ਗੁਰੂ ਨਾਨਕ ਸਪੋਰਟਸ ਕਲੱਬ ਵੱਲੋਂ ਗੁਰੂ ਨਾਨਕ ਟੂਰਨਾਮੈਂਟ ਸ਼ੁਰੂ
ਗੁਰੂ ਨਾਨਕ ਸਪੋਰਟਸ ਕਲੱਬ ਵੱਲੋਂ 63ਵਾਂ ਗੁਰੂ ਨਾਨਕ ਟੂਰਨਾਮੈਂਟ ਸ਼ੁਰੂ
Publish Date: Sun, 25 Jan 2026 06:06 PM (IST)
Updated Date: Mon, 26 Jan 2026 04:10 AM (IST)

ਰਾਜਵੀਰ ਸਿੰਘ ਚੌਂਤਾ,ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ: ਪਿੰਡ ਖੇੜੀ ਸਲਾਬਤਪੁਰ ਵਿਖੇ ਗੁਰੂ ਨਾਨਕ ਸਪੋਰਟਸ ਅਤੇ ਯੂਥ ਵੈੱਲਫੇਅਰ ਕਲੱਬ ਵੱਲੋਂ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਕੈਲੀਫੋਰਨੀਆ (ਯੂਐੱਸਏ), ਗ੍ਰਾਮ ਪੰਚਾਇਤ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 63ਵਾਂ ਗੁਰੂ ਨਾਨਕ ਟੂਰਨਾਮੈਂਟ ਐਤਵਾਰ ਨੂੰ ਸ਼ੁਰੂ ਹੋ ਗਿਆ। ਇਸ ਟੂਰਨਾਮੈਂਟ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕੀਤੀ ਗਈ। ਇਸ ਮੌਕੇ ਟੂਰਨਾਮੈਂਟ ਦੇ ਪਹਿਲੇ ਦਿਨ ਖੇਡ ਮੁਕਾਬਲਿਆਂ ਦਾ ਉਦਘਾਟਨ ਜਸਕਰਨ ਸਿੰਘ ਐਡਵੋਕੇਟ ਵੱਲੋਂ ਕੀਤਾ ਗਿਆ। ਇਸ ਮੌਕੇ ਰਮਨਜੀਤ ਕੌਰ, ਡਾ.ਮਨਦੀਪ ਕੌਰ, ਨਰਿੰਦਰ ਕੌਰ, ਸੁਰਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਬਿੱਟੂ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲੇ ਦਿਨ ਫੁੱਟਬਾਲ ਆਲ ਓਪਨ ਦੇ ਮੁਕਾਬਲਿਆਂ ਵਿਚ ਅਕਾਲ ਪੁਰਖ ਦੀ ਫੌਜ ਖੇੜੀ ਨੌਧ ਸਿੰਘ, ਸ਼ਾਮਪੁਰਾ ਕਲੱਬ ਨੇ ਟੌਹੜਾ (ਜ਼ਿਲ੍ਹਾ ਪਟਿਆਲਾ) ਦੀ ਟੀਮ ਨੂੰ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਇਸ ਦੇ ਨਾਲ ਹੀ ਕਬੱਡੀ 32 ਕਿਲੋਗ੍ਰਾਮ ਭਾਰ ਵਰਗ ਵਿਚ ਭੌਂਪੁਰ ਦੀ ਟੀਮ ਪਹਿਲੇ ਅਤੇ ਘਵੱਦੀ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਫੁੱਟਬਾਲ 7-ਸਾਈਡ (ਇੱਕ ਪਿੰਡ) ਦੇ ਮੁਕਾਬਲਿਆਂ ਵਿਚ ਰਸੂਲਪੁਰ ਨੇ ਲੁਠੇੜੀ ਨੂੰ, ਪਪਰਾਲਾ ਨੇ ਰਹੀਮਾਬਾਦ ਮਾਜਰੀ ਨੂੰ, ਪਾਇਲ ਨੇ ਭਿਓਰਾ ਨੂੰ, ਢੋਲੇਵਾਲ ਨੇ ਕੋਟਲੀ ਭੜੀ ਨੂੰ, ਸੈਣੀਮਾਜਰਾ ਨੇ ਸੂਰਜਪੁਰ ਨੂੰ ਅਤੇ ਸਾਹੀ ਮਾਜਰਾ ਨੇ ਮੰਡੀ ਗੋਬਿੰਦਗੜ੍ਹ ਨੂੰ ਹਰਾ ਕੇ ਅਗਲੇ ਦੌਰ ਵਿਚ ਆਪਣੀ ਥਾਂ ਬਣਾਈ। ਇਸ ਮੌਕੇ ਕਲੱਬ ਦੇ ਸਮੂਹ ਅਹੁੱਦੇਦਾਰਾਂ ਤੇ ਮੈਂਬਰਾਂ ਸਮੇਤ ਸਰਪੰਚ ਹਾਕਮ ਸਿੰਘ, ਅਮਰ ਸੰਗਰਾਮ ਸਿੰਘ ਸਾਬਕਾ ਸਰਪੰਚ, ਮਾ.ਹਰਪਾਲ ਸਿੰਘ, ਅਮਰਜੀਤ ਸਿੰਘ ਲੰਬੜਦਾਰ, ਪ੍ਰਿਤਪਾਲ ਸਿੰਘ, ਪ੍ਰਧਾਨ ਇੰਦਰਜੀਤ ਸਿੰਘ, ਜੁਝਾਰ ਸਿੰਘ ਸੈਕਟਰੀ, ਸੁਰਿੰਦਰ ਸਿੰਘ ਪਟਵਾਰੀ, ਗੁਰਿੰਦਰ ਸਿੰਘ ਭੋਲਾ ਆਦਿ ਹਾਜ਼ਰ ਸਨ।