ਵਾਰਡ ਨੰ:12 ਦੇ ਨਿਵਾਸੀ ਬਰਸਾਤੀ ਪਾਣੀ ਤੋਂ ਪਰੇਸ਼ਾਨ ਵਾਰਡ ਨੰ:12 ਦੇ ਨਿਵਾਸੀ ਬਰਸਾਤੀ ਬਾਣੀ ਤੋਂ ਪ੍ਰੇਸ਼ਾਨ
Publish Date: Sun, 13 Sep 2026 06:31 PM (IST)
Updated Date: Sun, 13 Sep 2026 06:32 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਦੇ ਪੁਰਾਣਾ ਬੱਸੀ ਰੋਡ ਸਥਿਤ ਵਾਰਡ ਨੰਬਰ:12 ਦੇ ਨਿਵਾਸੀ ਪਿਛਲੇ ਲੰਬੇ ਸਮੇਂ ਤੋਂ ਬਰਸਾਤੀ ਪਾਣੀ ਮੇਨ ਰੋਡ ’ਤੇ ਇਕੱਤਰ ਹੋਣ ਕਾਰਨ ਕਾਫੀ ਪਰੇਸ਼ਾਨ ਹਨ। ਜ਼ਿਕਰਯੋਗ ਹੈ ਕਿ ਵਾਰਡ ਨੀਵਾਂ ਹੋਣ ਕਾਰਨ ਇੱਥੇ ਅਕਸਰ ਹੀ ਬਰਸਾਤੀ ਪਾਣੀ ਜਮ੍ਹਾ ਹੋ ਕੇ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਵਾਸੀਆਂ ਨੇ ਦੱਸਿਆ ਕਿ ਬਰਸਾਤੀ ਮੌਸਮ ਦੌਰਾਨ ਇੱਥੋਂ ਸਕੂਟਰ, ਕਾਰ, ਮੋਟਰਸਾਈਕਲ ਤਾਂ ਦੂਰ ਦੀ ਗੱਲ, ਪੈਦਲ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਸੀਵਰੇਜ ਦਾ ਪਾਣੀ ਵੀ ਓਵਰਫਲੋ ਹੋਣ ਕਾਰਨ ਗਲੀ ’ਚ ਹੀ ਇਕੱਠਾ ਹੋ ਜਾਂਦਾ ਹੈ। ਇਸ ਦੇ ਕਾਰਨ ਮੱਛਰ ਤੇ ਬਦਬੂ ਫੈਲ ਜਾਂਦੀ ਹੈ, ਜਿਸ ਦੇ ਕਾਰਨ ਬਿਮਾਰੀ ਫੈਲਣ ਦਾ ਡਰ ਵੀ ਅਕਸਰ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸਕੂਲੀ ਬੱਚਿਆਂ ਦੀਆਂ ਬੱਸਾਂ ਆਦੀ ਵੀ ਇਸੇ ਮੋੜ ਤੋਂ ਉਨ੍ਹਾਂ ਨੂੰ ਚੜਾਉਂਦੇ ਅਤੇ ਉਤਾਰਦੇ ਹਨ। ਇਸ ਕਾਰਨ ਬੱਚਿਆਂ ਨੂੰ ਵੀ ਭਾਰੀ ਦਿੱਕਤ ਹੁੰਦੀ ਹੈ ਤੇ ਅਕਸਰ ਉਨ੍ਹਾਂ ਦੀ ਵਰਦੀ ਵੀ ਗੰਦੀ ਹੋ ਜਾਂਦੀ ਹੈ। ਇਸ ਸਬੰਧੀ ਯੂਥ ਆਗੂ ਲੱਖੀ ਸ਼ਾਹ, ਮਜੀਦ ਮੋਨੂ ਖਾਨ, ਮਾ.ਸੁਖਬੀਰ ਸਿੰਘ ਆਦਿ ਵਾਰਡ ਨਿਵਾਸੀਆਂ ਨੇ ਦੱਸਿਆ ਕਿ ਉਹ ਇਸ ਸਬੰਧ ਵਿਚ ਅਨੇਕਾਂ ਵਾਰ ਨਗਰ ਕੌਂਸਲ ਦੇ ਅਧਿਕਾਰੀ ਕੋਲ ਗੁਹਾਰ ਲਗਾ ਚੁੱਕੇ ਹਨ ਪ੍ਰੰਤੂ ਅਜੇ ਤੱਕ ਇਸ ਸਮੱੱਸਿਆ ਨੂੰ ਹੱਲ੍ਹ ਕਰਨ ਦੇ ਸਬੰਧ ਵਿਚ ਕੋਈ ਕਾਰਵਾਈ ਨਹੀਂ ਹੋਈ। ਇਸ ਮੌਕੇ ਸਤਨਾਮ ਸਿੰਘ ਸ਼ੈਂਟੀ, ਗੁਰਟੇਕ ਸਿੰਘ, ਲਵਪ੍ਰੀਤ ਸਿੰਘ, ਸਾਧੂ ਸਿੰਘ, ਲਾਡੀ ਕਲੇਰ, ਬਹਾਦਰ ਸਿੰਘ ਸਹੋਤਾ, ਸਰਬਜੀਤ ਸਿੰਘ, ਅਵਤਾਰ ਸਿੰਘ ਆਦਿ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਸਮੱਸਿਆ ਦਾ ਹੱਲ੍ਹ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ’ਚ ਸਥਾਨਕ ਨਿਵਾਸੀਆਂ ਦੇ ਬੱਚਿਆਂ ਨੂੰ ਸਕੂਲ ਆਉਣ ਜਾਣ ਵਿਚ ਅਤੇ ਮੁਹੱਲਾ ਵਾਸੀਆਂ ਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।