸਿੰਘ ਮੁੰਡੀਆਂ, ਭਜਨ ਸਿੰਘ ਸ਼ੇਰਗਿੱਲ, ਜਗਜੀਤ ਸਿੰਘ ਕੋਹਲੀ, ਇੰਦਰਜੀਤ ਸਿੰਘ, ਪਰਮਿੰਦਰ ਸਿੰਘ, ਜਸਵੰਤ ਸਿੰਘ ਅਲੀਪੁਰ, ਜੋਗਿੰਦਰ ਸਿੰਘ ਬੰਗੀਆਂ, ਬਲਵੀਰ ਸਿੰਘ ਮਾਨਖੇੜੀ, ਸਾਬਕਾ ਸਰਪੰਚ ਭਿੰਦਰ ਸਿੰਘ ਰੌਣੀ, ਮਲਕੀਤ ਸਿੰਘ, ਮੇਜਰ ਸਿੰਘ ਮਾਂਗਟ, ਕੁਲਬੀਰ ਸਿੰਘ ਰਸੂਲਪੁਰ, ਜੋਰਾ ਸਿੰਘ ਚੱਪੜਚਿੜੀ, ਜਸਵੰਤ ਸਿੰਘ ਅਲੀਪੁਰ, ਪਰਗਟ ਸਿੰਘ ਰੌਲੂਮਾਜਰਾ, ਜਰਨੈਲ ਸਿੰਘ ਸਰਹਾਣਾ, ਅਵਤਾਰ ਸਿੰਘ ਸਰਹਾਣਾ, ਤੇਜਪਾਲ ਸਿੰਘ ਸਿੱਧੂ, ਅਮਰਜੀਤ ਸਿੰਘ ਢਿੱਲੋਂ, ਹਰਪ੍ਰੀਤਇੰਦਰ ਸਿੰਘ, ਹਰਜਿੰਦਰ ਸਿੰਘ ਜਿੰਦੀ ਨੰਗਲ, ਗੁਰਦਰਸ਼ਨ ਸਿੰਘ ਅਰਨੌਲੀ, ਪਰਮਿੰਦਰ ਸਿੰਘ ਭਿਓਰਾ, ਰਵਿੰਦਰ ਸਿੰਘ ਚੱਪੜਚਿੜੀ, ਪ੍ਰਿੰਸੀਪਲ ਅਮਰਜੀਤ ਸਿੰਘ ਕੰਗ, ਰਵਿੰਦਰ ਸਿੰਘ ਭੰਗੂ, ਜਗਵਿੰਦਰ ਸਿੰਘ ਕੋਹਲੀ ਆਦਿ ਨੇ ਵੀ ਸ਼ਮੂਲੀਅਤ ਕੀਤੀ।