ਬਰਸਾਤੀ ਪਾਣੀ ਨਾਲ ਹਾਲੋਂ ਬੇਹਾਲ ਹੋਈ ਰਣਜੀਤ ਐਵਨਿਊ ਕਲੌਨੀ ਬਾਹਰੀ ਕਲੌਨੀਆਂ ਦੇ ਬਰਸਾਤੀ ਪਾਣੀ ਨਾਲ ਹਾਲੋਂ ਬੇਹਾਲ ਹੋਈ ਰਣਜੀਤ ਐਵਨਿਊ ਕਲੌਨੀ
Publish Date: Wed, 19 Aug 2026 03:57 PM (IST)
Updated Date: Wed, 19 Aug 2026 04:00 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਰੂਪਨਗਰ ਦੀ ਰਣਜੀਤ ਐਵਨਿਊ ਕਲੌਨੀ ਦੇ ਨਿਵਾਸੀ ਬਰਸਾਤ ਵਿਚ ਬਾਹਰੀ ਕਲੌਨੀਆਂ ਦੇ ਬਰਸਾਤੀ ਪਾਣੀ ਦੀ ਮਾਰ ਝੱਲਣ ਲਈ ਮਜ਼ਬੂਰ ਹਨ। ਜ਼ਿਕਰਯੋਗ ਹੈ ਕਿ ਇਹ ਕਲੌਨੀ ਨਗਰ ਸੁਧਾਰ ਟਰੱਸਟ ਵੱਲੋਂ ਆਧੁਨਿਕ ਸਹੂਲਤਾਂ ਨਾਲ ਲੈਸ ਕਰਕੇ ਬਣਾਈ ਗਈ ਸੀ ਪ੍ਰੰਤੂ ਬਰਸਾਤੀ ਪਾਣੀ ਦਾ ਸਹੀ ਨਿਕਾਸ ਨਾ ਹੋਣ ਅਤੇ ਬਾਹਰੀ ਕਲੌਨੀਆਂ ਤੋਂ ਆਉਂਦੇ ਬਰਸਾਤੀ ਪਾਣੀ ਦੇ ਕਾਰਨ ਕਲੌਨੀ ਦੇ ਵਸਨੀਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦੋ ਦਿਨ ਤੋਂ ਹੋ ਰਹੀ ਦੀ ਬਾਰਸਾਤ ਦੇ ਕਾਰਨ ਕਲੌਨੀ ਦੀਆਂ ਸਾਰੀਆਂ ਸੜਕਾਂ ਜਲਥਲ ਹੋ ਗਈਆਂ ਅਤੇ ਬਰਸਾਤੀ ਪਾਣੀ ਦੇ ਘਰਾਂ ਵਿਚ ਵੜਨ ਦਾ ਖਤਰਾ ਪੈਦਾ ਹੋ ਗਿਆ, ਜਦਕਿ ਕਲੌਨੀ ਦੇ ਇਕ ਮਕਾਨ ਜੋ ਬੇਲਾ ਰੋਡ ਦੇ ਨਾਲ ਲੱਗਦਾ ਹੈ, ਵਿਚ ਬਰਸਾਤੀ ਪਾਣੀ ਨਾਲ 5 ਫੁੱਟ ਦਾ ਖੱਡਾ ਪੈ ਗਿਆ। ਇਸ ਦੇ ਕਾਰਨ ਬਰਸਾਤੀ ਪਾਣੀ ਮਕਾਨ ਦੀਆਂ ਨੀਹਾਂ ਵਿਚੋਂ ਰਿਸ ਕੇ ਘਰ ਦੇ ਬਾਹਰੀ ਲਾਅਨ ਵਿਚੋਂ ਨਿਕਲਣਾ ਸ਼ੁਰੂ ਹੋ ਗਿਆ। ਕਲੌਨੀ ਦੀ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਨੰਨੂਆਂ ਅਤੇ ਸਰਪ੍ਰਸਤ ਯੋਗੇਸ਼ ਮੋਹਨ ਪੰਕਜ ਨੇ ਦੱਸਿਆ ਕਿ ਜੁਝਾਰ ਸਿੰਘ ਨਗਰ, ਸ਼ਹੀਦ ਭਗਤ ਸਿੰਘ ਨਗਰ, ਅੰਬੇਦਕਰ ਨਗਰ, ਪ੍ਰੀਤ ਕਲੌਨੀ ਅਤੇ ਹੋਰ ਨਾਲ ਲੱਗਦੀਆਂ ਕਲੌਨੀਆਂ ਦਾ ਬਰਸਾਤੀ ਪਾਣੀ ਜਰਸੀ ਫਾਰਮ ਨਾਲ ਲੱਗਦੇ ਬੰਦ ਪਏ ਨਾਲੇ ਵਿਚ ਪਾਉਣ ਕਰਕੇ ਰਣਜੀਤ ਐਵਨਿਊ, ਦਸ਼ਮੇਸ਼ ਨਗਰ, ਹਰਗੋਬਿੰਦ ਨਗਰ ਅਤੇ ਹੋਰ ਹੇਠਲੀਆਂ ਕਲੌਨੀਆਂ ਨੁੰ ਹਰ ਸਾਲ ਬਰਸਾਤ ਦੌਰਾਨ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਦਾ ਬਰਸਾਤੀ ਪਾਣੀ ਵੀ ਬੇਲਾ ਚੌਂਕ ਰਾਹੀਂ ਬੇਲਾ ਰੋਡ ਤੋਂ ਹੁੰਦੇ ਹੋਏ ਇਨ੍ਹਾਂ ਕਲੌਨੀਆਂ ਵਿਚ ਦਾਖਲ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਜ਼ਿਲ੍ਹਾ ਪ੍ਰਸਾ਼ਸ਼ਨ ਨੁੰ ਪਿਛਲੇ 4-5 ਸਾਲਾਂ ਤੋਂ ਲਿਖਤੀ ਅਤੇ ਜ਼ੁਬਾਨੀ ਤੌਰ ’ਤੇ ਅਨੇਕਾਂ ਵਾਰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ ਪ੍ਰੰਤੂ ਅਜੇ ਤੱਕ ਮਸਲਾ ਜਿਉਂ ਦਾ ਤਿਉਂ ਹੀ ਖੜਾ ਹੈ। ਇਸ ਮੌਕੇ ਕੇਐੱਲ ਚੋਪੜਾ, ਧਰਮਵੀਰ ਸ਼ਰਮਾ, ਮਾ.ਕਰਨੈਲ ਸਿੰਘ, ਬਲਵਿੰਦਰ ਸਿੰਘ ਲਾਲਪੁਰਾ, ਪਰਮਜੀਤ ਸਿੰਘ ਸੈਣੀ, ਅਸ਼ਵਨੀ ਚੋਪੜਾ, ਦੀਪਕ ਚੋਪੜਾ, ਤਨੂੰ ਚੋਪੜਾ, ਮਨੂ ਚੋਪੜਾ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ। ਇਸ ਦੌਰਾਨ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਇੰਦਰਪਾਲ ਸਿੰਘ ਸਤਿਆਲ ਵੀ ਮੌਕਾ ਦੇਖਣ ਆਏ ਅਤੇ ਉਨ੍ਹਾਂ ਵੱਲੋਂ ਕਲੌਨੀ ਵਾਸੀਆਂ ਨੂੰ ਇਸ ਸਮੱਸਿਆ ਦਾ ਹੱਲ੍ਹ ਕਰਨ ਦਾ ਭਰੋਸਾ ਦਿਵਾਇਆ ਗਿਆ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਇਸ ਇਲਾਕੇ ਵਿਚ ਬੇਲਾ ਰੋਡ ਦੇ ਨਾਲ ਨਾਲ ਵੱਡਾ ਨਾਲਾ ਬਣਾ ਕੇ ਪੱਕਾ ਹੱਲ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ।