- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਈਕੋਰਟ ਦੇ ਹੁਕਮਾਂ ਮਗਰੋਂ ਰੋਹਿਤ ਕਾਲੀਆ ਨੇ ਮੁੜ ਸੰਭਾਲੀ ਨੰਗਲ ਟਰੱਕ ਯੂਨੀਅਨ ਦੀ ਪ੍ਰਧਾਨਗੀ

ਕਿਹਾ- ਗ਼ਬਨ ਦੀ ਜਾਂਚ ਅਸੀਂ ਸ਼ੁਰੂ ਕਰਵਾਈ ਸੀ, ਨਤੀਜਾ ਵੀ ਭੁਗਤਿਆ ਪਰ ਜਾਂਚ ਕਰਵਾ ਕੇ ਹਟਾਂਗੇ ’ਤੇ ਪਾਈ-ਪਾਈ ਦੀ ਭਰਪਾਈ ਕਰਵਾਵਾਂਗੇ
ਪੰਜਾਬੀ ਜਾਗਰਣ ਟੀਮ, ਨੰਗਲ: ਦੀ ਨੰਗਲ ਸਹਿਕਾਰੀ ਟਰੱਕ ਅਪਰੇਟਰਜ਼ ਗੁੱਡਜ਼ ਕੈਰੀਅਰ ਟਰਾਸਪੋਰਟ ਸਭਾ ਲਿਮਟਡ ਦੀ ਚੁਣੀ ਹੋਈ ਪ੍ਰਬੰਧਕੀ ਕਮੇਟੀ ਨੂੰ ਲੈ ਕੇ ਪਿਛਲੇ ਸਮੇਂ ਤੋਂ ਚੱਲ ਰਹੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਚੁਣੀ ਹੋਈ ਪ੍ਰਬੰਧਕੀ ਕਮੇਟੀ ਨੂੰ ਮੁੜ ਬਹਾਲ ਕਰਨ ਦੇ ਜਾਰੀ ਕੀਤੇ ਨਿਰਦੇਸ਼ਾ ਮਗਰੋਂ ਰੋਹਿਤ ਕਾਲੀਆ ਨੇ ਮੁੜ ਨੰਗਲ ਟਰੱਕ ਯੂਨੀਅਨ ਦੇ ਪ੍ਰਧਾਨ ਵਜੋਂ ਮੁੜ ਚਾਰਜ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ 4 ਸਾਲਾਂ ’ਚ ਉਨ੍ਹਾਂ ਨੇ ਤੀਜੀ ਵਾਰ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਹੈ। ਪ੍ਰਧਾਨ ਰੋਹਿਤ ਕਾਲੀਆ ਨੇ ਸਪੱਸ਼ਟ ਕੀਤਾ ਕਿ ਯੂਨੀਅਨ ’ਚ ਚੱਲ ਰਹੀ ਗੜਬੜੀ ਤੇ ਗਬਨ ਦੀ ਜਾਂਚ ਉਨ੍ਹਾਂ ਦੀ ਕਮੇਟੀ ਨੇ ਹੀ ਸ਼ੁਰੂ ਕਰਵਾਈ ਸੀ। ਪ੍ਰਮਾਤਮਾ ’ਤੇ ਭਰੋਸਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਮਾਨਦਾਰੀ ਨਾਲ ਕੰਮ ਕੀਤਾ ਸੀ ਪਰ ਜਾਂਚ ਦਾ ਨਤੀਜਾ ਉਨ੍ਹਾਂ ਨੂੰ ਹੀ ਭੁਗਤਣਾ ਪਿਆ ਤੇ ਉਨ੍ਹਾਂ ਨੂੰ ਹੀ ਮੁਅੱਤਲ ਕਰ ਦਿੱਤਾ ਗਿਆ। ਉਨ੍ਹਾਂ ਖੁਲਾਸਾ ਕੀਤਾ ਕਿ ਵਿਭਾਗ ਵੱਲੋਂ ਇਕ ਆਡਿਟ ਰਿਪੋਰਟ (11-11-2025) ਆਈ ਸੀ, ਜਿਸਦਾ ਜਵਾਬ ਦੇਣ ਲਈ ਕਮੇਟੀ ਨੂੰ 15 ਦਿਨਾਂ ਦਾ ਨੋਟਿਸ ਪੀਰੀਅਡ ਮਿਲਣਾ ਚਾਹੀਦਾ ਸੀ ਪਰ ਉਹ ਰਿਪੋਰਟ ਉਨ੍ਹਾਂ ਨੂੰ ਰਿਸੀਵ ਹੀ ਨਹੀਂ ਕਰਵਾਈ ਗਈ। ਇਸੇ ਦੇ ਆਧਾਰ ’ਤੇ ਬਿਨਾਂ ਪੱਖ ਸੁਣੇ 29 ਜਨਵਰੀ 2026 ਨੂੰ ਸ਼ਾਮ ਕਰੀਬ 4:30 ਵਜੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਮਾਣਯੋਗ ਹਾਈਕੋਰਟ ਨੇ ਉਨ੍ਹਾਂ ਦੀ ਮੁਅੱਤਲੀ ’ਤੇ ਸਟੇਅ ਲਗਾ ਦਿੱਤੀ ਹੈ। ਅਦਾਲਤ ਵੱਲੋਂ 3 ਅਕਤੂਬਰ ਨੂੰ ਸ਼ਾਮ 5 ਵਜੇ ਤੋਂ ਪਹਿਲਾਂ ਉਨ੍ਹਾਂ ਨੂੰ ਸੀਟ ’ਤੇ ਬਿਠਾਉਣ ਦੇ ਸਖ਼ਤ ਆਦੇਸ਼ ਜਾਰੀ ਕੀਤੇ ਗਏ ਸਨ। ਜਿਸਦੀ ਪਾਲਣਾ ਕਰਦਿਆਂ ਏਆਰ ਸਾਹਿਬ ਵੱਲੋਂ ਤੁਰੰਤ ਲੈਟਰ ਭੇਜ ਕੇ ਉਨ੍ਹਾਂ ਨੂੰ ਅਹੁਦਾ ਸੌਂਪਿਆ ਗਿਆ। ਉਨ੍ਹਾਂ ਦੱਸਿਆ ਕਿ ਜੇਕਰ ਅਜਿਹਾ ਨਾ ਹੁੰਦਾ ਤਾਂ 6 ਤਰੀਕ ਨੂੰ ਰਜਿਸਟਰਾਰ ਸਾਹਿਬ ਨੂੰ ਹਾਈਕੋਰਟ ’ਚ ਪੇਸ਼ ਹੋਣ ਦੇ ਹੁਕਮ ਸਨ। ਗਬਨ ਦੇ ਮਾਮਲੇ ’ਤੇ ਬੋਲਦਿਆਂ ਰੋਹਿਤ ਕਾਲੀਆ ਨੇ ਦੱਸਿਆ ਕਿ ਇਹ ਕੇਸ ਏ.ਆਰ. ਸਾਹਿਬ ਅਤੇ ਜੁਆਇੰਟ ਰਜਿਸਟਰਾਰ ਪਟਿਆਲਾ ਕੋਲ ਚੱਲ ਰਹੇ ਹਨ ਅਤੇ ਜਾਇਦਾਦ ਅਟੈਚ ਕਰਨ ਸਬੰਧੀ ਅਪੀਲ ਦੀ ਸੁਣਵਾਈ 13 ਤਰੀਕ ਨੂੰ ਹੈ। ਉਨ੍ਹਾਂ ਕਿਹਾ ਕਿ ਇਹ ਗਰੀਬ ਆਪਰੇਟਰਾਂ ਦਾ ਪੈਸਾ ਹੈ, ਜਿਸਨੇ ਵੀ ਗਬਨ ਕੀਤਾ ਹੈ, ਉਸ ਕੋਲੋਂ ਸੁਸਾਇਟੀ ਦੇ ਇੱਕ-ਇੱਕ ਪੈਸੇ ਦੀ ਭਰਪਾਈ ਕਰਵਾਈ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਉਹ ਯੂਨੀਅਨ ਦੇ ਪਹਿਲੇ ਪ੍ਰਧਾਨ ਹਨ ਜਿਹਨਾਂ ਨੇ ਆਪਣੇ ਸਵਾ ਤਿੰਨ ਸਾਲ ਦੇ ਕਾਰਜਕਾਲ ’ਚ ਯੂਨੀਅਨ ਦੇ 48 ਲੱਖ ਰੁਪਏ ਜੋੜੇ ਸਨ। ਜਿੱਥੇ ਵੀ ਪੰਪ ਜਾਂ ਹੋਰ ਜਗ੍ਹਾ ਗੜਬੜ ਹੋਈ ਹੈ, ਉਸਦੀ ਪੂਰੀ ਜਾਂਚ ਹੋਵੇਗੀ। ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਿਛਲੇ 8 ਮਹੀਨਿਆਂ ਦੇ ਕਾਰਜਕਾਲ ’ਚ ਕਈ ਅਹਿਮ ਕੰਮ ਕੀਤੇ। ਪੀਏਸੀਐਲ ਦੇ ਚੱਲਦੇ 12 ਟਰਾਲਿਆਂ ਨੂੰ ਮੰਤਰੀ ਸਾਹਿਬ ਰਾਹੀਂ ਘਟਾ ਕੇ 6 ਕਰਵਾਇਆ ਗਿਆ, ਜਿਸ ਨਾਲ ਯੂਨੀਅਨ ਦਾ ਕੰਮ ਵਧਿਆ। ਇਸਤੋਂ ਇਲਾਵਾ ਐੱਨਐੱਫਐੱਲ ਦੀ ਖਾਦ ਢੋਣ ਦੇ ਕੰਮ ਨੂੰ ਵੀ ਜਲਦ ਸੁਚਾਰੂ ਢੰਗ ਨਾਲ ਮੁੜ ਲੀਹ ’ਤੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਸਰਕਾਰ ਨੇ ਉਨ੍ਹਾਂ ਦੀਆਂ ਪਾਸਿੰਗ (ਨੰਗਲ-ਰੂਪਨਗਰ) ਅਤੇ ਟੋਲ ਟੈਕਸ ਹਟਾਉਣ ਸਬੰਧੀ ਮੰਗਾਂ ਮੰਨੀਆਂ ਹਨ, ਜਿਸਦੀ ਉਹ ਸ਼ਲਾਘਾ ਕਰਦੇ ਹਨ।ਯੂਨੀਅਨ ਦੇ ਪੈਟਰੋਲ ਪੰਪ ਤੋਂ ਟਰੱਕ ਆਪਰੇਟਰਾਂ ਨੂੰ ਉਧਾਰ ਤੇਲ ਨਾ ਮਿਲਣ ਦੇ ਸਵਾਲ ’ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਉਨ੍ਹਾਂ ਨੇ ਪ੍ਰਧਾਨਗੀ ਸੰਭਾਲੀ ਸੀ ਤਾਂ ਮਹੀਨੇ ਦੇ ਸਿਰਫ 2-3 ਟੈਂਕਰ ਆਉਂਦੇ ਸਨ, ਪਰ ਉਨ੍ਹਾਂ ਦੀ ਕਮੇਟੀ ਨੇ ਇਸਨੂੰ ਵਧਾ ਕੇ 6 ਟੈਂਕਰਾਂ ਤੱਕ ਪਹੁੰਚਾਇਆ। ਇੱਥੋਂ ਤੱਕ ਕਿ ਸਤੰਬਰ 2024 ’ਚ ਪੰਪ ਦੇ ਮੁਨਾਫੇ ਵਿੱਚੋਂ 9 ਲੱਖ ਰੁਪਏ ਦੀ ਐਫ.ਡੀ. ਵੀ ਕਰਵਾਈ ਗਈ ਸੀ, ਜੋ ਕਿ ਪੰਪ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ। ਉਨ੍ਹਾਂ ਦੱਸਿਆ ਕਿ ਨਵੇਂ ਪੁਲ ਕਾਰਨ ਸਾਰਾ ਟਰੈਫਿਕ ਅਤੇ ਗੱਡੀਆਂ ਪੰਪ ਵੱਲ ਆ ਗਈਆਂ ਹਨ, ਜਿਸ ਨਾਲ ਮੰਗ ਵਧੀ ਹੈ। ਪਰ ਯੂਨੀਅਨ ਕੋਲ ਇੰਨੀ ਵੱਡੀ ਰਕਮ ਨਹੀਂ ਹੈ ਕਿ ਉਹ ਕਰੋੜਾਂ ਰੁਪਏ ਦਾ ਤੇਲ ਸਭ ਨੂੰ ਉਧਾਰ ਦੇ ਸਕੇ। ਰੋਹਿਤ ਕਾਲੀਆ ਨੇ ਉਨ੍ਹਾਂ ਦਾ ਸਾਥ ਦੇਣ ਲਈ ਸ੍ਰੀ ਅਨੰਦਪੁਰ ਸਾਹਿਬ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਜੀਤਾ, ਐੱਮਸੀ ਇੰਦਰਜੀਤ ਅਰੋੜਾ, ਨੰਗਲ ਕੌਂਸਲ ਦੇ ਐੱਮਸੀ ਸਾਹਿਬਾਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਪਾਲ ਸਿੰਘ ਢਾਹੇ, ਟਰੱਕ ਡਰਾਈਵਰਾਂ ਤੇ ਮੀਡੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਜੀਤਾ, ਜਸਪਾਲ ਸਿੰਘ ਢਾਹੇ, ਕੌਂਲਸਰ ਹਰਦੀਪ ਸਿੰਘ ਬਰਾਰੀ, ਲਵਲੀ ਆਂਗਰਾ, ਰਾਜੇਸ਼ ਕੁਮਾਰ ਮਹਾਸ਼ਾ, ਮਨਜੋਤ ਸਿੰਘ ਰਾਣਾ, ਨਰਿੰਦਰ ਸਿੰਘ ਨਿੰਦੀ, ਇੰਦਰਜੀਤ ਅਰੋੜਾ, ਹੁਸ਼ਿਆਰ ਸਿੰਘ ਭੱਲੜੀ, ਬਲਬੀਰ ਸਿੰਘ, ਰਿਸ਼ਵ ਉੱਪਲ, ਅਮਨੋਲ ਸੀਕਰੀ, ਸਕੰਦਰ ਸਿੰਘ, ਸੁਖਵਿੰਦਰ ਸਿੰਘ ਕਲੋਤਾ, ਮਹਿੰਦਰ ਸਿੰਘ ਗੰਗੂਵਾਲ, ਦਰਸ਼ਨ ਸਿੰਘ, ਕਸ਼ਮੀਰ ਸਿੰਘ, ਦਵਿੰਦਰ ਸਿੰਘ ਮਹਿਰੋਲੀ, ਚਰਨਜੀਤ ਸਿੰਘ, ਅਸ਼ਵਨੀ ਕੁਮਾਰ, ਭਾਗ ਸਿੰਘ, ਨੇਮ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ’ ਚ ਟਰੱਕ ਅਪਰੇਟਰ ਹਾਜ਼ਰ ਸਨ।