ਸਾਬਕਾ ਮੰਤਰੀ ਜਗਮੋਹਨ ਕੰਗ ਦਾ ਜਨਮਦਿਨ ਮਨਾਇਆ ਬੂਰਮਾਜਰਾ ਦੇ ਵਾਸੀਆਂ ਨੇ ਮਨਾਇਆ ਸਾਬਕਾ ਮੰਤਰੀ ਜਗਮੋਹਨ ਕੰਗ ਦਾ ਜਨਮ ਦਿਨ
Publish Date: Sat, 19 Sep 2026 06:09 PM (IST)
Updated Date: Sat, 19 Sep 2026 06:11 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਆਪਣਾ ਜਨਮਦਿਨ ਸ਼ਨੀਵਾਰ ਨੂੰ ਨਗਰ ਵਾਸੀਆਂ ਨਾਲ ਮਨਾਇਆ ਤੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕੰਗ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਦੇ ਜੱਦੀ ਪਿੰਡ ਬੂਰਮਾਜਰਾ ਵਿਖੇ ਪੰਚਾਇਤ/ਨਗਰ ਨਿਵਾਸੀਆਂ ਨੇ ਉਚੇਚੇ ਤੌਰ ਤੇ ਮੈਨੂੰ ਯਾਦ ਕੀਤਾ ਤੇ ਬੜੇ ਪਿਆਰ, ਸਤਿਕਾਰ, ਸ਼ਰਧਾ ਤੇ ਨਿੱਘੇ ਸੁਭਾਅ ਨਾਲ ਮੇਰਾ ਜਨਮਦਿਨ ਮਨਾਉਂਦੇ ਹੋਏ ਮੈਨੂੰ ਵਧਾਈਆਂ ਤੇ ਆਪਣਾ ਆਸ਼ੀਰਵਾਦ ਦਿੱਤਾ, ਜਿਸ ਲਈ ਮੈਂ ਉਨਾਂ ਦਾ ਧੰਨਵਾਦੀ ਤੇ ਰਿਣੀ ਹਾਂ। ਉਨ੍ਹਾਂ ਦੱਸਿਆ ਕਿ ਇਸ ਮੌਕੇ ਹਾਜ਼ਰ ਪਤਵੰਤਿਆਂ ਨੇ ਕਿਹਾ ਤੁਸੀਂ ਪਹਿਲਾਂ ਵੀ ਸਾਡੇ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਇਆ ਹੈ, ਸਾਨੂੰ ਮਾਣ ਹੈ ਕਿ ਤੁਸੀਂ ਆਪਣੇ ਵੱਡ-ਵਡੇਰਿਆਂ ਦੀ ਧਰਤੀ/ਪਿੰਡ ਨੂੰ ਨਹੀਂ ਭੁੱਲੇ ਅਤੇ ਹਮੇਸ਼ਾ ਸਾਡੇ ਨਾਲ ਖੜ੍ਹਦੇ ਹੋ ਤੇ ਸਮੇਂ-ਸਮੇਂ ਤੇ ਸਾਡੀ ਖ਼ਬਰ-ਸਾਰ ਲੈਂਦੇ ਰਹਿੰਦੇ ਹੋ। ਉਨ੍ਹਾਂ ਕਿਹਾਕਿ ਮੈਂ ਕਾਂਗਰਸ ਸਰਕਾਰ ਸਮੇਂ ਪਿੰਡ ਵਿਚ ਪਸ਼ੂ ਹਸਪਤਾਲ ਅਤੇ ਜਨਰਲ ਹਸਪਤਾਲ, ਖੇਡ ਸਟੇਡੀਅਮ ਦੀ ਉਸਾਰੀ, ਜਿਮ, ਬੂਰਮਾਜਰਾ ਤੋਂ ਸਮਰੋਲੀ ਲਿੰਕ ਰੋਡ ਬਣਵਾਈ, ਸਰਕਾਰੀ ਸਕੂਲ ਵਿਚ ਕਮਰਿਆਂ ਦੀ ਉਸਾਰੀ, ਬਿਜਲੀ ਘਰ ’ਚ ਗਰਿੱਡ ਦੀ ਉਸਾਰੀ, ਬੂਰਮਾਜਰੇ ਪਿੰਡ ਦੇ ਮੇਨ ਗੇਟ ਦੀ ਉਸਾਰੀ ਕਰਵਾਉਣ ਤੋਂ ਇਲਾਵਾ ਅਨੇਕਾਂ ਸਰਬਪੱਖੀ ਵਿਕਾਸ ਦੇ ਕੰਮ ਕਰਵਾਏ ਹਨ ਜਿਸ ਨੂੰ ਲੈ ਕੇ ਮੇਰੇ ਜਨਮਦਿਨ ’ਤੇ ਨਗਰ ਵਾਸੀਆਂ ਨੇ ਮੇਰੇ ਨਾਲ ਖੁਸ਼ੀ ਸਾਂਝੀ ਕੀਤੀ। ਸਾਬਕਾ ਮੰਤਰੀ ਕੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਸਾਡੀ ਸੱਭਿਅਤਾ ਤੇ ਮਰਿਆਦਾ ਮੁਤਾਬਿਕ ਸਾਨੂੰ ਕਦੇ ਵੀ ਆਪਣੇ ਸਤਿਕਾਰਯੋਗ ਬਜ਼ੁਰਗਾਂ/ਪੁਰਖਿਆਂ ਤੇ ਜਨਮ ਭੂਮੀ/ਪਿੰਡ ਨੂੰ ਨਹੀਂ ਭੁੱਲਣਾ ਚਾਹੀਦਾ। ਜਿਨ੍ਹਾਂ ਨੇ ਸਾਡਾ ਬੂਟਾ ਲਾਇਆ ਹੈ। ਇਸੇ ਲਈ ਮੈਂ ਇਸੇ ਰਾਹ ਤੇ ਚੱਲ ਰਿਹਾ ਹਾਂ, ਹੁਣ ਵੀ ਸੰਗਤ/ਪਿੰਡ/ਪੰਚਾਇਤ ਦੇ ਸਹਿਯੋਗ ਨਾਲ ਅਸੀਂ ਆਪਣੇ ਬਜ਼ੁਰਗਾਂ ਦੇ ਜੱਦੀ ਪਿੰਡ ਵਿਖੇ ਸਾਂਝੇ ਕੰਮਾਂ ਲਈ ਇਕ ਆਲੀਸ਼ਾਨ ਕਮਿਊਨਿਟੀ ਸੈਂਟਰ ਦੀ ਉਸਾਰੀ ਕਰਵਾ ਰਿਹਾ ਹਾਂ, ਜੋ ਕਿ ਜਲਦੀ ਹੀ ਨੇਪਰੇ ਚਾੜ੍ਹ ਦਿੱਤੀ ਜਾਵੇਗੀ। ਇਹ ਪਿੰਡ ਦੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਹੋਰਨਾਂ ਤੋਂ ਇਲਾਵਾ ਬੀਬੀ ਗੁਰਪ੍ਰੀਤ ਕੌਰ, ਸ਼ੇਰ ਸਿੰਘ, ਮਲਕੀਤ ਸਿੰਘ, ਸੁਖਵਿੰਦਰ ਸਿੰਘ, ਜਤਿੰਦਰ ਸਿੰਘ, ਤੇਜਪਾਲ ਸਿੰਘ (ਤੇਜੀ), ਰਵਿੰਦਰ ਸਿੰਘ ਸਰਪੰਚ, ਸਾਬਕਾ ਸਰਪੰਚ ਸੁਖਦੇਵ ਸਿੰਘ, ਮੇਜਰ ਸਿੰਘ, ਮੋਹਨ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ, ਸਾਬਕਾ ਮਹਿੰਦਰ ਸਿੰਘ, ਬੱਟੂ ਸਿੰਘ, ਕੂੜਾ ਰਾਮ ਆਦਿ ਹਾਜ਼ਰ ਸਨ।