ਹਿਮਾਚਲ ਵੱਲ ਜਾਣ ਵਾਲੇ ਰਸਤੇ ਅੱਜ ਅੱਧੀ ਰਾਤ ਤੋਂ ਹੋਣਗੇ ਬੰਦ : ਗੋਰਵ ਰਾਣਾ, ਹਰਪ੍ਰੀਤ ਸਿੰਘ
ਹਿਮਾਚਲ ਪ੍ਰਦੇਸ਼ ਵੱਲ ਜਾਣ ਵਾਲੇ ਰਸਤੇ 31 ਮਾਰਚ ਅੱਧੀ ਰਾਤ ਤੋਂ ਹੋਣਗੇ ਬੰਦ: ਗੋਰਵ ਰਾਣਾ, ਹਰਪ੍ਰੀਤ ਸਿੰਘ
Publish Date: Mon, 30 Mar 2026 06:22 PM (IST)
Updated Date: Mon, 30 Mar 2026 06:24 PM (IST)

ਬਿਲਾਸਪੁਰ ਦੇ ਮਾਨ ਸਿੰਘ ਧੀਮਾਨ ਨੇ ਹਿਮਾਚਲ ਸਰਕਾਰ ਨੂੰ ਫੈਸਲਾ ਵਾਪਸ ਲੈਣ ਦੀ ਕੀਤੀ ਅਪੀਲ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : 31 ਮਾਰਚ ਦੀ ਰਾਤ 12 ਵਜੇ ਤੋਂ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਤਮਾਮ ਰਸਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਗੂ ਗੋਰਵ ਰਾਣਾ ਅਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਫੈਸਲਾ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਐਂਟਰੀ ਟੈਕਸਾਂ ਵਿਚ ਕੀਤੇ ਗਏ ਵਾਧੇ ਦੇ ਵਿਰੋਧ ਵਜੋਂ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਧੇ ਕਾਰਨ ਆਮ ਲੋਕਾਂ, ਟਰਾਂਸਪੋਰਟਰਾਂ ਅਤੇ ਵਪਾਰੀਆਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਦੀ ਸੁੱਖੂ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਟੈਕਸ ਲੋਕ ਵਿਰੋਧੀ ਹਨ ਅਤੇ ਇਨ੍ਹਾਂ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਜੇਕਰ ਸਰਕਾਰ ਨੇ ਇਸ ਮਾਮਲੇ ਵਿਚ ਜਲਦ ਫੈਸਲਾ ਨਾ ਲਿਆ ਤਾਂ ਇਸ ਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ। ਗੋਰਵ ਰਾਣਾ ਅਤੇ ਹਰਪ੍ਰੀਤ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇਕਰ ਟੈਕਸ ਵਾਧਾ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਰਸਤੇ ਬੰਦ ਕਰਨ ਦਾ ਮਕਸਦ ਕਿਸੇ ਨੂੰ ਤਕਲੀਫ਼ ਦੇਣਾ ਨਹੀਂ, ਸਗੋਂ ਸਰਕਾਰ ਦਾ ਧਿਆਨ ਲੋਕਾਂ ਦੀਆਂ ਮੁਸ਼ਕਲਾਂ ਵੱਲ ਖਿੱਚਣਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਘਰਸ਼ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣ। ਇਸ ਐਲਾਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵੱਲ ਜਾਣ ਵਾਲੇ ਯਾਤਰੀਆਂ ਅਤੇ ਵਪਾਰ ਨਾਲ ਜੁੜੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਪ੍ਰਸ਼ਾਸਨ ਵੱਲੋਂ ਵੀ ਹਾਲਾਤਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਤੋਂ ਜ਼ਿਲ੍ਹਾ ਪਰਿਸ਼ਦ ਦੇ ਵਾਈਸ ਚੇਅਰਮੈਨ ਮਾਨ ਸਿੰਘ ਧੀਮਾਨ ਵੱਲੋਂ ਹਿਮਾਚਲ ਪ੍ਰਦੇਸ਼ ਸਰਕਾਰ ਦੇ ਹਾਲੀਆ ਫੈਸਲੇ ਖ਼ਿਲਾਫ਼ ਸਖਤ ਪ੍ਰਤੀਕਿਰਿਆ ਪ੍ਰਗਟ ਕੀਤੀ ਗਈ ਹੈ। ਉਨ੍ਹਾਂ ਨੇ ਆਪਣੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਫੈਸਲਾ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਉਹ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਹਿਮਾਚਲ ਦੀਆਂ ਸਰਹੱਦਾਂ ‘ਤੇ ਧਰਨੇ ਦੇਣ ਲਈ ਮਜਬੂਰ ਹੋਣਗੇ। ਧੀਮਾਨ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਆਮ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਪੰਜਾਬ ਅਤੇ ਹਿਮਾਚਲ ਦੇ ਦਰਮਿਆਨ ਆਉਣ-ਜਾਣ ਵਾਲੇ ਲੋਕਾਂ ਅਤੇ ਵਪਾਰੀਆਂ ਨੂੰ ਇਸ ਨਾਲ ਆਰਥਿਕ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਇਹ ਫੈਸਲਾ ਲੈਂਦੇ ਹੋਏ ਲੋਕਾਂ ਦੀਆਂ ਭਾਵਨਾਵਾਂ ਅਤੇ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕੀਤਾ ਹੈ।ਉਨ੍ਹਾਂ ਅੱਗੇ ਕਿਹਾ ਕਿ ਜੇਕਰ ਹਿਮਾਚਲ ਸਰਕਾਰ ਆਪਣਾ ਰਵੱਈਆ ਨਹੀਂ ਬਦਲ ਦੀ ਹੈ ਤਾਂ ਇਹ ਮੁੱਦਾ ਵੱਡੇ ਪੱਧਰ ‘ਤੇ ਉੱਠਾਇਆ ਜਾਵੇਗਾ ਅਤੇ ਸਰਹੱਦਾਂ ‘ਤੇ ਸ਼ਾਂਤੀਪੂਰਨ ਧਰਨੇ ਲਗਾ ਕੇ ਸਰਕਾਰ ਨੂੰ ਜਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੰਘਰਸ਼ ਵਿਚ ਪੰਜਾਬ ਦੇ ਲੋਕ ਵੀ ਪੂਰਾ ਸਾਥ ਦੇਣ ਲਈ ਤਿਆਰ ਹਨ, ਜਿਸ ਨਾਲ ਅੰਦੋਲਨ ਹੋਰ ਮਜ਼ਬੂਤ ਹੋਵੇਗਾ। ਧੀਮਾਨ ਨੇ ਹਿਮਾਚਲ ਪ੍ਰਦੇਸ਼ ਦੀ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਤੁਰੰਤ ਇਸ ਫੈਸਲੇ ਨੂੰ ਰੱਦ ਕੀਤਾ ਜਾਵੇ, ਤਾਂ ਜੋ ਦੋਵੇਂ ਸੂਬਿਆਂ ਦੇ ਲੋਕਾਂ ਵਿਚ ਕਿਸੇ ਕਿਸਮ ਦੀ ਨਾਰਾਜ਼ਗੀ ਨਾ ਪੈਦਾ ਹੋਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਮੇਂ ਸਿਰ ਕੋਈ ਕਦਮ ਨਾ ਚੁੱਕਿਆ ਤਾਂ ਇਸ ਦਾ ਖਮਿਆਜ਼ਾ ਸਰਕਾਰ ਨੂੰ ਆਉਣ ਵਾਲੇ ਸਮੇਂ ਵਿਚ ਭੁਗਤਣਾ ਪੈ ਸਕਦਾ ਹੈ। ਇਸ ਬਿਆਨ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਗਿਆ ਹੈ ਅਤੇ ਹੁਣ ਸਭ ਦੀਆਂ ਨਜ਼ਰਾਂ ਹਿਮਾਚਲ ਸਰਕਾਰ ਦੇ ਅਗਲੇ ਕਦਮ ‘ਤੇ ਟਿਕੀਆਂ ਹੋਈਆਂ ਹਨ।