ਕਾਲਜ ਰੋਡ ’ਤੇ ਨਸ਼ਾ ਛੁਡਾਊ ਕੇਂਦਰ ਦੇ ਖੁੱਲ੍ਹਣ ਤੋਂ ਪਹਿਲਾਂ ਹੀ ਵਸਨੀਕਾਂ ਅਤੇ ਦੁਕਾਨਦਾਰਾਂ ਨੇ ਕੀਤਾ ਵਿਰੋਧ ਕਾਲਜ ਰੋਡ 'ਤੇ ਨਸ਼ਾ ਛੁਡਾਊ ਕੇਂਦਰ ਦੇ ਖੁੱਲ੍ਹਣ ਤੋਂ ਪਹਿਲਾਂ ਹੀ ਵਸਨੀਕਾਂ ਅਤੇ ਦੁਕਾਨਦਾਰਾਂ ਨੇ ਕੀਤਾ ਵਿਰੋਧ
Publish Date: Sun, 11 Oct 2026 06:39 PM (IST)
Updated Date: Sun, 11 Oct 2026 06:41 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਐਤਵਾਰ ਨੂੰ ਕਾਲਜ ਰੋਡ ’ਤੇ ਇੱਕ ਨਸ਼ਾ ਛਡਾਊ ਕੇਂਦਰ ਖੁੱਲ੍ਹਣ ਦੀ ਜਾਣਕਾਰੀ ਮਿਲਦਿਆਂ ਹੀ, ਆਲੇ-ਦੁਆਲੇ ਦੇ ਮੁਹੱਲੇ ਦੇ ਵਸਨੀਕਾਂ ਅਤੇ ਦੁਕਾਨਦਾਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ, ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਕੇਂਦਰ ਨੂੰ ਬੰਦ ਕਰਨ ਦੀ ਮੰਗ ਕੀਤੀ। ਨੇੜਲੇ ਘਰਾਂ ਦੀਆਂ ਵੱਡੀ ਗਿਣਤੀ ’ਚ ਔਰਤਾਂ ਨੇ ਵੀ ਪ੍ਰਦਰਸ਼ਨ ’ਚ ਹਿੱਸਾ ਲਿਆ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਇੱਕ ਸਥਾਨਕ ਨਿਵਾਸੀ ਚਰਨਜੀਤ ਸਿੰਘ ਨੇ ਕਿਹਾ ਕਿ ਲੋਕਾਂ ਅਤੇ ਕਾਲਜ ਦੇ ਵਿਦਿਆਰਥੀਆਂ ਦੇ ਵਿਰੋਧ ਦੇ ਬਾਵਜੂਦ ਸ਼ਰਾਬ ਦੀ ਦੁਕਾਨ ਪਹਿਲਾਂ ਹੀ ਖੁੱਲ੍ਹ ਚੁੱਕੀ ਹੈ। ਹੁਣ ਸ਼ਰਾਬ ਦੀ ਦੁਕਾਨ ਤੋਂ ਦੋ ਜਾਂ ਤਿੰਨ ਦੁਕਾਨਾਂ ਦੀ ਦੂਰੀ ’ਤੇ ਇੱਕ ਨਿੱਜੀ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਚਰਨਜੀਤ ਸਿੰਘ ਨੇ ਕਿਹਾ ਕਿ ਇਸ ਨਾਲ ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਜੀਣਾ ਮੁਸ਼ਕਲ ਹੋ ਜਾਵੇਗਾ। ਸ਼ਰਾਬ ਦੀ ਦੁਕਾਨ ਕਾਰਨ ਇਲਾਕੇ ’ਚ ਘੁੰਮਦੇ ਸ਼ਰਾਬੀ ਲੋਕਾਂ, ਖਾਸ ਕਰਕੇ ਔਰਤਾਂ ਦੀ ਮੌਜੂਦਗੀ ਤੋਂ ਲੋਕ ਪਹਿਲਾਂ ਹੀ ਪ੍ਰੇਸ਼ਾਨ ਹਨ। ਨਸ਼ਾ ਛਡਾਊ ਕੇਂਦਰ ਖੁੱਲ੍ਹਣ ਨਾਲ ਇਨ੍ਹਾਂ ਸਮੱਸਿਆਵਾਂ ਹੋਰ ਵੀ ਵਧ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਰੋਡ ‘ਤੇ ਸਰਕਾਰੀ ਕਾਲਜ ਹੈ, ਬੈਂਕ ਹਨ ਅਤੇ ਲੜਕੀਆਂ ਦੀ ਸਰਕਾਰੀ ਆਈਟੀਆਈ ਹੈ। ਉਨ੍ਹਾਂ ਖਦਸ਼ਾ ਜਾਰੀ ਕੀਤਾ ਕਿ ਨਸ਼ੇੜੀ ਕਿਸਮ ਤੇ ਲੋਕ ਏਥੇ ਘੁੰਮਦੇ ਰਹਿਣਗੇ ਅਤੇ ਇਸ ਸੜਕ ‘ਤੇ ਆਉਣ ਜਾਣ ਵਾਲੀਆ ਲੜਕੀਆਂ ਤੇ ਮਹਿਲਾਵਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਇਲਾਵਾਂ ਇਸ ਨਸ਼ਾ ਛਡਾਊ ਕੇਂਦਰ ਨੂੰ ਸ਼ਹਿਰ ਦੀ ਵੱਖ-ਵੱਖ ਥਾਂਵਾਂ ਤੋਂ ਇਲਾਕਾ ਵਾਸੀਆਂ ਨੇ ਖੋਲ੍ਹਣ ਤੋਂ ਵਰਜਿਆ ਹੈ ਹੁਣ ਏਥੇ ਖੋਲ੍ਹਣ ਲਈ ਤਿਆਰੀਆ ਚੱਲ ਰਹੀਆ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਸੋਮਵਾਰ ਨੂੰ ਮੰਗ ਪੱਤਰ ਦੇਕੇ ਨਸ਼ਾ ਛਡਾਊ ਕੇਂਦਰ ਨਾ ਖੋਲ੍ਹਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਇਸ ਮਾਮਲੇ ਦਾ ਨੋਟਿਸ ਨਹੀਂ ਲੈਂਦੀ ਅਤੇ ਨਸ਼ਾ ਛੁਡਾਊ ਕੇਂਦਰ ਬੰਦ ਨਹੀਂ ਕਰਦੀ, ਤਾਂ ਲੋਕਾਂ ਨੂੰ ਸੜਕਾਂ ਤੇ ਵਿਰੋਧ ਪ੍ਰਦਰਸ਼ਨ ਕਰਨਾ ਪਵੇਗਾ, ਅਤੇ ਕਿਸੇ ਵੀ ਨਤੀਜੇ ਵਜੋਂ ਹੋਣ ਵਾਲੀ ਸਥਿਤੀ ਲਈ ਪ੍ਰਸ਼ਾਸਨ ਅਤੇ ਸਰਕਾਰ ਜ਼ਿੰਮੇਵਾਰ ਹੋਵੇਗੀ। ਧਰਨੇ ’ਚ ਜਗਜੀਤ ਸਿੰਘ, ਡਾ: ਰਵੀ, ਕਰਨੈਲ ਸਿੰਘ, ਗੁਰਮੀਤ ਸਿੰਘ, ਰਜਨੀ ਬਾਲਾ, ਬਲਜਿੰਦਰ ਕੌਰ, ਕਮਲੇਸ਼ ਕੁਮਾਰੀ, ਮਹਿੰਦਰ ਕੌਰ, ਮੋਹਿਤ ਕੁਮਾਰ ਆਦਿ ਨੇ ਵੀ ਸ਼ਮੂਲੀਅਤ ਕੀਤੀ।