ਮੰਡੇਬਰ ਦੇ ਪ੍ਰਧਾਨ ਬਣਨ ’ਤੇ ਪਿੰਡ ਨਿਹੰਗ ਕੋਟਲਾ ਵਾਸੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਮੰਡੇਬਰ ਦੇ ਹਰਿਆਣਾ ਯੂਨਿਟ ਦਾ ਪ੍ਰਧਾਨ ਬਣਨ ’ਤੇ ਪਿੰਡ ਨਿਹੰਗ ਕੋਟਲਾ ਵਾਸੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ
Publish Date: Sun, 18 Oct 2026 05:19 PM (IST)
Updated Date: Sun, 18 Oct 2026 05:21 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸ੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹਰਿਆਣਾ ਯੂਨਿਟ ਦੇ ਪ੍ਰਧਾਨ ਵਜੋਂ ਸੁਖਵਿੰਦਰ ਸਿੰਘ ਮੰਡੇਬਰ ਦੀ ਨਿਯੁਕਤੀ ’ਤੇ ਉਨ੍ਹਾਂ ਦੇ ਜੱਦੀ ਪਿੰਡ ਕੋਟਲਾ ਨਿਹੰਗ ਜ਼ਿਲ੍ਹਾ ਰੂਪਨਗਰ ਦੇ ਵਸਨੀਕਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਸੁਖਵਿੰਦਰ ਸਿੰਘ ਮੰਡੇਬਰ ਦੇ ਪੁਰਖੇ ਇਸੇ ਪਿੰਡ ਦੇ ਵਸਨੀਕ ਸਨ ਅਤੇ ਇੱਥੋਂ ਹੀ ਉਨ੍ਹਾਂ ਦਾ ਪਰਿਵਾਰ ਯਮੁਨਾਨਗਰ ਜਾ ਕੇ ਵੱਸਿਆ ਸੀ। ਇਸ ਸਬੰਧੀ ਆਲ ਇੰਡੀਆ ਸੈਣੀ ਸੇਵਾ ਸਮਾਜ ਦੇ ਮੀਤ ਪ੍ਰਧਾਨ ਅਜਮੇਰ ਸਿੰਘ ਵਾਸੀ ਪਿੰਡ ਨਿਹੰਗ ਕੋਟਲਾ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਮੰਡੇਬਰ ਦਾ ਪਰਿਵਾਰਕ ਪਿਛੋਕੜ ਇਸ ਇਤਿਹਾਸਕ ਪਿੰਡ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਅਨੁਸਾਰ ਸੁਖਵਿੰਦਰ ਸਿੰਘ ਮੰਡੇਬਰ, ਪੁੱਤਰ ਸ. ਜਗਤ ਸਿੰਘ, ਪੋਤਰੇ ਸ. ਸਿਬਾ ਸਿੰਘ ਅਤੇ ਪੜਪੋਤਰੇ ਸ. ਕਿਰਪਾ ਸਿੰਘ ਦੇ ਵੰਸ਼ ਨਾਲ ਸਬੰਧਤ ਹਨ, ਜੋ ਪਿੰਡ ਨਿਹੰਗ ਕੋਟਲਾ ਦੇ ਵਸਨੀਕ ਸਨ। ਉਨ੍ਹਾਂ ਵੀ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਪੁਰਖਿਆਂ ਦਾ ਸਬੰਧ ਬਾਬਾ ਗੁਰਦਿੱਤਾ ਜੀ ਨਾਲ ਨਜ਼ਦੀਕੀ ਦਾ ਰਿਹਾ ਹੈ। ਇਸ ਕਰਕੇ ਇਸ ਪਰਿਵਾਰ ਦੀਆਂ ਜੜ੍ਹਾਂ ਨਾਲ ਜੁੜੀ ਇਹ ਇਤਿਹਾਸਕ ਸਾਂਝ ਪਿੰਡ ਵਾਸੀਆਂ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸੁਖਵਿੰਦਰ ਸਿੰਘ ਮੰਡੇਬਰ ਦਾ ਪਰਿਵਾਰ ਸਮੇਂ ਦੇ ਨਾਲ ਯਮੁਨਾਨਗਰ ਜਾ ਕੇ ਵੱਸ ਗਿਆ, ਪਰ ਉਨ੍ਹਾਂ ਦੇ ਪੁਰਖਿਆਂ ਦਾ ਜੱਦੀ ਪਿੰਡ ਨਿਹੰਗ ਕੋਟਲਾ ਨਾਲ ਸਬੰਧ ਅੱਜ ਵੀ ਪਿੰਡ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਦੀ ਖ਼ਬਰ ਮਿਲਣ ’ਤੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਨੇ ਸੁਖਵਿੰਦਰ ਸਿੰਘ ਮੰਡੇਬਰ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।