ਥਲ ਸੈਨਿਕ ਕੈਂਪ ’ਚ ਸੋਨਾਕਸ਼ੀ ਸ਼ਰਮਾ ਨੇ ਜਿੱਤਿਆ ਗੋਲਡ ਮੈਡਲ ਆਰਬੀਯੂ ਦੇ ਐਨਸੀਸੀ ਕੈਡੇਟ ਨੇ ਆਲ ਇੰਡੀਆ ਥਲ ਸੈਨਿਕ ਕੈਂਪ ਵਿਚ ਜਿੱਤਿਆ ਸੋਨ ਤਮਗਾ
Publish Date: Tue, 13 Oct 2026 03:51 PM (IST)
Updated Date: Tue, 13 Oct 2026 03:53 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਰਿਆਤ ਬਾਹਰਾ ਯੂਨੀਵਰਸਿਟੀ (ਆਰਬੀਯੂ) ਦੀ ਐਨਸੀਸੀ ਕੈਡੇਟ ਸੀਕਿਊਐਮਐਸ ਸੋਨਾਕਸ਼ੀ ਸ਼ਰਮਾ ਨੇ ਨਵੀਂ ਦਿੱਲੀ ਵਿਖੇ ਡਾਇਰੈਕਟੋਰੇਟ ਜਨਰਲ, ਨੈਸ਼ਨਲ ਕੈਡੇਟ ਕੋਰ (ਐਨਸੀਸੀ) ਵੱਲੋਂ ਕਰਵਾਏ ਗਏ ਵੱਕਾਰੀ ਆਲ ਇੰਡੀਆ ਥਲ ਸੈਨਿਕ ਕੈਂਪ ’ਚ ਸੋਨ ਤਮਗਾ ਜਿੱਤ ਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਐਨਸੀਸੀ/ਐਨਐਸਐਸ ਵਿਭਾਗ ਦੇ ਡਾਇਰੈਕਟਰ ਪ੍ਰੋ. (ਮੇਜਰ) ਏਐਸ ਚਾਹਲ ਨੇ ਦੱਸਿਆ ਕਿ ਸੋਨਾਕਸ਼ੀ ਨੇ ਫੀਲਡ ਸਿਗਨਲਜ਼ ’ਚ ਆਪਣੀ ਸ਼ਾਨਦਾਰ ਮੁਹਾਰਤ ਅਤੇ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ ਜੇਡੀਐਫਐਸ ਮੁਕਾਬਲੇ ’ਚ ਬਿਹਤਰੀਨ ਪ੍ਰਦਰਸ਼ਨ ਕੀਤਾ। ਉਸ ਨੂੰ ਇਸ ਪ੍ਰਾਪਤੀ ਲਈ ਐਨਸੀਸੀ ਦੇ ਡਾਇਰੈਕਟਰ ਜਨਰਲ ਵੱਲੋਂ ਸੋਨ ਤਮਗਾ ਪ੍ਰਦਾਨ ਕੀਤਾ ਗਿਆ। ਸੋਨਾਕਸ਼ੀ ਦੀ ਇਸ ਕਾਮਯਾਬੀ ਨਾਲ ਯੂਨੀਵਰਸਿਟੀ ਨੂੰ ਕੌਮੀ ਪੱਧਰ ’ਤੇ ਮਾਣ ਮਿਲਿਆ ਹੈ। ਇਹ ਪ੍ਰਾਪਤੀ ਐਨਸੀਸੀ ਵਿਭਾਗ ਵੱਲੋਂ ਕੈਡੇਟਾਂ ’ਚ ਅਨੁਸ਼ਾਸਨ, ਸਮਰਪਣ, ਲਗਨ ਅਤੇ ਉੱਤਮਤਾ ਦੀ ਭਾਵਨਾ ਪੈਦਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਵੀ ਦਰਸਾਉਂਦੀ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸੋਨਾਕਸ਼ੀ ਨੂੰ ਵਧਾਈ ਦਿੰਦਿਆਂ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਉਸ ਦੀ ਕੌਮੀ ਪੱਧਰ ਦੀ ਸਫਲਤਾ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਸੋਨਾਕਸ਼ੀ ਦੀ ਪ੍ਰਾਪਤੀ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ, ਖੇਡਾਂ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ’ਚ ਮੱਲਾਂ ਮਾਰਨ ਲਈ ਉਤਸ਼ਾਹਿਤ ਕਰਨ ਦੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ। ਯੂਨੀਵਰਸਿਟੀ ਦੇ ਗਰੁੱਪ ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਨੇ ਵੀ ਸੋਨਾਕਸ਼ੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਦੀ ਪ੍ਰਾਪਤੀ ਹੋਰਨਾਂ ਵਿਦਿਆਰਥੀਆਂ ਅਤੇ ਐਨਸੀਸੀ ਕੈਡੇਟਾਂ ਨੂੰ ਸਮਰਪਣ ਤੇ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਦੀ ਅਗਵਾਈ ਹੇਠ ਐਨਸੀਸੀ ਟੀਮ ਵੱਲੋਂ ਕੀਤੇ ਜਾ ਰਹੇ ਨਿਰੰਤਰ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਨੇ ਕੈਡੇਟਾਂ ਨੂੰ ਉਤਸ਼ਾਹਿਤ ਕਰਨ ਅਤੇ ਐਨਸੀਸੀ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਸਹਿਯੋਗ ਦੇਣ ਵਾਸਤੇ ਯੂਨੀਵਰਸਿਟੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੋਨਾਕਸ਼ੀ ਦੀ ਇਸ ਕਾਮਯਾਬੀ ਨਾਲ ਰਿਆਤ ਬਾਹਰਾ ਯੂਨੀਵਰਸਿਟੀ ਦੀ ਕੌਮੀ ਪੱਧਰ ’ਤੇ ਸਾਖ ਹੋਰ ਮਜ਼ਬੂਤ ਹੋਈ ਹੈ।