ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ : ਡੀਸੀ
ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ:ਡਿਪਟੀ ਕਮਿਸ਼ਨਰ
Publish Date: Thu, 19 Feb 2026 04:17 PM (IST)
Updated Date: Thu, 19 Feb 2026 04:18 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਵਿਖੇ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਵੱਲੋਂ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੇ ਨਾਲ ਸੜਕਾਂ ’ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਕਿਹਾ ਕਿ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਲਈ ਢੁੱਕਵੇਂ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ ਕਿਉਂਕਿ ਸੜਕਾਂ ’ਤੇ ਦੁਰਘਟਨਾਵਾਂ ਕਾਰਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਇਸ ਲਈ ਸੜਕੀ ਸੁਰੱਖਿਆ ਇਕ ਅਹਿਮ ਮੁੱਦਾ ਹੈ ਅਤੇ ਸਭ ਨੂੰ ਇਸ ਸਬੰਧੀ ਸੁਚੇਤ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਜ਼ੈਬਰਾ ਕ੍ਰਾਸਿੰਗ ਵੀ ਬਣਾਈ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਸੜਕ ਕੰਢੇ ਉੱਗੀਆਂ ਝਾੜੀਆਂ-ਬੁਟਿਆਂ ਆਦਿ ਦੀ ਸਫ਼ਾਈ ਤੇ ਸਕੂਲੀ ਬੱਸਾਂ ਦੀ ਚੈਕਿੰਗ ਯਕੀਨੀ ਬਣਾਈ ਜਾਵੇ ਅਤੇ ਐਕਟ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦਾ ਚਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ ਅਤੇ ਬਲੈਕ ਸਪੌਟ ਏਰੀਏ ’ਚ ਰਿਫ਼ਲੈਕਟਰ ਲਗਾਏ ਜਾਣ ਦੇ ਨਾਲ ਲੋੜੀਂਦੇ ਉਪਰਾਲੇ ਕੀਤੇ ਜਾਣ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਦਸੇ ਦੀ ਸੰਭਾਵਨਾ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਸੜਕਾਂ ਦੇ ਆਵਾਜਾਈ ਨਿਯਮਾਂ ਅਤੇ ਸਕੂਲਾਂ ਦੇ ਆਸ-ਪਾਸ ਸਾਈਨ ਬੋਰਡ ਲਗਾਉਣ ਲਈ ਵੀ ਅਧਿਕਾਰੀਆਂ ਨੂੰ ਹਦਾਇਤ ਕੀਤੀ। ਇਸ ਤੋਂ ਇਲਾਵਾ ਸੜਕਾਂ ’ਤੇ ਝੁਕੇ ਹੋਏ ਦਰੱਖਤਾਂ ਨੂੰ ਛਾਂਗਣ, ਟ੍ਰੈਫ਼ਿਕ ਲਾਈਟਾਂ, ਸਪੀਡ ਬ੍ਰੇਕਰ ਆਦਿ ਸਬੰਧੀ ਵਿਚਾਰ ਚਰਚਾ ਕੀਤੀ ਅਤੇ ਸੜਕੀ ਹਾਦਸਿਆਂ ਲਈ ਜ਼ਿੰਮੇਵਾਰ ਕਾਰਨਾਂ ਨੂੰ ਦੂਰ ਕਰਨ ਤੇ ਸੜਕੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਸਬੰਧੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੀਟਿੰਗ ਵਿਚ ਏਡੀਸੀ (ਜ) ਅਵਿਕੇਸ਼ ਗੁਪਤਾ, ਸੀਐੱਮਐੱਫਓ ਅਭਿਮੰਨਿਊ ਮਲਿਕ, ਆਰਟੀਓ ਅਰਸ਼ਦੀਪ ਸਿੰਘ ਲੁਬਾਣਾ, ਐੱਸਡੀਐੱਮ ਰੂਪਨਗਰ ਬਲਜਿੰਦਰ ਸਿੰਘ ਢਿੱਲੋਂ, ਐੱਸਡੀਐੱਮ ਮੋਰਿੰਡਾ ਗੁਰਦੇਵ ਸਿੰਘ ਧੰਮ, ਐੱਸਡੀਐੱਮ ਨੰਗਲ ਸਚਿਨ ਪਾਠਕ ਸਮੇਤ ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।