ਚੋਣਾਂ ਦੇ ਮੱਦੇਨਜ਼ਰ ਈਵੀਐੱਮ. ਮਸ਼ੀਨਾਂ ਦੀ ਜਾਂਚ ਲਈ ਤਿਆਰੀਆਂ ਦਾ ਜਾਇਜ਼ਾ ਵਿਧਾਨ ਸਭਾ ਚੋਣਾਂ-2027 ਦੇ ਮੱਦੇਨਜ਼ਰ ਈਵੀਐੱਮ. ਮਸ਼ੀਨਾਂ ਦੀ ਪਹਿਲੇ ਪੱਧਰ ਦੀ ਜਾਂਚ ਲਈ ਤਿਆਰੀਆਂ ਦਾ ਜਾਇਜ਼ਾ
Publish Date: Thu, 05 Nov 2026 04:19 PM (IST)
Updated Date: Thu, 05 Nov 2026 04:20 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ : ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਆਗਾਮੀ ਵਿਧਾਨ ਸਭਾ ਚੋਣਾਂ-2027 ਦੇ ਮੱਦੇਨਜ਼ਰ ਜ਼ਿਲ੍ਹਾ ਰੂਪਨਗਰ ’ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ.) ਦੀ ਪਹਿਲੇ ਪੱਧਰ ਦੀ ਜਾਂਚ (ਫਸਟ ਲੈਵਲ ਚੈਕਿੰਗ- ਐਫਐਲਸੀ) ਦੀ ਪ੍ਰਕਿਰਿਆ 12 ਨਵੰਬਰ 2026 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਅਗੇਤੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਸਿਖਲਾਈ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਈਵੀਐੱਮ. ਨੋਡਲ ਅਫ਼ਸਰ ਤੋਂ ਪਹਿਲੇ ਪੱਧਰ ਦੀ ਜਾਂਚ ਸਬੰਧੀ ਹੁਣ ਤੱਕ ਕੀਤੀਆਂ ਗਈਆਂ ਤਿਆਰੀਆਂ ਤੇ ਅਗੇਤੇ ਪ੍ਰਬੰਧਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ। ਉਨ੍ਹਾਂ ਵੱਲੋਂ ਮੀਟਿੰਗ ’ਚ ਮੌਜੂਦ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸਬੰਧਤ ਡਿਊਟੀਆਂ ਤੇ ਜ਼ਿੰਮੇਵਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਤੇ ਹਦਾਇਤ ਕੀਤੀ ਗਈ ਕਿ ਸੌਂਪੀ ਗਈ ਹਰ ਜ਼ਿੰਮੇਵਾਰੀ ਨੂੰ ਪੂਰੀ ਗੰਭੀਰਤਾ, ਤਨਦੇਹੀ ਤੇ ਆਪਸੀ ਤਾਲਮੇਲ ਨਾਲ ਨਿਭਾਇਆ ਜਾਵੇ ਤਾਂ ਜੋ ਜਾਂਚ ਪ੍ਰਕਿਰਿਆ ਨੂੰ ਸੁਚਾਰੂ ਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਨੇ ਐੱਸਐੱਸਪੀ. ਰੂਪਨਗਰ ਮਨਿੰਦਰ ਸਿੰਘ ਨੂੰ ਈਵੀਐੱਮ. ਵੇਅਰਹਾਊਸ ਵਿਖੇ ਪੂਰੇ ਸੁਰੱਖਿਆ ਪ੍ਰਬੰਧ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੇਅਰਹਾਊਸ ਤੇ ਜਾਂਚ ਪ੍ਰਕਿਰਿਆ ਦੌਰਾਨ ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ। ਇਸ ਸਿਖਲਾਈ ਮੀਟਿੰਗ ’ਚ ਜ਼ਿਲ੍ਹਾ ਮਾਲ ਅਫ਼ਸਰ ਰੂਪਨਗਰ (ਈ. ਵੀ. ਐੱਮ. ਨੋਡਲ ਅਫ਼ਸਰ), ਸਹਾਇਕ ਡਾਇਰੈਕਟਰ ਮੱਛੀ ਪਾਲਣ (ਈ.ਵੀ.ਐੱਮ. ਸਹਾਇਕ ਨੋਡਲ ਅਫ਼ਸਰ), ਇੰਸਟ੍ਰਕਟਰ ਦਿਨੇਸ਼ ਸੈਣੀ, ਸਿਵਲ ਸਰਜਨ, ਜ਼ਿਲ੍ਹਾ ਫਾਇਰ ਅਫ਼ਸਰ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਪੀ.ਐੱਸ.ਪੀ.ਸੀ.ਐੱਲ. ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।