ਬੱਸ ਦੀ ਲਪੇਟ ’ਚ ਆ ਕੇ ਮੋਟਰਸਾਈਕਲ ਸਵਾਰ 2 ਜ਼ਖ਼ਮੀ
ਪੰਜਾਬ ਰੋਡਵੇਜ਼ ਦੀ ਬੱਸ ਦੀ ਲਪੇਟ ਵਿਚ ਆਇਆ ਸੜਕ ਪਾਰ ਕਰਨ ਲਈ ਖੜ੍ਹਾ ਮੋਟਰਸਾਈਕਲ ਚਾਲਕ
Publish Date: Sat, 14 Feb 2026 03:15 PM (IST)
Updated Date: Sat, 14 Feb 2026 03:18 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਮੋਰਿੰਡਾ ਬਾਈਪਾਸ ਤੇ ਲੰਡਨ ਸਟਰੀਟ ਚੌਕ ਦੇ ਨੇੜੇ ਸੜ੍ਹਕ ਕ੍ਰਾਸ ਕਰਨ ਲਈ ਖੜ੍ਹਾ ਇੱਕ ਮੋਟਰਸਾਈਕਲ ਸਵਾਰ ਅਤੇ ਉਸਦੇ ਨਾਲ ਇੱਕ ਮਹਿਲਾ ਸਵਾਰੀ ਇੱਕ ਪੰਜਾਬ ਰੋਡਵੇਜ਼ ਦੀ ਬੱਸ ਦੀ ਲਪੇਟ ਵਿਚ ਆ ਗਏ, ਜਦੋਂ ਮੋਰਿੰਡਾ ਤੋਂ ਜਾ ਰਹੀ ਬੱਸ ਮੋਰਿੰਡਾ ਬਾਈਪਾਸ ਤੇ ਲੁਧਿਆਣਾ ਵੱਲ ਮੁੜਣ ਲੱਗੀ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸੜਕ ਪਾਰ ਕਰਨ ਦੀ ਇੰਤਜ਼ਾਰ ਵਿਚ ਖੜੇ ਮੋਟਰਸਾਈਕਲ ਸਵਾਰ ਦਾ ਮੋਟਰਸਾਈਕਲ ਬੱਸ ਦੇ ਟਾਇਰਾਂ ਥੱਲੇ ਆਉਣ ਨਾਲ ਹਾਨੀ ਗ੍ਰਸਤ ਹੋ ਗਿਆ ਅਤੇ ਮੋਟਰਸਾਈਕਲ ਤੇ ਸਵਾਰ ਮੋਟਰਸਾਈਕਲ ਚਾਲਕ ਸੜਕ ਵੱਲ ਡਿੱਗ ਪਿਆ ਜਦ ਕਿ ਉਸ ਦੇ ਨਾਲ ਇੱਕ ਮਹਿਲਾ ਸਵਾਰੀ ਬੱਸ ਦੇ ਥੱਲੇ ਜਾ ਡਿਗੀ। ਪ੍ਰੰਤੂ ਗਨੀਮਤ ਰਹੀ ਕਿ ਉਸ ਦੇ ਗੰਭੀਰ ਸੱਟਾਂ ਵੱਜਣ ਤੋਂ ਬਚਾਅ ਰਿਹਾ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਬੱਸ ਦੇ ਥੱਲੇ ਡਿੱਗੀ ਮਹਿਲਾ ਨੂੰ ਫੁਰਤੀ ਨਾਲ ਬਾਹਰ ਕੱਢਿਆ ਗਿਆ। ਉਧਰ ਮੌਕੇ ਤੇ ਪਹੁੰਚੀ ਐਸਐਸਐਫ ਦੀ ਟੀਮ ਵੱਲੋਂ ਮੋਟਰਸਾਈਕਲ ਚਾਲਕ ਤੇ ਮਹਿਲਾ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਦਕਿ ਟੀਮ ਦੇ ਦੂਸਰੇ ਕਰਮਚਾਰੀਆਂ ਵੱਲੋਂ ਬੱਸ ਦੇ ਥੱਲਿਓਂ ਮੋਟਰਸਾਈਕਲ ਕਢਵਾ ਕੇ ਕਾਰਵਾਈ ਲਈ ਬੱਸ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਟਰੈਫਿਕ ਚਾਲੂ ਕਰਵਾਈ। ਮੋਟਰਸਾਈਕਲ ਚਾਲਕ ਹਰਜਿੰਦਰ ਸਿੰਘ ਵਾਸੀ ਕਜੌਲੀ ਅਤੇ ਮੌਕੇ ਤੇ ਮੌਜੂਦ ਰਾਹਗੀਰਾਂ ਵਿਚ ਜਰਨੈਲ ਸਿੰਘ ਤੇਜੀ ਵਾਸੀ ਘੜੂੰਆਂ, ਮਨਪ੍ਰੀਤ ਸਿੰਘ ਗੋਗਾ ਜਨਰਲ ਸਕੱਤਰ ਬੀਜੀ ਵੈਲਫੇਅਰ ਸੋਸਾਇਟੀ, ਅਮਰ ਸਿੰਘ ਜਗਤਾਰ ਸਿੰਘ ਆਦਿ ਨੇ ਕਿਹਾ ਕਿ ਮੋਟਰਸਾਈਕਲ ਚਾਲਕ ਸੜਕ ਪਾਰ ਕਰਨ ਦੀ ਇੰਤਜ਼ਾਰ ਵਿਚ ਸੜਕ ਤੇ ਖੜ੍ਹਾ ਸੀ ਕਿ ਮੋਰਿੰਡਾ ਦੀ ਤਰਫੋਂ ਲੁਧਿਆਣਾ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀਬੀ 10 ਜੀਕੇ 8453 ਦੇ ਚਾਲਕ ਨੇ ਸੜਕ ਤੇ ਖੜੇ ਮੋਟਰਸਾਈਕਲ ਨੂੰ ਲਪੇਟ ਵਿਚ ਲੈ ਲਿਆ। ਉਨਾਂ ਇਹ ਵੀ ਦੋਸ਼ ਲਗਾਏ ਕੇ ਪੰਜਾਬ ਰੋਡਵੇਜ਼ ਦੇ ਬਸ ਚਾਲਕ ਅਕਸਰ ਬਸ ਅੱਡਾ ਮੋਰਿੰਡਾ ਵਿਖੇ ਜਾਣ ਦੀ ਥਾਂ ਸਿੱਧੇ ਨਿਕਲ ਜਾਂਦੇ ਹਨ ਜਾਂ ਫਿਰ ਜਿਹੜੇ ਬੱਸ ਚਾਲਕ ਬਸ ਸਟੈਂਡ ਮੋਰਿੰਡਾ ਵਿਖੇ ਜਾਂਦੇ ਵੀ ਹਨ ਉਨ੍ਹਾਂ ਵਿਚ ਬਹੁਤ ਸਾਰੇ ਤੇਜ਼ ਰਫਤਾਰੀ ਨਾਲ ਬੱਸਾਂ ਲਿਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਸੇ ਦਿਨ ਮੋਰਿੰਡਾ ਬੱਸ ਅੱਡੇ ਦੇ ਬਾਹਰ ਵੀ ਇੱਕ ਨਿੱਜੀ ਬੱਸ ਕੰਪਨੀ ਦੀ ਬੱਸ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਕਾਰਨ ਕਾਫੀ ਰੌਲਾ ਪਿਆ। ਜਦਕਿ ਇਸ ਹਾਦਸੇ ਸਬੰਧੀ ਬਸ ਚਾਲਕ ਗੋਬਿੰਦਰ ਸਿੰਘ ਨੇ ਕਿਹਾ ਕਿ ਉਸ ਦਾ ਕੋਈ ਕਸੂਰ ਨਹੀਂ। ਐਸਐਸਐਫ ਟੀਮ ਦੇ ਅਧਿਕਾਰੀ ਏਐਸਆਈ ਧਰਮ ਚੰਦ ਨੇ ਦੱਸਿਆ ਕਿ ਪੁਲਿਸ ਵੱਲੋਂ ਬੱਸ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।