ਲੋੜਵੰਦ ਧੀ ਦੇ ਵਿਆਹ ਲਈ ਰਤਨ ਧਨੇੜਾ ਵੱਲੋਂ ਰਾਸ਼ਨ ਦੀ ਸੇਵਾ ਧੀ ਦੇ ਵਿਆਹ ਲਈ ਰਤਨ ਧਨੇੜਾ ਨੇ ਕੀਤੀ ਰਾਸ਼ਨ ਦੀ ਸੇਵਾ
Publish Date: Mon, 16 Nov 2026 05:21 PM (IST)
Updated Date: Mon, 16 Nov 2026 05:24 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਬੜੀ ਸਰਕਾਰ ਵਿਖੇ ਸਮਾਜ ਸੇਵਾ ਦੀ ਭਾਵਨਾ ਤਹਿਤ ਭਾਜਪਾ ਆਗੂਆਂ ਵੱਲੋਂ ਇਕ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਲਈ ਰਾਸ਼ਨ ਤੇ ਹੋਰ ਜ਼ਰੂਰੀ ਵਸਤਾਂ ਦੀ ਸੇਵਾ ਕੀਤੀ ਗਈ। ਇਹ ਸੇਵਾ ਭਾਜਪਾ ਮੰਡਲ ਪ੍ਰਧਾਨ ਰਤਨ ਕੁਮਾਰ ਧਨੇੜਾ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਰਤਨ ਕੁਮਾਰ ਧਨੇੜਾ ਨੇ ਪਰਿਵਾਰ ਨੂੰ ਵਿਆਹ ਦੀਆਂ ਤਿਆਰੀਆਂ ਲਈ ਲੋੜੀਂਦਾ ਰਾਸ਼ਨ ਤੇ ਹੋਰ ਸਮਾਨ ਭੇਟ ਕੀਤਾ। ਉਨ੍ਹਾਂ ਧੀ ਰਾਣੀ ਦੇ ਸੁਖੀ ਵਿਆਹੁਤਾ ਜੀਵਨ ਤੇ ਉਜਵਲ ਭਵਿੱਖ ਲਈ ਅਰਦਾਸ ਵੀ ਕੀਤੀ। ਆਗੂਆਂ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਦੀ ਮਦਦ ਕਰਨਾ ਤੇ ਲੋੜਵੰਦ ਪਰਿਵਾਰਾਂ ਦੇ ਦੁੱਖ-ਸੁੱਖ ’ਚ ਸ਼ਰੀਕ ਹੋਣਾ ਸਾਰਿਆਂ ਦਾ ਨੈਤਿਕ ਫਰਜ਼ ਹੈ। ਅਜਿਹੇ ਸੇਵਾ ਕਾਰਜਾਂ ਨਾਲ ਆਪਸੀ ਭਾਈਚਾਰਾ ਤੇ ਸਮਾਜਿਕ ਸਾਂਝ ਮਜ਼ਬੂਤ ਹੁੰਦੀ ਹੈ। ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਪਰਦੀਪ ਕੋਟਲਾ, ਮੀਤ ਪ੍ਰਧਾਨ ਅਮਰ ਸੋਢੀ, ਮਹਿਲਾ ਮੋਰਚਾ ਦੀ ਪ੍ਰਧਾਨ ਮੀਨਾ ਗਾਂਧੀ ਤੇ ਮਹਿਲਾ ਮੋਰਚਾ ਦੀ ਸਮੁੱਚੀ ਟੀਮ ਵਿਸ਼ੇਸ਼ ਤੌਰ ’ਤੇ ਮੌਜੂਦ ਰਹੀ। ਧੀ ਦੇ ਵਿਆਹ ਲਈ ਕੀਤੀ ਗਈ ਇਸ ਸੇਵਾ ਤੋਂ ਪਰਿਵਾਰ ਨੇ ਖੁਸ਼ੀ ਪ੍ਰਗਟ ਕਰਦਿਆਂ ਭਾਜਪਾ ਮੰਡਲ ਪ੍ਰਧਾਨ ਰਤਨ ਕੁਮਾਰ ਧਨੇੜਾ, ਮਹਿਲਾ ਮੋਰਚਾ ਦੀ ਪ੍ਰਧਾਨ ਮੀਨਾ ਗਾਂਧੀ ਤੇ ਸਮੂਹ ਭਾਜਪਾ ਆਗੂਆਂ ਤੇ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ। ਪਰਿਵਾਰ ਨੇ ਕਿਹਾ ਕਿ ਔਖੇ ਸਮੇਂ ’ਚ ਮਿਲਿਆ ਇਹ ਸਹਿਯੋਗ ਉਨ੍ਹਾਂ ਲਈ ਵੱਡਾ ਸਹਾਰਾ ਹੈ।