ਬੋਲਣ ਤੋਂ ਪਹਿਲਾ ਰਾਜੂ ਸਤਿਆਲ ਥਰਮਲ ਪਲਾਂਟ ਤੇ ਸ਼ਹਿਰ ਦੀ ਸਫ਼ਾਈ ਬਾਰੇ ਦੱਸੇ: ਆਗੂ ਬੋਲਣ ਤੋਂ ਪਹਿਲਾ ਰਾਜੂ ਸਤਿਆਲ ਥਰਮਲ ਪਲਾਂਟ ਤੇ ਸ਼ਹਿਰ ਦੀ ਸਫਾਈ ਬਾਰੇ ਦੱਸੇ: ਆਗੂ
Publish Date: Fri, 18 Sep 2026 04:10 PM (IST)
Updated Date: Fri, 18 Sep 2026 04:11 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਪਿਛਲੇ ਦਿਨੀ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਵੱਲੋਂ ਸ੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਦਿੱਤੇ ਰੋਸ ਧਰਨੇ ਬਾਰੇ ਦਿੱਤੇ ਬਿਆਨ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼ੁੱਕਰਵਾਰ ਨੂੰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਇਕ ਪ੍ਰੈਸ ਨੋਟ ਕਿਹਾ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਲੋਕਾਂ ਵੱਲੋਂ ਲਾਏ ਗਏ ਧਰਨੇ ਹਾਸੋ ਹੀਣੇ ਨਜ਼ਰ ਆ ਰਹੇ ਹਨ ਜੋ ਕਿ ਹੰਕਾਰ ਦੀ ਸਿਖਰ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਰੋਪੜ ਥਰਮਲ ਪਲਾਂਟ ਦੇ ਨਾਮ ’ਤੇ ਕਾਫ਼ੀ ਰਾਜਨੀਤੀ ਕਰਦੇ ਰਹੇ ਹਨ, ਉਹ ਹੁਣ ਦੱਸਣ ਕਿ ਥਰਮਲ ਪਲਾਂਟ ਦਾ ਕੀ ਹਾਲ ਹੋ ਚੁੱਕਾ ਹੈ। ਹਜ਼ਾਰਾਂ ਨੌਕਰੀਆਂ ਦੇਣ ਦੇ ਝੂਠੇ ਵਾਅਦੇ ਕਰਨ ਵਾਲੀ ਸਰਕਾਰ ਦੇ ਨੁਮਾਇੰਦੇ ਦੱਸਣ ਕਿ ਥਰਮਲ ਪਲਾਂਟ ਵਿਚ ਕਿੰਨੀ ਨਵੀਂ ਭਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾਕਿ ਥਰਮਲ ਕਾਲੋਨੀਆਂ ਦਾ ਕੀ ਹਾਲ ਹੈ ਅਤੇ ਦਸਮੇਸ਼ ਪਿਤਾ ਦੇ ਨਾਮ ’ਤੇ ਲੱਗੇ ਥਰਮਲ ਪਲਾਂਟ ਦੀ ਬਿਹਤਰੀ ਲਈ ਤੁਸੀਂ ਕੀ ਕੀਤਾ ਹੈ । ਉਨ੍ਹਾਂ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਦਾਅਵੇ ਕਰ ਰਹੇ ਹਨ ਪਰ ਉਹ ਦੱਸਣ ਕਿ ਬਸੰਤ ਨਗਰ, ਨਵੀਂ ਅਨਾਜ ਮੰਡੀ ਅਤੇ ਸਦਾਬਰਤ ਟਰੀਟਮੈਂਟ ਪਲਾਂਟ ਦਾ ਪਾਣੀ ਓਵਰ ਫਲੋਅ ਹੋ ਕੇ ਸਰਹਿੰਦ ਨਹਿਰ ਵਿਚ ਕਿਉਂ ਪੈ ਰਿਹਾ ਹੈ। ਉਨ੍ਹਾਂ ਕਿਹਾਕਿ ਉਹ ਇਹ ਵੀ ਦੱਸਣ ਕਿ ਮਿੰਨੀ ਸੈਕਟਰੀਏਟ ਦੇ ਸਾਹਮਣੇ ਉਨ੍ਹਾਂ ਦੇ ਆਪਣੇ ਵਾਰਡ ਦੇ ਨੇੜੇ ਗੰਦ ਦੇ ਢੇਰ ਕਿਸ ਦੀ ਇਜਾਜ਼ਤ ਤੇ ਲਵਾਏ ਗਏ ਸਨ। ਸਰਹੰਦ ਨਹਿਰ ਦੇ ਕਿਨਾਰੇ ਪਿਆ ਗੰਦ ਜੋ ਕੱਲ੍ਹ ਦੀ ਬਰਸਾਤ ਨਾਲ ਵੀ ਸਰਹਿੰਦ ਨਹਿਰ ਵਿਚ ਗਿਆ ਹੈ ਉਹ ਕਿਉਂ ਨਹੀਂ ਚੁਕਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਬਿਜਲੀ ਦੇ ਕੱਟਾਂ ਬਾਰੇ ਬੋਲਣ ਤੋਂ ਪਹਿਲਾਂ ਰਾਜੂ ਸਤਿਆਲ ਦੱਸਣ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨੇ ਪਿਛਲੇ ਪੰਜ ਸਾਲ ਵਿਚ ਬਿਜਲੀ ਦੇ ਉਤਪਾਦਨ ਲਈ ਕੀ ਕੰਮ ਕੀਤਾ ਹੈ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਗੁਰਮੁਖ ਸਿੰਘ ਸੈਣੀ, ਕੌਂਸਲਰ ਸੁਖਵਿੰਦਰ ਸਿੰਘ ਪਟਵਾਰੀ, ਕੌਂਸਲਰ ਗੁਰਵਿੰਦਰ ਸਿੰਘ ਬਾਵਾ, ਪ੍ਰਧਾਨ ਯੂਥ ਅਕਾਲੀ ਦਲ ਹਲਕਾ ਰੋਪੜ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਤਰਨੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।