ਪੰਚਾਇਤਾਂ ਨੂੰ ਪਾਣੀ ਦੇ ਪੈਡਿੰਗ ਬਿੱਲ ਭਰਾਉਣ ਦਾ ਫਰਮਾਨ
144ਪੰਚਾਇਤਾਂ ਨੂੰ ਵਾਟਰ ਸਪਲਾਈ ਦੇ ਪੈਡਿੰਗ ਬਿੱਲ ਭਰਾਉਣ ਦਾ ਫਰਮਾਨ,ਕਾਂਗਰਸ ਤੇ ਪੰਚਾਇਤਾਂ ਵੱਲੋਂ ਰੋਸ ਧਰਨਾ ਅੱਜ
Publish Date: Wed, 28 Jan 2026 05:09 PM (IST)
Updated Date: Wed, 28 Jan 2026 05:10 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹੇ ਦੀਆਂ 144 ਗ੍ਰਾਮ ਪੰਚਾਇਤਾਂ ਨੂੰ ਪੇਂਡੂ ਵਿਕਾਸ ਪੰਚਾਇਤ ਵਿਭਾਗ ਵੱਲੋਂ 15ਵੇਂ ਵਿੱਤ ਕਮਿਸ਼ਨ ਦੀ ਗਰਾਂਟ ਵਿਚੋਂ ਵਾਟਰ ਸਪਲਾਈ ਦੇ ਪੈਡਿੰਗ ਬਿਜਲੀ ਬਿੱਲ ਭਰਾਉਣ ਲਈ ਪੱਤਰ ਜਾਰੀ ਕੀਤੇ ਗਏ ਹਨ ,ਬਿਜਲੀ ਬਿੱਲਾ ਦਾ ਕੁੱਲ ਭੁਗਤਾਨ 19 ਕਰੋੜ 61 ਲੱਖ ਤੋਂ ਵੱਧ ਬਣਦਾ ਹੈ। ਜਿਸ ਨੂੰ ਲੈ ਕੇ ਪੰਚਾਇਤਾਂ ਵਿਚ ਆਰਥਿਕ ਹਲਚਲ ਪੈਦਾ ਹੋ ਗਈ ਹੈ ਉੱਥੇ ਹੀ ਕਾਂਗਰਸ ਪਾਰਟੀ ਨੇ ਪੰਚਾਇਤਾਂ ਨੂੰ ਨਾਲ ਲੈਕੇ ਜ਼ਿਲ੍ਹਾ ਪੱਧਰ ‘ਤੇ ਵੀਰਵਾਰ ਨੂੰ ਧਰਨਾ ਲਗਾਉਣ ਦਾ ਐਲਾਣ ਕੀਤਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ 144 ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਲੱਗੇ ਸਰਕਾਰੀ ਟਿਊਬਲਾਂ ਦੇ ਬਿਜਲੀ ਬਿੱਲਾ ਦੇ ਪੈਡਿੰਗਾ ਬਕਾਏ ਦੇ ਭੁਗਤਾਨ ਕਰਨ ਲਈ ਪੰਚਾਇਤਾਂ ਨੂੰ ਪੱਤਰ ਜਾਰੀ ਕੀਤੇ ਗਏ ਹਨ ਪ੍ਰੰਤੂ ਪੱਤਰ ਵਿਚ ਇਹ ਨਹੀ ਦੱਸਿਆ ਗਿਆ ਕਿ ਬਿਜਲੀ ਬਕਾਇਆ ਕਿਹੜੀ ਤਰੀਕ ਤੋਂ ਕਿਹੜੀ ਤਰੀਕ ਤੱਕ ਦਾ ਹੈ ,ਜਿਸ ਨੂੰ ਲੈ ਕੇ ਪੰਚਾਇਤਾਂ ਵਿਚ ਹਲਚਲ ਮਚੀ ਹੋਈ ਹੈ।ਸਰਪੰਚ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਿੱਟੂ ਬਾਜਵਾ ਨੇ ਕਿਹਾਕਿ ਜਿਹੜੇ ਸਰਪੰਚਾ ਨੂੰ ਪੱਤਰ ਕੱਢੇ ਗਏ ਹਨ ਉਨਾਂ ਨੂੰ ਬੀਡੀਪੀਓ ਦਫਤਰ ਵੱਲੋਂ ਬਿਜਲੀ ਬਿੱਲ ਦਾ ਭੁਗਤਾਨ 15ਵੇਂ ਵਿੱਤ ਕਮਿਸ਼ਨ ਦੀ ਗਰਾਂਟ ਵਿਚ ਕਰਨ ਲਈ ਜੋਰ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾਕਿ ਪੰਚਾਇਤਾਂ ਵੱਲੋਂ ਰੂਪਨਗਰ ਦੇ ਮਿੰਨੀ ਸਕੱਤੇਰੇਤ ਅੱਗੇ ਸਰਕਾਰੀ ਧੱਕੇਸ਼ਾਹੀ ਦੇ ਖਿਲਾਫ਼ ਰੋਸ ਧਰਨਾ ਦਿੱਤਾ ਜਾਵੇਗਾ। ਉੱਧਰ ਕਾਂਗਰਸ ਦੇ ਹਲਕਾ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਨੇ ਕਿਹਾਕਿ ਕਾਂਗਰਸ ਸਰਕਾਰ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਿੰਡਾਂ ਵਿਚ ਪੀਣ ਵਾਲੇ ਪਾਣੀ ਲਈ ਲੱਗੇ ਸਰਕਾਰੀ ਟਿਊਬਲਾਂ ਦੇ ਪੈਡਿੰਗ ਬਿੱਲ ਮੁਆਫ਼ ਕੀਤੇ ਗਏ ਸਨ । ਉਨਾਂ ਕਿਹਾਕਿ ਸਰਕਾਰ ਦੇ ਇਸ ਫੈਸਲੇ ਵਿਰੁੱਧ ਵੀਰਵਾਰ ਨੂੰ ਜ਼ਿਲ੍ਹੇ ਪੱਧਰ ‘ਤੇ ਰੋਸ ਧਰਨਾਂ ਦਿੱਤਾ ਜਾਵੇਗਾ। ਉੱਧਰ ਬੀਡੀਪੀਓ ਰੂਪਨਗਰ ਅਮਿਤ ਸ਼ਰਮਾ ਨੇ ਕਿਹਾਕਿ ਜਿਹੜੀਆ ਪੰਚਾਇਤਾਂ ਦਾ ਵਾਟਰ ਸਪਲਾਈ ਦਾ ਬਿਜਲੀ ਬਿੱਲ ਦਾ ਬਕਾਇਆ ਖੜਾ ਹੈ ਉਨਾਂ ਨੂੰ ਪੱਤਰ ਜਾਰੀ ਕੀਤੇ ਗਏ ਹਨ ਅਤੇ ਉਨਾਂ ਬਿੱਲ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ।