- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਬੰਦ ਨੂੰ ਰੂਪਨਗਰ ਜ਼ਿਲ੍ਹੇ ਵਿਚ ਮਿਲਿਆ ਭਰਵਾਂ ਸਮੱਰਥਨ,ਨੈਸ਼ਨਲ ਹਾਈਵੇ ਕੀਤਾ ਜਾਮ

ਨੈਸ਼ਨਲ ਹਾਈਵੇ ਜਾਮ ਕਰਕੇ ਕੱਢੀ ਸਰਕਾਰ ਖਿਲਾਫ਼ ਭੜਾਸ
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਮਾਨਸਾ ਜ਼ਿਲ੍ਹੇ ’ਚ ਨਸ਼ਿਆ ਖਿਲਾਫ਼ ਅਵਾਜ਼ ਬੁਲੰਦ ਕਰਨ ਵਾਲੇ ਨੌਜਵਾਨ ਆਗੂ ਪਰਵਿੰਦਰ ਸਿੰਘ ਝੋਟਾ ਦਾ ਦਿਨ ਦਿਹਾੜੇ ਇੱਕ ਮੈਡੀਕਲ ਸਟੋਰ ਮਾਲਕ ਵੱਲੋਂ ਗੋਲੀਆ ਮਾਰਨ ਨਾਲ ਹੋਈ ਮੌਤ ਦੇ ਰੋਸ ’ਚ ਵੱਖ-ਵੱਖ ਕਿਸਾਨ,ਸਮਾਜਿਕ ਤੇ ਆਮ ਲੋਕਾਂ ਨੇ ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਨਾਉਣ ਲਈ ਜ਼ਿਲ੍ਹੇ ਦੀਆਂ ਵੱਖ-ਵੱਖ ਸੜਕਾਂ ਤੇ ਨੈਸ਼ਨਲ ਹਾਈਵੇ ਚੰਡੀਗੜ੍ਹ ਮਨਾਲੀ 10 ਵਜੇ ਤੋਂ 4 ਵਜੇ ਤੱਕ ਬੰਦ ਕਰਕੇ ਰੋਸ ਮੁਜ਼ਾਹਰੇ ਕਰਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉੱਧਰ ਕਈ ਜਥੇਬੰਦੀਆ ਦੇ ਆਗੂਆਂ ਨੂੰ ਪੁਲਿਸ ਨੇ ਘਰਾਂ ’ਚ ਨਜ਼ਰਬੰਦ ਕਰਕੇ ਰੱਖਿਆ।
ਜ਼ਿਲ੍ਹਾ ਪੁਲਿਸ ਵੱਲੋਂ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਤਾਇਨਾਤ ਕੀਤੇ ਗਏ। ਉੱਧਰ ਸੋਲਖੀਆ ਟੋਲ ਪਲਾਜ਼ਾ ’ਤੇ ਧਰਨਾਂ ਲਗਾਉਣ ’ਤੇ ਕਈ ਆਗੂਆਂ ਦੀ ਪੁਲਿਸ ਨਾਲ ਤਕਰਾਰ ਵੀ ਹੋਈ। ਬਾਅਦ ’ਚ ਧਰਨਾਕਾਰੀਆਂ ਨੇ ਰੋਡ ਜਾਮ ਕਰ ਦਿੱਤਾ ਤੇ ਇੱਕਦਮ ਲੋਕ ਇੱਕਠੇ ਹੋ ਗਏ। ਇਸ ਮੌਕੇ ਤੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਅੱਜ ਸਮਾਂ ਦੇਖੋ ਕਿਹਾ ਜਿਹਾ ਹੈ ਕਿ ਤੁਸੀਂ ਆਪਣੇ ਧੀਆਂ-ਪੁੱਤਾਂ ਨੂੰ ਨਸ਼ਿਆ ਤੋਂ ਬਚਾਉਣ ਲਈ ਨਸ਼ਿਆ ਦੇ ਸੁਦਾਗਰਾਂ ਦੇ ਖਿਲਾਫ਼ ਅਵਾਜ਼ ਦੀ ਨਹੀਂ ਕੱਢ ਸਕਦੇ।
ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ’ਚ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਪਿੱਛੇ ਕੌਣ ਹੈ? ਕਿਸ ਦੀ ਸ਼ੈਅ ’ਤੇ ਕਾਤਲ ਨੇ ਸ਼ਰੇਆਮ ਗੋਲੀਆ ਚਲਾਈਆਂ? ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਪਣੇ ਹੱਕਾਂ ਪ੍ਰਤੀ ਜਾਗ ਚੁੱਕੇ ਹਨ। ਹੁਣ ਚੋਣਾਂ ’ਚ ਵੋਟਾਂ ਮੰਗਣ ਆਉਣ ਵਾਲੇ ਲੀਡਰ ਹੁਣ ਤੁਹਾਡੇ ਨਾਲ ਵਾਅਦਾ ਕਰਨ ਲਈ ਪਹਿਲਾਂ ਹਜ਼ਾਰ ਵਾਰ ਸੋਚਣਗੇ ਕਿਉਂਕਿ ਲੋਕ ਹੁਣ ਉਨ੍ਹਾਂ ਨੂੰ ਘੇਰ-ਘੇਰ ਸਵਾਲ ਪੁੱਛਣਗੇ। ਉਨ੍ਹਾਂ ਕਿਹਾ ਕਿ ਸਰਕਾਰ ਇੱਕ ਪਾਸੇ ਨਸ਼ਿਆ ਖਿਲਾਫ਼ ਯੁੱਧ ਚਲਾ ਰਹੀ ਹੈ ਦੂਜੇ ਪਾਸੇ ਨਸ਼ਿਆ ਦੇ ਖਿਲਾਫ਼ ਲੜਾਈ ਲੜਣ ਵਾਲੇ ਲੋਕਾਂ ਦਾ ਕਤਲ ਹੋ ਰਿਹਾ ਹੈ।
ਇਸੇ ਤਰਾਂ ਘਨੌਲੀ,ਸਾਲਾਪੁਰ ਰੰਗੀਲਪੁਰ ਮੋਰਿੰਡਾ ਸ੍ਰੀ ਚਮਕੌਰ ਸਾਹਿਬ ਵਿਖੇ ਰੋਸ ਧਰਨੇ ਲਗਾਏ ਗਏ। ਰੂਪਨਗਰ ਦੇ ਬੇਲਾ ਚੋਕ ’ਚ ਲਗਾਏ ਧਰਨੇ ’ਚ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਖਰਾਬ ਕਰਨ ਲਈ ਸਮੇਂ ਦੀਆਂ ਸਰਕਾਰਾਂ ਹਾਲਾਤ ਬਣਾ ਰਹੀਆਂ ਹਨ।
ਇਸ ਮੌਕੇ ਕਿਸਾਨ ਯੂਨੀਅਨ ਕਾਂਦੀਆ ਤੋਂ ਮੋਹਰ ਸਿੰਘ ਖਾਬੜਾ,ਬਲਵਿੰਦਰ ਸਿੰਘ ਚੱਕਲਾ, ਵਾਰਿਸ ਪੰਜਾਬ ਦੇ ਜ਼ਿਲ੍ਹਾ ਕੌਆਰਡੀਨੇਟਰ ਸਰਬਜੀਤ ਸਿੰਘ ਬੈਂਸ, ਜਗਮੋਹਣ ਸਿੰਘ ਮੁੰਧੋ, ਬਚਿੱਤਰ ਸਿੰਘ ਜਟਾਣਾ, ਹਰਪ੍ਰੀਤ ਸਿੰਘ ਲੁਹਾਰੀ ,ਅੰਮ੍ਰਿਤਪਾਲ ਸਿੰਘ, ਜਗਮੀਤ ਸਿੰਘ, ਸੁਖਬੀਰ ਸਿੰਘ ਸ਼ੇਰੇ ਪੰਜਾਬ, ਗੁਰਵਿੰਦਰ ਸਿੰਘ ਭਾਗੋ ਮਾਜਰਾ, ਜਸਵੀਰ ਸਿੰਘ ਭਾਗੋਵਾਲ, ਭੁਪਿੰਦਰ ਸਿੰਘ ਸ਼ੇਰੇ ਪੰਜਾਬ, ਦਲਵੀਰ ਸਿੰਘ ਜਟਾਣਾ, ਹਰਪ੍ਰੀਤ ਸਿੰਘ ਬਸੰਤ,ਬਲਵੰਤ ਸਿੰਘ ਗਿੱਲ,ਜਗਦੀਸ਼ ਹਵੇਲੀ,ਹਰਿੰਦਰ ਸਿੰਘ ਗਿੱਲ ਆਦਿ ਆਗੂ ਹਾਜਰ ਸਨ।
==============
ਲੋਕ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕਰਾਂਗੇ : ਕੁਲਵੰਤ ਸੈਣੀ
ਪੁਲਿਸ ਵੱਲੋਂ ਘਰ ’ਚ ਨਜ਼ਰਬੰਦ ਰੱਖੇ ਸਰਕਾਰ ਏ ਖਾਲਸਾ ਫੈੱਡਰੇਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਨੇ ਪੁਲਿਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ, ਉਨ੍ਹਾਂ ਦੀ ਧਰਮਪਤਨੀ (ਅਕਾਲੀ ਦਲ ਵਾਰਿਸ ਪੰਜਾਬ ਦੇ ਇਸਤਰੀ ਵਿੰਗ ਦੀ ਆਗੂ ) ਬੀਬੀ ਰਾਜਵਿੰਦਰ ਕੌਰ ਸਰਾੜੀ ਅਤੇ ਭਰਾ ਕਿਸਾਨ ਆਗੂ ਅਜਾਇਬ ਸਿੰਘ ਸਰਾੜੀ ਨੂੰ ਤੜਕੇ 5 ਵਜੇ ਤੋਂ ਘਰ ’ਚ ਨਜ਼ਰਬੰਦ ਕੀਤਾ ਗਿਆ ਹੈ। ਉਨ੍ਹਾਂ ਅਨੁਸਾਰ ਜਥੇਬੰਦੀ ਦੇ ਹੋਰ ਆਗੂਆਂ ਨੂੰ ਵੀ ਵੱਖ-ਵੱਖ ਥਾਵਾਂ ਤੋਂ ਹਿਰਾਸਤ ’ਚ ਲਿਆ ਜਾ ਰਿਹਾ ਹੈ। ਕੁਲਵੰਤ ਸਿੰਘ ਸੈਣੀ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਿਰਾਸਤ ’ਚ ਲਏ ਗਏ ਸਾਰੇ ਸਾਥੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਾਥੀਆਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸਰਕਾਰ-ਏ-ਖਾਲਸਾ ਫੈਡਰੇਸ਼ਨ ਵੱਲੋਂ ਹੋਰ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।