ਖੁਦ ਨੂੰ ਪੁਲਿਸ ਦੱਸ ਕੇ ਘਰ ’ਚ ਵੜੇ ਵਿਅਕਤੀ ਫਾਇਰ ਮਗਰੋਂ ਫਰਾਰ
ਖੁਦ ਨੂੰ ਪੁਲਿਸ ਦੱਸ ਕੇ ਘਰ ਵਿਚ ਵੜੇ ਵਿਅਕਤੀ ਫਾਇਰ ਕੀਤੇ ਜਾਣ 'ਤੇ ਹੋਏ ਫਰ
Publish Date: Tue, 17 Feb 2026 03:08 PM (IST)
Updated Date: Tue, 17 Feb 2026 03:09 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਨਜ਼ਦੀਕੀ ਪਿੰਡ ਮਾਨਖੇੜੀ ਦੇ ਕਿਸਾਨ ਨਿਰੰਜਣ ਸਿੰਘ ਦੇ ਘਰ ਵਿਚ ਚਾਰ ਦਿਨ ਪਹਿਲਾ ਅਣਪਛਾਤੇ ਵਿਅਕਤੀਆ ਵੱਲੋਂ ਦੇਰ ਸ਼ਾਮ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਅੰਦਰ ਦਾਖਲ ਹੋਣ ਦੇ ਮਾਮਲੇ ਵਿਚ ਪੁਲਿਸ ਦੀ ਠੰਡੀ ਕਾਰਵਾਈ ਤੋਂ ਪੀੜਤ ਪਰਿਵਾਰ ਅਤੇ ਨਗਰ ਵਾਸੀਆਂ ਵਿਚ ਰੋਸ ਹੈ। ਜਦਕਿ ਘਟਨਾਂ ਦੀਆਂ ਫੋਟੋਜ਼ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆ ਹਨ। ਪੁਲਿਸ ਮੋਰਿੰਡਾ ਨੂੰ ਜਗਰੂਪ ਸਿੰਘ ਸੋਨੂ ਪੁੱਤਰ ਨਿਰੰਜਣ ਸਿੰਘ ਨੇ ਦਿੱਤੇ ਬਿਆਨਾਂ ਵਿਚ ਦੱਸਿਆ ਕਿ 14 ਫਰਵਰੀ ਨੂੰ ਰਾਤੀਂ 9 ਕੁ ਵਜੇ ਉਨ੍ਹਾਂ ਦੇ ਘਰ ਦੇ ਪਿਛਲੇ ਪਾਸੇ ਤੋਂ ਖਿੜਕੀ ਅਤੇ ਦਰਵਾਜੇ ਤੇ ਅਵਾਜ ਦੇ ਕੇ ਦਰਵਾਜ਼ਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਤੁਹਾਡੇ ਘਰ ਚੋਰ ਦਾਖਲ ਹੋ ਗਏ ਹਨ ਅਤੇ ਉਹ ਪੁਲਿਸ ਪਾਰਟੀ ਸਮੇਤ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਇੱਥੇ ਤੱਕ ਪਹੁੰਚੇ ਹਨ। ਇਸ ਲਈ ਦਰਵਾਜਾ ਖੋਲਿਆ ਜਾਵੇ ਤਾਂ ਜੋ ਚੋਰਾਂ ਨੂੰ ਪਕੜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸ਼ੱਕ ਪੈਣ ਤੇ ਉਨ੍ਹਾਂ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ, ਪ੍ਰੰਤੂ ਇਸੇ ਦੌਰਾਨ ਇੱਕ ਹੋਰ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਘਰ ਦੇ ਅਗਲੇ ਪਾਸੇ ਵਾਲੇ ਗੇਟ ਰਾਹੀਂ ਘਰ ਅੰਦਰ ਦਾਖਲ ਹੋ ਗਿਆ। ਜਿਸ ਬਾਰੇ ਪਤਾ ਲੱਗਣ ਤੇ ਉਨ੍ਹਾਂ ਦੇ ਚਾਚਾ ਸ਼ਮਸ਼ੇਰ ਸਿੰਘ ਵੱਲੋਂ ਬਚਾਅ ਲਈ ਹਵਾਈ ਫਾਇਰ ਕਰ ਦਿੱਤਾ ਤਾਂ ਅਣਪਛਾਤਾ ਵਿਅਕਤੀ ਪਿਛਲੇ ਗੇਟ ਰਾਹੀਂ ਭੱਜ ਗਿਆ ਅਤੇ ਉਸ ਦੇ ਸਾਥੀ ਦੋ ਮੋਟਰਸਾਈਕਲਾਂ ਅਤੇ ਇੱਕ ਕਾਰ ਰਾਹੀਂ ਭੱਜ ਨਿਕਲੇ। ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਨਿਰੰਜਨ ਸਿੰਘ ਦੇ ਪਰਿਵਾਰ ਵੱਲੋਂ ਇਸ ਘਟਨਾ ਸਬੰਧੀ ਸੂਚਿਤ ਕੀਤਾ ਤਾਂ ਉਨ੍ਹਾਂ ਤੁਰੰਤ ਗੁਰਦੁਆਰਾ ਸਾਹਿਬ ਵਿੱਚੋਂ ਅਨਾਉਂਸਮੈਂਟ ਕਰਵਾ ਦਿੱਤੀ ਅਤੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਤਾਂ ਇੱਕਦਮ ਪਿੰਡ ਵਾਸੀ ਇੱਕਤਰ ਹੋ ਗਏ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਪਿਛਲੇ ਛੇ ਮਹੀਨਿਆਂ ਦੌਰਾਨ ਇਹ ਦੂਜੀ ਘਟਨਾ ਵਾਪਰੀ ਹੈ ਜੋ ਕਿ ਅਤਿਅੰਤ ਮੰਦਭਾਗੀ ਹੈ। ਸਰਪੰਚ ਗੁਰਦੀਪ ਸਿੰਘ ਨੇ ਜਿੱਥੇ ਇਸ ਮਾਮਲੇ ਦੀ ਬਰੀਕੀ ਨਾਲ ਪੜਤਾਲ ਦੀ ਮੰਗ ਕੀਤੀ ਹੈ ਉੱਥੇ ਪਿੰਡ ਵਿਚ ਪੁਲਿਸ ਗਸਤ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿਹਾ ਕਿ ਮਾਮਲੇ ਸਬੰਧੀ ਏਐਸਆਈ ਅੰਗਰੇਜ਼ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਧਰ ਡੀਐਸਪੀ ਗੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ, ਅਸਲ ਦੋਸ਼ੀਆਂ ਦਾ ਪਤਾ ਲਗਾਉਣ ਲਈ ਪੁਲਿਸ ਦੀ ਤਕਨੀਕੀ ਟੀਮ ਵੱਲੋਂ ਆਸ ਪਾਸ ਦੇ ਘਰਾਂ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਤੱਕ ਜਲਦ ਪਹੁੰਚ ਕੀਤੀ ਜਾ ਸਕੇ। ਉਹਨਾਂ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਅਤੇ ਪਰਿਵਾਰ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ।