ਮੀਟਿੰਗ ਦੌਰਾਨ ਆੳਟਸੋਰਸਿੰਗ ਕਾਮਿਆਂ ਦੀਆਂ ਮੰਗਾਂ ’ਤੇ ਹੋਈ ਚਰਚਾ
ਮੀਟਿੰਗ ਦੌਰਾਨ ਆੳਟਸੋਰਸਿੰਗ ਕਾਮਿਆਂ ਦੀਆਂ ਮੰਗਾਂ ’ਤੇ ਹੋਈ ਚਰਚਾ
Publish Date: Tue, 17 Feb 2026 05:44 PM (IST)
Updated Date: Tue, 17 Feb 2026 05:45 PM (IST)

ਜੌਲੀ ਸੂਦ, ਪੰਜਾਬੀ ਜਾਗਰਣ ਮੋਰਿੰਡਾ : ਆਊਟਸੋਰਸਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ ਪੰਜਾਬ ਦੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੀਲਕੰਠ ਨਾਲ ਮੀਟਿੰਗ ਹੋਈ। ਇਸ ਮੌਕੇ ਵਿਭਾਗੀ ਮੁਖੀ ਡਾ.ਸਈਅਦ ਸਹਿਰਸ਼ ਅਸਗਰ ਅਤੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪੁਨੀਤ ਗਰਗ ਵੀ ਮੌਜੂਦ ਸਨ। ਇਸ ਮੀਟਿੰਗ ਦੌਰਾਨ ਆੳਟਸੋਰਸਿੰਗ ਕਾਮਿਆਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ’ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਜਾਰੀ ਕਰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਭੁੱਲਰ ਤੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਰਾਜੀਆ ਨੇ ਦੱਸਿਆ ਕਿ ਮੀਟਿੰਗ ਵਿਚ ਆਊਟਸੋਰਸ ਮੁਲਾਜ਼ਮਾਂ ਦੀ ਭਲਾਈ ਹਿੱਤ ਬਣਾਈ ਗਈ ਪਾਲਿਸੀ ਲਾਗੂ ਕਰਨ, ਫੀਲਡ ਤੇ ਦਫ਼ਤਰੀ ਸਟਾਫ਼ ਦੀ ਤਨਖਾਹ ਵਧਾਉਣ, ਜਲ ਸਪਲਾਈ ਸਕੀਮਾਂ ਨੂੰ ਪੰਚਾਇਤਾਂ ਹਵਾਲੇ ਨਾ ਕਰਨ, ਨਵੇਂ ਕਿਰਤ ਰੇਟ ਲਾਗੂ ਕਰਨ ਤੇ ਬਣਦਾ ਏਰੀਅਰ ਤੁਰੰਤ ਦੇਣ, ਬਤੌਰ ਨੋਡਲ ਅਫ਼ਸਰ ਡੀਸੀ ਦਫ਼ਤਰਾਂ ਵਿਚ ਸੇਵਾਵਾਂ ਕਰਦੇ ਆਊਟਸੋਰਸ ਮੁਲਾਜ਼ਮਾਂ ਦਾ ਡਾਟਾ ਇਕੱਠਾ ਕਰਨ, ਆਊਟਸੋਰਸ ਡਰਾਈਵਰ ਮੁਲਾਜ਼ਮਾਂ ਨੂੰ ਓਵਰ ਟਾਈਮ ਦੀ ਅਦਾਇਗੀ ਕਰਨ ਆਦਿ ਵਰਗੀਆਂ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਸਕਰਾਤਮਕ ਚਰਚਾ ਹੋਈ। ਉਨ੍ਹਾਂ ਦੱਸਿਆ ਕਿ ਪ੍ਰਮੁੱਖ ਸਕੱਤਰ ਨੀਲਕੰਠ ਨੇ ਦੱਸਿਆ ਕਿ ਕੱਚੇ ਕਾਮਿਆਂ ਸਬੰਧੀ ਪਾਲਿਸੀ ਦਾ ਡਰਾਫਟ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ, ਜਿਸ ’ਤੇ ਸਰਕਾਰ ਵੱਲੋਂ ਅੰਤਿਮ ਫੈਸਲਾ ਲਿਆ ਜਾਣਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਵਿਭਾਗ ਵੱਲੋਂ ਕੱਚੇ ਕਾਮਿਆਂ ਦੇ ਪੱਖ ਵਿਚ ਹੀ ਸਰਕਾਰ ਨੂੰ ਹਾਂ ਪੱਖੀ ਰਿਪੋਰਟ ਭੇਜੀ ਗਈ ਹੈ। ਇਸ ਮੀਟਿੰਗ ਵਿਚ ਕਾਮਿਆਂ ਦੀਆਂ ਤਨਖਾਹਾਂ ਵਿਚ ਵਾਧਾ ਕਰਨ, ਕਿਰਤ ਵਿਭਾਗ ਦੇ ਨੋਟੀਫਿਕੇਸ਼ਨ ਮੁਤਾਬਕ ਉਸੇ ਸਮੇਂ ਤਨਖਾਹਾਂ ਵਿਚ ਵਾਧਾ ਕਰਨ ਦੇ ਆਦੇਸ਼ ਦਿੱਤੇ ਗਏ। ਇਸ ਮੀਟਿੰਗ ਵਿਚ ਬਿੰਦਰ ਸਿੰਘ ਜਿੰਦ, ਦਲਵੀਰ ਸਿੰਘ ਦੁਰਾਲੀ, ਹਰਜੀਤ ਸਿੰਘ ਸੈਣੀ ਅਤੇ ਤੇਜਿੰਦਰਪਾਲ ਸਿੰਘ ਮੁਹਾਲੀ ਸ਼ਾਮਿਲ ਸਨ।