ਸ਼ਾਰਦਾ ਚੰਦੇਲ ਵੱਲੋਂ ਨਿਯਮਾਂ ਦੀ ਉਲੰਘਣਾ ਵਾਲਿਆਂ ਦੇ ਚਲਾਨ ਰੇਂਜ ਅਫਸਰ ਸ਼ਾਰਦਾ ਚੰਦੇਲ ਵੱਲੋਂ ਨਿਯਮਾਂ ਦੀ ਉਲੰਘਣਾ ਵਾਲਿਆਂ ਦੇ ਚਲਾਨ
Publish Date: Sat, 28 Nov 2026 03:33 PM (IST)
Updated Date: Sat, 28 Nov 2026 03:34 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਸੜਕ ਸੁਰੱਖਿਆ ਫੋਰਸ ਦੇ ਰੇਂਜ ਇੰਸਪੈਕਟਰ ਸ਼ਾਰਦਾ ਚੰਦੇਲ (ਰੋਪੜ ਰੇਂਜ) ਵੱਲੋਂ ਮੋਰਿੰਡਾ ਬਾਈਪਾਸ ’ਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਵਿਰੁੱਧ ਸਖ਼ਤੀ ਵਰਤਦਿਆਂ ਵਾਹਨ ਚਾਲਕਾਂ ਦੇ ਦਰਜਨਾਂ ਚਲਾਨ ਕੀਤੇ। ਉਨ੍ਹਾਂ ਨੇ ਮੋਰਿੰਡਾ ਬਾਈਪਾਸ ਦੇ ਸਰਹਿੰਦ ਚੌਕ ’ਚ ਨਾਕਾ ਲਗਾਇਆ ਹੋਇਆ ਸੀ ਤੇ ਇਸ ਮੌਕੇ ਐੱਸਐੱਸਐੱਫ ਮੋਰਿੰਡਾ ਦੇ ਇੰਚਾਰਜ ਏਐੱਸਆਈ ਅਵਤਾਰ ਸਿੰਘ ਦੀ ਟੀਮ ਵੀ ਮੌਜੂਦ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਰੇਂਜ ਇੰਸਪੈਕਟਰ ਸ਼ਾਰਦਾ ਚੰਦੇਲ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਾਹਨ ਚਾਲਕ ਨੂੰ ਬਖਸ਼ਿਆ ਨਹੀਂ ਗਿਆ ਜਦਕਿ ਉਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੋਂਗ ਸਾਈਡ ਡਰਾਈਵ, ਰੋਂਗ ਓਵਰਟੇਕਿੰਗ, ਰੈਸ਼ ਡਰਾਈਵਿੰਗ ਤੇ ਡਰਾਈਵਿੰਗ ਕਰਦੇ ਸਮੇਂ ਮੋਬਾਇਲ ਦੀ ਵਰਤੋਂ ਕਰਨ ਆਦਿ ਨਾਲ ਹਾਦਸਿਆਂ ’ਚ ਹੋਏ ਵੱਡੇ ਨੁਕਸਾਨ ਬਾਰੇ ਵੀ ਦੱਸਿਆ ਤੇ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਆਪਣੀ ਤੇ ਸਾਹਮਣੇ ਵਾਲੇ ਦੀ ਜਾਨ ਬਚਾਈ ਜਾਵੇ। ਟਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਆਪਣੀ ਤੇ ਦੂਸਰੇ ਵਾਹਨ ਚਾਲਕਾਂ ਦੀ ਜਾਂ ਪੈਦਲ ਚੱਲਣ ਵਾਲੇ ਲੋਕਾਂ ਦੀ ਜਾਨ ਖਤਰੇ ’ਚ ਨਾ ਪਾਈ ਜਾਵੇ। ਉਨ੍ਹਾਂ ਵਾਹਨ ਚਾਲਕਾਂ ਨੂੰ ਸਿਰਸਾ ਨੰਗਲ ਵਿਖੇ ਇੱਕ ਓਵਰਲੋਡ ਟਿੱਪਰ ਵੱਲੋਂ ਤੇਜ਼ ਰਫਤਾਰੀ ਨਾਲ ਗੱਡੀ ਚਲਾਉਣ ਨਾਲ ਹੋਏ ਹਾਦਸੇ ਬਾਰੇ ਵੀ ਜਾਣਕਾਰੀ ਦਿੱਤੀ ਕਿ ਕਿਵੇਂ ਕੁਝ ਮਿੰਟਾਂ ਦੀ ਬੱਚਤ ਲਈ ਕਈ ਜਾਨਾਂ ਚਲੀਆਂ ਗਈਆਂ ਤੇ ਅੱਧੀ ਦਰਜਨ ਤੋਂ ਵੱਧ ਵਾਹਨ ਨੁਕਸਾਨੇ ਗਏ । ਇਸ ਮੌਕੇ ’ਤੇ ਐੱਸਐੱਸਐੱਫ ਮੋਰਿੰਡਾ ਦੇ ਇੰਚਾਰਜ ਏਐੱਸਆਈ ਅਵਤਾਰ ਸਿੰਘ ਵੱਲੋਂ ਵੀ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ।