ਚੀਨੀ ਦੀਆਂ ਕੀਮਤਾਂ ’ਚ ਰਿਕਾਰਡ ਤੋੜ ਵਾਧੇ ਕਾਰਨ ਲੋਕ ਪ੍ਰੇਸ਼ਾਨ ਵੱਧਦੀ ਜਾ ਰਹੀ ਮਹਿੰਗਾਈ ਦੀ ਵੱਡੀ ਮਾਰ, ਆਖਿਰ ਕਿੱਧਰ
Publish Date: Fri, 21 Aug 2026 05:32 PM (IST)
Updated Date: Fri, 21 Aug 2026 05:33 PM (IST)
ਜੌਲੀ ਸੂਦ, ਪੰਜਾਬੀ ਜਾਗਰਣ ਮੋਰਿੰਡਾ : ਗੈਸ ਸਿਲੰਡਰ, ਪੈਟ੍ਰੋਲ, ਡੀਜ਼ਲ, ਸਰੋਂ ਦੇ ਤੇਲ, ਸਬਜ਼ੀਆਂ, ਫ਼ਲ, ਦੁੱਧ ਆਦਿ ਤੋਂ ਬਾਅਦ ਹੁਣ ਬੀਤੇ ਦਿਨੀਂ ਘਰੇਲੂ ਰਸੋਈ ਦੀ ਜਰੂਰੀ ਵਸਤੂ ਚੀਨੀ ਦੀਆਂ ਕੀਮਤਾਂ ਵਿਚ ਵੀ ਰਿਕਾਰਡ ਤੋੜ ਵਾਧਾ ਕੀਤਾ ਗਿਆ ਹੈ. ਜਿਸਦੇ ਕਾਰਨ ਲੋਕੀ ਬੇਹੱਦ ਪ੍ਰੇਸ਼ਾਨ ਹਨ। ਇਸ ਸਬੰਧੀ ਯੂਥ ਆਗੂ ਹਰਪਿੰਦਰ ਸਿੰਘ ਰਾਣਾ, ਸਮਾਜ ਸੇਵੀ ਬਲਵੀਰ ਸਿੰਘ ਲਾਲਾ, ਸਰਪੰਚ ਗੁਰਵਿੰਦਰ ਸਿੰਘ ਅੰਜਾ ਧਨੌਰੀ, ਐਡਵੋਕੇਟ ਪਰਮਿੰਦਰ ਸਿੰਘ ਤੂਰ, ਸੁਖਵਿੰਦਰ ਸਿੰਘ ਰਿੰਕੂ, ਅਮਰਜੀਤ ਸਿੰਘ ਲੱਲਾ ਰੌਣੀ, ਸਮਾਜ ਸੇਵੀ ਸੁਖਵਿੰਦਰ ਸਿੰਘ ਮੁੰਡੀਆਂ, ਕਿਸਾਨ ਆਗੂ ਮਲਕੀਤ ਸਿੰਘ ਸੇਖੋਂ ਕਕਰਾਲੀ, ਕਿਸਾਨ ਆਗੂ ਜਸਵਿੰਦਰ ਸਿੰਘ ਕਾਈਨੌਰ, ਨੌਜਵਾਨ ਆਗੂ ਵੁਗੇਸ਼ ਕੁਮਾਰ ਚੂਚੂ, ਸਮਾਜ ਸੇਵੀ ਪਰਮਿੰਦਰ ਸਿੰਘ ਸੋਨੂ ਖੁਰਲ, ਪ੍ਰਿਤਪਾਲ ਸਿੰਘ, ਰਵਿੰਦਰ ਸਿੰਘ ਆਦਿ ਨੇ ਕਿਹਾ ਕਿ ਰੋਜ਼ਾਨਾ ਜੀਵਨ ਲਈ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਪਿੱਛਲੇ ਕੁੱਝ ਸਾਲਾਂ ਦੇ ਮੁਕਾਬਲੇ ਸਿਖ਼ਰ ’ਤੇ ਹਨ ਅਤੇ ਬੀਤੇ ਦਿਨ ਸਟਾਕ ਦੀ ਕਮੀ ਆਦਿ ਦਾ ਬਹਾਨਾ ਬਣਾ ਕੇ ਚੀਨੀ ਦੀ ਕੀਮਤ 45 ਰੁਪਏ ਤੋਂ ਵਧਾ ਕੇ ਸਿੱਧਾ 60 ਰੁਪਏ ਪ੍ਰਤੀ ਕਿਲੋ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਦੁੱਧ ਦੀ ਕੀਮਤ ਵੀ ਪਿਛਲੇ ਇੱਕ ਸਾਲ ਦੌਰਾਨ ਲੱਗਭੱਗ 50 ਰੁਪਏ ਤੋਂ ਵੱਧ ਕੇ 75 ਰੁਪਏ ਪ੍ਰਤੀ ਲੀਟਰ ਦੇ ਆਸ-ਪਾਸ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਜ਼ਾਹਰ ਜਿਹੀ ਗੱਲ ਹੈ ਕਿ ਪੈਟ੍ਰੋਲ, ਗੈਸ ਸਿਲੰਡਰ, ਚੀਨੀ, ਸਰੋਂ ਦੇ ਤੇਲ, ਕਰਿਆਨੇ ਦਾ ਸਮਾਨ, ਸਬਜ਼ੀਆਂ, ਦੁੱਧ ਅਤੇ ਹੋਰ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਭਾਰੀ ਵਾਧੇ ਦਾ ਸਿੱਧਾ ਅਸਰ ਹਰ ਉਸ ਖਾਣ-ਪੀਣ ਵਾਲੀ ਚੀਜ਼ ਦੀ ਕੀਮਤ ’ਤੇ ਪਵੇਗਾ, ਜੋ ਇਨ੍ਹਾਂ ਵਸਤਾਂ ਨਾਲ ਤਿਆਰ ਹੁੰਦੀ ਹੈ। ਇਸ ਦਾ ਸਭ ਤੋਂ ਵੱਡਾ ਬੋਝ ਆਮ ਗਰੀਬ ਵਿਅਕਤੀ ਦੀ ਜ਼ੇਬ ਅਤੇ ਪਰਿਵਾਰ ਦੇ ਮਹੀਨਾਵਾਰ ਬਜਟ ’ਤੇ ਪੈਂਦਾ ਹੈ। ਉਨ੍ਹਾ ਕਿਹਾ ਕਿ ਇੱਕ ਪਾਸੇ ਤਾਂ ਕੇਂਦਰ ਅਤੇ ਰਾਜ ਸਰਕਾਰਾਂ ਜਨਤਾ ਨੂੰ ਵੱਖ-ਵੱਖ ਲੋਕ ਭਲਾਈ ਸਹੂਲਤਾਂ, ਸੇਵਾਵਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਹਨ, ਜਦੋਂ ਕਿ ਜ਼ਮੀਨੀ ਹਕੀਕਤ ਇਸ ਤੋਂ ਬਿਲਕੁੱਲ ਉਲਟ ਹੈ। ਉਨ੍ਹਾਂ ਕਿਹਾ ਕਿ ਮੁਲਕ ਦਾ ਨੌਜਵਾਨ ਬੇਰੁਜ਼ਗਾਰੀ, ਨਸ਼ਿਆਂ ਆਦਿ ਨਾਲ ਤਾਂ ਜੂਝ ਹੀ ਰਿਹਾ ਸੀ, ਉੱਤੋਂ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਤੋਂ ਠੀਕ ਪਹਿਲਾਂ ਜ਼ਰੂਰੀ ਵਸਤਾਂ ਦੇ ਇਸ ਭਾਰੀ ਵਾਧੇ ਕਰਕੇ ਮਜ਼ਦੂਰ ਵਰਗ/ਪ੍ਰਾਈਵੇਟ ਕਰਮਚਾਰੀ, ਆਮ ਜਨਤਾ ’ਤੇ ਮਹਿੰਗਾਈ ਦੀ ਹੋਰ ਵੀ ਜ਼ਿਆਦਾ ਮਾਰ ਪੈ ਰਹੀ ਹੈ। ਇਸ ਨਾਲ ਇੱਕ ਆਮ ਪਰਿਵਾਰ ਲਈ ਮਾਸਿਕ ਆਮਦਨ ਦੇ ਮੁਕਾਬਲੇ ਖਰਚ ਜ਼ਿਆਦਾ ਹੋਣ ਕਾਰਨ ਘਰੇਲੂ ਬਜ਼ਟ ਵੀ ਬਹੁਤ ਵਿਗੜ ਜਾਏਗਾ। ਉਨ੍ਹਾਂ ਕਿਹਾ ਕਿ ਚੀਨੀ ਦਾ ਰੇਟ ਇੱਕ ਸਾਲ ਵਿਚ 42 ਤੋਂ ਸਿੱਧਾ 60 ਰੁਪਏ ਪ੍ਰਤੀ ਕਿਲੋ ਹੋਣ ਨਾਲ ਆਉਣ ਵਾਲੇ ਤਿਉਹਾਰਾਂ ਅਤੇ ਦੀਵਾਲੀ ਮੌਕੇ ਮਠਿਆਈਆਂ ਦੀਆਂ ਕੀਮਤਾਂ ਵਿਚ ਵੀ ਭਾਰੀ ਵਾਧਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਇੱਕ ਆਮ ਗਰੀਬ ਮਜ਼ਦੂਰ ਦੀ ਦਿਹਾੜੀ ਅਤੇ ਇੱਕ ਪ੍ਰਾਈਵੇਟ ਕਰਮਚਾਰੀ ਦੀ ਮਹੀਨਾਵਾਰ ਤਨਖਾਹ ਪਿਛਲੇ ਕਈ ਸਾਲਾਂ ਤੋਂ ਬਹੁਤ ਹੱਦ ਤੱਕ ਉਸੇ ਪੱਧਰ 10-15 ਹਜ਼ਾਰ ’ਤੇ ਹੀ ਟਿਕੀ ਹੋਈ ਹੈ, ਜਦਕਿ ਇਸ ਸਮੇਂ ਦੌਰਾਨ ਮਹਿੰਗਾਈ ਕਈ ਗੁਣਾ ਵਧ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਤਾਂ ਮਜ਼ਦੂਰਾਂ ਦੀ ਦਿਹਾੜੀ ਅਤੇ ਪ੍ਰਾਈਵੇਟ ਕਰਮਚਾਰੀਆਂ ਦੀ ਤਨਖਾਹ ਵਿਚ ਉਸ ਅਨੁਪਾਤ ਵਿਚ ਵਾਧਾ ਕਿਉਂ ਨਹੀਂ ਹੋ ਰਿਹਾ? ਸਰਕਾਰਾਂ ਨੂੰ ਚਾਹੀਦਾ ਹੈ ਕਿ ਆਮ ਲੋਕਾਂ ਦੀ ਆਮਦਨ ਅਤੇ ਖਰਚੇ ਵਿਚਲੇ ਵੱਧ ਰਹੇ ਪਾੜੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਮਜ਼ਦੂਰਾਂ ਦੀ ਦਿਹਾੜੀ ਅਤੇ ਪ੍ਰਾਈਵੇਟ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਵੀ ਵਾਜਬ ਵਾਧਾ ਯਕੀਨੀ ਬਣਾਇਆ ਜਾਵੇ। ਉਨ੍ਹਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿਚ ਆਮ ਪਰਿਵਾਰਾਂ ਦੀ ਮਹੀਨਾਵਾਰ ਆਮਦਨ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਰੂਰੀ ਵਸਤਾਂ ਦੀਆਂ ਦਿਨ-ਪ੍ਰਤੀ-ਦਿਨ ਵਧਾਈਆਂ ਜਾ ਰਹੀਆਂ ਕੀਮਤਾਂ ’ਤੇ ਤੁਰੰਤ ਕਾਬੂ ਪਾਇਆ ਜਾਵੇ। ਜੇਕਰ ਕੋਈ ਵੱਡਾ ਵਪਾਰੀ ਜਮ੍ਹਾਂਖੋਰੀ ਜਾਂ ਕਾਲਾ-ਬਾਜ਼ਾਰੀ ਰਾਹੀਂ ਕਿਸੇ ਜ਼ਰੂਰੀ ਵਸਤੂ ਦੀ ਕੀਮਤ ਵਧਾਉਣ ਵਿਚ ਲੱਗਾ ਹੋਇਆ ਹੈ ਤਾਂ ਉਸ ਦੇ ਗੋਦਾਮਾਂ ’ਤੇ ਛਾਪੇਮਾਰੀ ਕਰਕੇ ਸਟਾਕ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਮ ਜਨਤਾ ਨੂੰ ਰਾਹਤ ਦੇਣਾ ਸਰਕਾਰਾਂ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ। ਮਹਿੰਗਾਈ ’ਤੇ ਕਾਬੂ ਪਾਉਣ ਲਈ ਹੁਣ ਸਿਰਫ਼ ਬਿਆਨ ਨਹੀਂ, ਸਗੋਂ ਠੋਸ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਰੋਜ਼ਾਨਾ ਜੀਵਨ ਲਈ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਤੇ ਜਲਦ ਕਾਬੂ ਨਾ ਪਾਇਆ ਗਿਆ ਤਾਂ ਵੱਧਦੀ ਮਹਿੰਗਾਈ ਨੂੰ ਲੈ ਕੇ ਲੋਕਾਂ ਵਿਚ ਸਰਕਾਰਾਂ ਪ੍ਰਤੀ ਦਿਨ ਪ੍ਰਤੀ ਦਿਨ ਵਧ ਰਹੀ ਨਾਰਾਜ਼ਗੀ ਅਗਲੇ ਸਮੇਂ ਵਿਚ ਵੱਡੇ ਜਨਤਕ ਵਿਰੋਧ/ਅੰਦੋਲਨ ਦਾ ਰੂਪ ਵੀ ਧਾਰਨ ਸਕਦੀ ਹੈ।