ਸ੍ਰੀ ਆਨੰਦਪੁਰ ਸਾਹਿਬ ’ਚ ਧੂਮਧਾਮ ਨਾਲ ਸ਼ੁਰੂ ਹੋਈ ਰਾਮਲੀਲਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਧੂਮਧਾਮ ਨਾਲ ਸ਼ੁਰੂ ਹੋਈ ਰਾਮਲੀਲਾ
Publish Date: Mon, 12 Oct 2026 06:24 PM (IST)
Updated Date: Mon, 12 Oct 2026 06:26 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਆਨੰਦਪੁਰ ਸਾਹਿਬ: ਸ੍ਰੀ ਆਨੰਦਪੁਰ ਸਾਹਿਬ ਦੀ ਪੁੱਡਾ ਮਾਰਕੀਟ ਵਿਖੇ ਪਿਛਲੇ ਕਈ ਦਹਾਕਿਆਂ ਤੋਂ ਨਰਾਤਰਿਆਂ ਮੌਕੇ ਸ਼੍ਰੀ ਰਾਮ ਲੀਲਾ ਉਤਸਵ ਕਲੱਬ ਵੱਲੋਂ ਕਰਵਾਈ ਜਾਂਦੀ ਰਾਮਲੀਲਾ ਦਾ ਆਗਾਜ਼ ਧੂਮ-ਧਾਮ ਨਾਲ ਕੀਤਾ ਗਿਆ। ਕਲੱਬ ਦੇ ਪ੍ਰਧਾਨ ਰਾਮ ਪਰਾਸ਼ਰ ਬਿੱਲਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਨਸੀਮ ਖਾਨ ਨੇ ਕੀਤਾ। ਇਸ ਮੌਕੇ ਨਸੀਮ ਖਾਨ ਨੇ ਕਿਹਾ ਕਿ ਭਾਰਤ ਸਾਂਝੀ ਸੰਸਕ੍ਰਿਤੀ ਅਤੇ ਆਪਸੀ ਭਾਈਚਾਰੇ ਦੀ ਵਿਲੱਖਣ ਮਿਸਾਲ ਹੈ। ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦੇ ਲੋਕਾਂ ਵੱਲੋਂ ਇੱਕ-ਦੂਜੇ ਦੇ ਤਿਉਹਾਰਾਂ ’ਚ ਸ਼ਾਮਲ ਹੋਣਾ ਦੇਸ਼ ਦੀ ਏਕਤਾ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਦਾ ਹੈ। ਸਮਾਗਮ ਦੌਰਾਨ ਨਸੀਮ ਖਾਨ ਅਤੇ ਪ੍ਰਿੰਸ ਜਗੋਤਾ ਨੂੰ ਰਾਮ ਨਾਮੀ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਲੋਕਾਂ ’ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਕਲੱਬ ਦੇ ਪ੍ਰਧਾਨ ਰਾਮ ਪਰਾਸ਼ਰ ਬਿੱਲਾ ਨੇ ਦੱਸਿਆ ਕਿ ਨਵਰਾਤਰਿਆਂ ਦੌਰਾਨ ਰਾਮਲੀਲਾ ਦੇ ਵੱਖ-ਵੱਖ ਦ੍ਰਿਸ਼ ਪੇਸ਼ ਕੀਤੇ ਜਾਣਗੇ, ਜਿਨ੍ਹਾਂ ਰਾਹੀਂ ਭਗਵਾਨ ਰਾਮ ਦੇ ਜੀਵਨ, ਉਨ੍ਹਾਂ ਦੇ ਆਦਰਸ਼ਾਂ ਅਤੇ ਨੇਕੀ ਦੀ ਬੁਰਾਈ ਉੱਤੇ ਜਿੱਤ ਦੇ ਸੰਦੇਸ਼ ਨੂੰ ਦਰਸ਼ਕਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਹਰ ਸਾਲ ਇਸ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾ ਨੂੰ ਜਾਰੀ ਰੱਖਣ ਦਾ ਯਤਨ ਕੀਤਾ ਜਾਂਦਾ ਹੈ, ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਅਤੇ ਧਾਰਮਿਕ ਕਦਰਾਂ-ਕੀਮਤਾਂ ਨਾਲ ਜੋੜਿਆ ਜਾ ਸਕੇ। ਸਮਾਗਮ ਦੌਰਾਨ ਕ੍ਰਿਸ਼ਣ ਜਗੋਤਾ, ਭੁਪਿੰਦਰ ਸਿੰਘ, ਗੋਪਾਲ ਗੌਰੀ, ਬਲਰਾਮ ਪਰਾਸ਼ਰ, ਅਭਿ ਬ੍ਰਹਾਮਣ, ਮਨੁ ਸ਼ਰਮਾ, ਤੇਜਸ ਪਰਾਸ਼ਰ, ਕਨੂੰ ਪੁਰੀ, ਸੰਜੂ ਅਤੇ ਧਰੂਪਲ ਪਰਾਸ਼ਰ ਸਮੇਤ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।