- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਹਾਲ ਹੀ ਵਿੱਚ ਵਿਧਾਨ ਸਭਾ ਚੋਣ ਲੜਨ ਦੀ ਇੱਛਾ ਜ਼ਾਹਿਰ ਕਰਨ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਸਿਆਸਤ ਵਿੱਚ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਹਾਲ ਹੀ ਵਿੱਚ ਵਿਧਾਨ ਸਭਾ ਚੋਣ ਲੜਨ ਦੀ ਇੱਛਾ ਜ਼ਾਹਿਰ ਕਰਨ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਸਿਆਸਤ ਵਿੱਚ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਸਿਆਸੀ ਹਲਕਿਆਂ ਵਿੱਚ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਬਿੱਟੂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੇ ਉਮੀਦਵਾਰ ਵਜੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਦਾਨ ਵਿੱਚ ਉਤਰ ਸਕਦੇ ਹਨ।
ਸੂਤਰਾਂ ਅਨੁਸਾਰ ਭਾਜਪਾ ਪੰਜਾਬ ਵਿੱਚ ਬਿੱਟੂ ਨੂੰ ਇੱਕ ਵੱਡੇ ਚਿਹਰੇ ਵਜੋਂ ਪੇਸ਼ ਕਰ ਸਕਦੀ ਹੈ। ਬਿੱਟੂ ਨੇ ਆਪਣੇ ਸਿਆਸੀ ਜੀਵਨ ਦੀ ਪਹਿਲੀ ਲੋਕ ਸਭਾ ਚੋਣ 2009 ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੀ ਟਿਕਟ ’ਤੇ ਜਿੱਤ ਕੇ ਸੰਸਦ ਵਿੱਚ ਦਾਖਲਾ ਕੀਤਾ ਸੀ। ਬਾਅਦ ਵਿੱਚ ਉਹ ਲੁਧਿਆਣਾ ਲੋਕ ਸਭਾ ਹਲਕੇ ਵੱਲ ਰੁਖ ਕਰ ਗਏ ਸਨ।
ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਤੋਂ ਹਾਰਨ ਮਗਰੋਂ ਬਿੱਟੂ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਰਾਜ ਸਭਾ ਰਾਹੀਂ ਸੰਸਦ ਵਿੱਚ ਭੇਜ ਕੇ ਕੇਂਦਰੀ ਮੰਤਰੀ ਮੰਡਲ ਵਿੱਚ ਰੇਲ ਰਾਜ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਖੇਤਰ ਨਾਲ ਆਪਣਾ ਸੰਪਰਕ ਬਣਾਈ ਰੱਖਿਆ ਹੈ ਅਤੇ ਸਮੇਂ-ਸਮੇਂ ’ਤੇ ਇਲਾਕੇ ਦੇ ਦੌਰੇ ਵੀ ਕਰਦੇ ਰਹੇ ਹਨ।
ਰੇਲਵੇ ਨਾਲ ਸਬੰਧਤ ਕਈ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਤੱਕ ਪਹੁੰਚ ਸੁਗਮ ਬਣਾਉਣ ਲਈ ਫਲਾਈਓਵਰ ਪ੍ਰਾਜੈਕਟ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ। ਇਸ ਕਾਰਨ ਖੇਤਰ ਵਿੱਚ ਉਨ੍ਹਾਂ ਦੇ ਸਮਰਥਕ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ।
ਜੇਕਰ ਬਿੱਟੂ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਦੇ ਹਨ ਤਾਂ ਮੁਕਾਬਲਾ ਦਿਲਚਸਪ ਹੋ ਸਕਦਾ ਹੈ। ਕਾਂਗਰਸ ਵੱਲੋਂ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਇਸ ਹਲਕੇ ਤੋਂ ਦਾਅਵੇਦਾਰ ਮੰਨੇ ਜਾਂਦੇ ਹਨ, ਜਦਕਿ ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਬਿੱਟੂ ਦੀ ਐਂਟਰੀ ਨਾਲ ਕਾਂਗਰਸ ਦੇ ਰਵਾਇਤੀ ਵੋਟ ਬੈਂਕ ’ਤੇ ਅਸਰ ਪੈ ਸਕਦਾ ਹੈ।
‘ਸ੍ਰੀ ਅਨੰਦਪੁਰ ਸਾਹਿਬ ਤੋਂ ਜਿੱਤਣ ਵਾਲੇ ਦੀ ਬਣਦੀ ਹੈ ਸਰਕਾਰ’
ਸ੍ਰੀ ਅਨੰਦਪੁਰ ਸਾਹਿਬ ਹਲਕੇ ਬਾਰੇ ਸਿਆਸੀ ਹਲਕਿਆਂ ਵਿੱਚ ਇੱਕ ਧਾਰਨਾ ਪ੍ਰਚਲਿਤ ਹੈ ਕਿ ਇੱਥੋਂ ਜਿੱਤਣ ਵਾਲੀ ਪਾਰਟੀ ਜਾਂ ਆਗੂ ਨੂੰ ਸੱਤਾ ਦਾ ਰਾਹ ਮਿਲਦਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵੀ ਇਸ ਹਲਕੇ ਤੋਂ ਚੋਣ ਜਿੱਤ ਕੇ ਮੁੱਖ ਮੰਤਰੀ ਬਣੇ ਸਨ। ਇਸੇ ਕਾਰਨ ਵੀ ਬਿੱਟੂ ਵੱਲੋਂ ਇਸ ਹਲਕੇ ਨੂੰ ਤਰਜੀਹ ਦਿੱਤੇ ਜਾਣ ਦੇ ਕਿਆਸ ਲਗਾਏ ਜਾ ਰਹੇ ਹਨ।
ਐੱਸਸੀ ਕਮਿਸ਼ਨ ਨੇ ਬਿੱਟੂ ਨੂੰ 15 ਜੂਨ ਨੂੰ ਸੱਦਿਆ
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਜਾਤੀਸੂਚਕ ਸ਼ਬਦ ਵਰਤਣ ਸਬੰਧੀ ਮਾਮਲੇ ’ਚ ਆਪਣਾ ਪੱਖ ਰੱਖਣ ਲਈ 15 ਜੂਨ ਨੂੰ ਸਵੇਰੇ 11 ਵਜੇ ਆਪਣਾ ਪੱਖ ਰੱਖਣ ਲਈ ਸਮਾਂ ਦਿੱਤਾ ਹੈ। ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਕਮਿਸ਼ਨ ਨੇ ਰਵਨੀਤ ਸਿੰਘ ਬਿੱਟੂ ਵਲੋਂ ਆਪਣੇ ਧੂਰੀ ਦੌਰੇ ਦੌਰਾਨ ਜਾਤੀਸੂਚਕ ਸ਼ਬਦ ਵਰਤਣ ਦੇ ਮਾਮਲੇ ’ਚ ਅੱਜ ਤਲਬ ਕੀਤਾ ਸੀ, ਜਿਸ ’ਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਐਡਵੋਕੇਟ ਰਮਨਦੀਪ ਸਿੰਘ ਤੇ ਐਡਵੋਕੇਟ ਏ.ਐੱਸ. ਬਰਨਾਲਾ ਪੇਸ਼ ਹੋਏ ਤੇ ਉਨ੍ਹਾਂ ਕਮਿਸ਼ਨ ਤੋਂ ਸਮੇਂ ਦੀ ਮੰਗ ਕੀਤੀ, ਜਿਸ ਨੂੰ ਪ੍ਰਵਾਨ ਕਰਦਿਆਂ 15 ਜੂਨ ਦਾ ਸਮਾਂ ਦਿੱਤਾ ਗਿਆ।