ਸੀਸਵਾਂ ਨਦੀ ’ਚ ਮੁੜ ਛੱਡਿਆ ਕੈਮੀਕਲ ਵਾਲਾ ਪਾਣੀ, ਇਲਾਕਾ ਵਾਸੀ ਸਹਿਮੇ
ਸੀਸਵਾਂ ਨਦੀ ਵਿਚ ਮੁੜ ਛੱਡਿਆ ਗਿਆ ਕੈਮੀਕਲ ਵਾਲਾ ਪਾਣੀ,ਇਲਾਕਾਂ ਵਾਸੀ ਸਹਿਮੇ
Publish Date: Wed, 21 Jan 2026 06:38 PM (IST)
Updated Date: Wed, 21 Jan 2026 06:39 PM (IST)

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ ਸ੍ਰੀ ਚਮਕੌਰ ਸਾਹਿਬ : ਨਜ਼ਦੀਕੀ ਪਿੰਡ ਖੇੜੀ ਸਲਾਬਤਪੁਰ ਅਤੇ ਕਮਾਲਪੁਰ ਦੇ ਦਰਮਿਆਨ ਲੰਘਦੀ ਸੀਸਵਾਂ ਨਦੀ ਵਿਚ ਇੱਕ ਵਾਰ ਫਿਰ ਕੈਮੀਕਲ ਮਿਲਿਆ ਹੋਇਆ ਗੰਦਲਾ ਪਾਣੀ ਛੱਡੇ ਜਾਣ ਨਾਲ ਇਲਾਕੇ ਵਿਚ ਭਾਰੀ ਚਿੰਤਾ ਦਾ ਮਾਹੌਲ ਬਣ ਗਿਆ ਹੈ। ਲਗਭਗ ਦੋ ਮਹੀਨੇ ਪਹਿਲਾਂ ਕੁਰਾਲੀ ਇਲਾਕੇ ਵਿਚ ਸਥਿਤ ਕੁਝ ਫੈਕਟਰੀਆਂ ਵੱਲੋਂ ਸੀਸਵਾਂ ਨਦੀ ਵਿਚ ਕੈਮੀਕਲ ਯੁਕਤ ਪਾਣੀ ਛੱਡਿਆ ਗਿਆ ਸੀ, ਜਿਸ ਨੂੰ ਸ੍ਰੀ ਚਮਕੌਰ ਸਾਹਿਬ ਮੋਰਚਾ ਅਤੇ ਇਲਾਕਾ ਨਿਵਾਸੀਆਂ ਦੇ ਸਖ਼ਤ ਵਿਰੋਧ ਤੋਂ ਬਾਅਦ ਬੰਦ ਕਰਵਾਇਆ ਗਿਆ ਸੀ। ਪਰ ਇੱਕ ਮਹੀਨਾ ਬੀਤਣ ਉਪਰੰਤ ਫਿਰ ਤੋਂ ਉਸੇ ਤਰ੍ਹਾਂ ਦਾ ਕੈਮੀਕਲ ਵਾਲਾ ਪਾਣੀ ਨਦੀ ਵਿੱਚ ਛੱਡਿਆ ਜਾ ਰਿਹਾ ਹੈ, ਜਿਸ ਨਾਲ ਇਲਾਕੇ ਦੀ ਵਾਤਾਵਰਨ ਦੀ ਸਥਿਤੀ ਖਰਾਬ ਹੋ ਗਈ ਹੈ। ਨਦੀ ਦੇ ਪਾਣੀ ਵਿੱਚੋਂ ਤੇਜ਼ ਬਦਬੂ ਆਉਣ ਕਾਰਨ ਨੇੜਲੇ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਲਈ ਬੈਠਣਾ ਵੀ ਮੁਸ਼ਕਿਲ ਹੋ ਗਿਆ ਹੈ। ਇਹ ਗੰਦਾ ਪਾਣੀ ਧਰਤੀ ਹੇਠਲੇ ਪੀਣ ਯੋਗ ਪਾਣੀ ਨੂੰ ਵੀ ਦੂਸ਼ਿਤ ਕਰ ਰਿਹਾ ਹੈ, ਜਿਸ ਨਾਲ ਭਵਿੱਖ ਵਿਚ ਭਿਆਨਕ ਸਿਹਤ ਸਮੱਸਿਆਵਾਂ ਪੈਦਾ ਹੋਣ ਦਾ ਖ਼ਤਰਾ ਬਣ ਗਿਆ ਹੈ। ਇਸ ਕੈਮੀਕਲ ਵਾਲੇ ਪਾਣੀ ਕਾਰਨ ਪਸ਼ੂ-ਪੰਛੀਆਂ ਅਤੇ ਹੋਰ ਜਾਨਵਰਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਇਲਾਕੇ ਦੇ ਵਸਨੀਕਾਂ ਵਿਚ ਡਰ ਅਤੇ ਗੁੱਸਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ, ਸਰਪੰਚ ਹਾਕਮ ਸਿੰਘ, ਰਿਟਾ.ਬੀਡੀਓ ਚਰਨਜੀਤ ਸਿੰਘ ਅਤੇ ਬਲਦੇਵ ਸਿੰਘ ਨੇ ਸਾਂਝੇ ਤੌਰ ‘ਤੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਲਦ ਤੋਂ ਜਲਦ ਇਸ ਕੈਮੀਕਲ ਵਾਲੇ ਪਾਣੀ ਨੂੰ ਨਦੀ ਵਿਚ ਛੱਡਣ ‘ਤੇ ਪੂਰੀ ਤਰ੍ਹਾਂ ਰੋਕ ਨਾ ਲਗਾਈ ਗਈ, ਤਾਂ ਸ੍ਰੀ ਚਮਕੌਰ ਸਾਹਿਬ ਮੋਰਚਾ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸੰਬੰਧਿਤ ਵਿਭਾਗਾਂ ਅਤੇ ਪ੍ਰਸ਼ਾਸਨ ਦੀ ਹੋਵੇਗੀ।