- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਰਿੰਡਾ ਵਿਚ ਨਜਾਇਜ਼ ਕਬਜ਼ਿਆਂ ਦੀ ਭਰਮਾਰ, ਪ੍ਰਵਾਸੀ ਲੋਕ ਹੋਏ ਪੂਰੇ ਸਰਗਰਮ

ਜੋਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ: ਸ਼ਹਿਰ ਦੀਆਂ ਸੜਕਾਂ ’ਤੇ ਕਈ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਅੱਗੇ ਕੀਤੇ ਨਾਜਾਇਜ਼ ਕਬਜਿਆਂ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਵਾਸੀ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਕਈ ਸਰਕਾਰੀ ਥਾਵਾਂ ’ਤੇ ਕਬਜੇ ਕੀਤੇ ਹੋਏ ਹਨ। ਪ੍ਰੰਤੂ ਅੱਜ ਕੱਲ ਤਾਂ ਪਿਛਲੇ ਕਾਫੀ ਸਮੇਂ ਤੋਂ ਜੋ ਲੋਕ ਪੰਜਾਬ ਤੋਂ ਬਾਹਰੋਂ ਆ ਕੇ ਇੱਥੇ ਕਾਰੋਬਾਰ ਚਲਾ ਰਹੇ ਹਨ, ਉਨਾਂ ਦੇ ਤਾਂ ਨਾਜਾਇਜ਼ ਕਬਜ਼ੇ ਕਰਨ ਦੇ ਹੌਸਲੇ ਬਹੁਤ ਹੀ ਬੁਲੰਦ ਹੋ ਚੁੱਕੇ ਹਨ। ਜਦਕਿ ਨਾ ਪ੍ਰਸ਼ਾਸਨ, ਨਾ ਪੁਲਿਸ, ਨਾ ਕੋਈ ਹੋਰ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਲਈ ਕਿਸੇ ਕਿਸਮ ਦੀ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪਿੰਦਰ ਸਿੰਘ ਰਾਣਾ, ਗਗਨਦੀਪ ਸਿੰਘ, ਵਰਿੰਦਰ ਸਿੰਘ ਹੈਪੀ, ਅਜੇ ਕੁਮਾਰ ਗਿੰਨੀ, ਜਗਪਾਲ ਸਿੰਘ ਕੰਗ, ਬਲਵੀਰ ਸਿੰਘ ਸੱਲ੍ਹ, ਹਰਜੀਤ ਸਿੰਘ ਸੱਲ੍ਹ, ਅਵਤਾਰ ਸਿੰਘ ਨੇ ਦੱਸਿਆ ਕਿ ਮੋਰਿੰਡਾ ਸ਼ਹਿਰ ਵਿਚ ਦੁਕਾਨਦਾਰਾਂ ਵਲੋਂ ਵੀ ਬਹੁਤ ਨਜਾਇਜ ਕਬਜੇ ਕਰਕੇ ਆਵਾਜਾਈ ਵਿਚ ਵਿਘਨ ਪਾਇਆ ਹੈ। ਹੁਣ ਵੇਖਾ-ਵੇਖੀ ਬਿਹਾਰ, ਯੂਪੀ., ਉੱਤਰਾਖੰਡ, ਰਾਜਸਥਾਨ ਅਤੇ ਹੋਰ ਗੁਆਂਢੀ ਰਾਜਾਂ ਤੋਂ ਵੀ ਬਹੁਤ ਤੇਜ਼ੀ ਨਾਲ ਪੰਜਾਬ ਵਿਚ ਪ੍ਰਵਾਸ ਹੋ ਰਿਹਾ ਹੈ। ਰਾਣਾ ਦਾ ਕਹਿਣਾ ਹੈ ਕਿ ਜਿਸ ਤੇਜ਼ੀ ਨਾਲ ਪ੍ਰਵਾਸੀ ਲੋਕਾਂ ਨੇ ਸਰਕਾਰੀ ਥਾਵਾਂ ’ਤੇ ਨਾਜਾਇਜ਼ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ, ਉਹ ਦਿਨ ਦੂਰ ਨਹੀਂ ਕਿ ਆਵਾਜਾਈ ਬਿਲਕੁਲ ਹੀ ਠੱਪ ਹੋ ਕੇ ਰਹਿ ਜਾਵੇਗੀ।
ਮੋਰਿੰਡਾ-ਚੰਡੀਗੜ੍ਹ ਸੜਕ ਤੇ ਪੁਲਿਸ ਸਟੇਸ਼ਨ ਲਾਗੇ ਪ੍ਰਵਾਸੀ ਮਜਦੂਰਾਂ ਨੇ ਫਰੂਟ, ਆਈਸਕ੍ਰੀਮ, ਫਾਸਟ ਫੂਡ, ਕੱਪੜੇ ਦੀਆਂ ਦੁਕਾਨਾਂ ਖੋਲ੍ਹ ਕੇ ਤਾਂ ਕਮਾਲ ਹੀ ਕਰ ਦਿੱਤੀ। ਮੋਰਿੰਡਾ-ਚੰਡੀਗੜ੍ਹ ਸੜਕ ਤੇ ਪੈਂਦੇ ਧੀਮਾਨ ਪੈਲੇਸ ਦੇ ਸਾਹਮਣੇ ਵੀ ਬੜੀ ਦੂਰ ਤੱਕ ਸਰਕਾਰੀ ਸੜਕ ਦੱਬ ਲਈ ਹੈ। ਇਸੇ ਤਰਾਂ ਮੋਰਿੰਡਾ-ਸਰਹਿੰਦ ਰੋਡ ਤੇ ਕਬਾੜ ਵਾਲਿਆਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਸੜਕ ਤੱਕ ਸਮਾਨ ਰੱਖ ਲਿਆ ਹੈ। ਜਿਸ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਇਸੇ ਸਬੰਧ ’ਚ ਜਦੋਂ ਲੋਕ ਨਿਰਮਾਣ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਭਾਵੇਂ ਇਹ ਸੜਕਾਂ ਸਾਡੇ ਅਧੀਨ ਹਨ, ਪ੍ਰੰਤੂ ਜਿੱਥੇ ਜਿੱਥੇ ਵੀ ਨਗਰ ਕੌਂਸਲ ਮੋਰਿੰਡਾ ਦਾ ਇਲਾਕਾ ਪੈਂਦਾ ਹੈ, ਉੱਥੇ ਨਾਜਾਇਜ਼ ਕਬਜ਼ੇ ਹਟਾਉਣ ਦੀ ਜ਼ਿੰਮੇਵਾਰੀ ਨਗਰ ਕੌਂਸਲ ਮੋਰਿੰਡਾ ਦੀ ਹੁੰਦੀ ਹੈ। ਇਸੇ ਸਬੰਧ ’ਚ ਨਗਰ ਕੌਂਸਲ ਪ੍ਰਧਾਨ ਜਗਪਾਲ ਸਿੰਘ ਜੌਲੀ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਬਹੁਤ ਜਲਦ ਹੀ ਇੱਕ ਮੁਹਿੰਮ ਚਲਾ ਕੇ ਸਰਕਾਰੀ ਥਾਵਾਂ ਤੋਂ ਨਾਜਾਇਜ਼ ਕਬਜ਼ੇ ਹਟਾ ਦਿੱਤੇ ਜਾਣਗੇ।