ਸਾਇੰਸ ਪ੍ਰਦਰਸ਼ਨੀ ’ਚ ਰਾਏਪੁਰ ਸਕੂਲ ਦੇ ਵਿਦਿਆਰਥੀਆਂ ਨੇ ਗੱਡੇ ਝੰਡੇ ਸਾਇੰਸ ਪ੍ਰਦਰਸ਼ਨੀ ’ਚ ਰਾਏਪੁਰ ਸਕੂਲ ਦੇ ਵਿਦਿਆਰਥੀਆਂ ਨੇ ਗੱਡੇ ਜਿੱਤ ਦੇ ਝੰਡੇ
Publish Date: Sun, 22 Nov 2026 04:34 PM (IST)
Updated Date: Sun, 22 Nov 2026 04:37 PM (IST)
ਦੋ ਥੀਮਾਂ ’ਚ ਪਹਿਲਾ ਤੇ ਦੋ ’ਚੋਂ ਤੀਜਾ ਸਥਾਨ ਹਾਸਲ ਕਰਕੇ ਸਟੇਟ ਪੱਧਰ ਲਈ ਕੁਆਲੀਫਾਈ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਵਿਗਿਆਨਕ ਸੋਚ, ਨਵੀਨਤਮ ਖੋਜਾਂ ਤੇ ਪ੍ਰਯੋਗਸ਼ੀਲਤਾ ਦੇ ਖੇਤਰ ’ਚ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ’ਚ ਸ਼ਾਨਦਾਰ ਪ੍ਰਾਪਤੀ ਦਰਜ ਕੀਤੀ ਹੈ। ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਕਰਵਾਈ ਗਈ ਇਸ ਪ੍ਰਦਰਸ਼ਨੀ ਦੇ ਜੂਨੀਅਰ ਵਰਗ ’ਚ ਸਕੂਲ ਦੇ ਵਿਦਿਆਰਥੀਆਂ ਨੇ ਛੇ ਵੱਖ-ਵੱਖ ਥੀਮਾਂ ਵਿੱਚੋਂ ਦੋ ਥੀਮਾਂ ’ਚ ਜ਼ਿਲ੍ਹੇ ਭਰ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਸਟੇਟ ਪੱਧਰੀ ਮੁਕਾਬਲੇ ਲਈ ਆਪਣੀ ਜਗ੍ਹਾ ਪੱਕੀ ਕੀਤੀ ਹੈ। ਇਸ ਤੋਂ ਇਲਾਵਾ ਦੋ ਹੋਰ ਥੀਮਾਂ ’ਚ ਤੀਜਾ ਸਥਾਨ ਹਾਸਲ ਕਰਕੇ ਸਕੂਲ ਨੇ ਆਪਣੀ ਪ੍ਰਤਿਭਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਦੋ ਪਹਿਲੀਆਂ ਪੁਜ਼ੀਸ਼ਨਾਂ ਦੇ ਨਾਲ ਵਿਦਿਆਰਥੀਆਂ ਨੇ ਕੁੱਲ 7 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਵੀ ਆਪਣੇ ਨਾਮ ਕੀਤੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੱਧਰੀ ਇਹ ਸਾਇੰਸ ਪ੍ਰਦਰਸ਼ਨੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰੂਪਨਗਰ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਕਰਵਾਈ ਗਈ। ਇਸ ’ਚ ਜ਼ਿਲ੍ਹੇ ਦੇ 10 ਬਲਾਕਾਂ ਦੇ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਛੇ ਵੱਖ-ਵੱਖ ਵਿਗਿਆਨਕ ਥੀਮਾਂ ਅਧੀਨ ਆਪਣੇ ਮਾਡਲ ਤੇ ਨਵੀਨਤਮ ਵਿਚਾਰ ਪੇਸ਼ ਕੀਤੇ। ਰਾਏਪੁਰ ਸਕੂਲ ਦੇ ਵਿਦਿਆਰਥੀਆਂ ਨੇ ਇਸ ਤੋਂ ਪਹਿਲਾਂ ਤਖ਼ਤਗੜ੍ਹ ਬਲਾਕ ਪੱਧਰ ’ਤੇ ਚਾਰ ਥੀਮਾਂ ’ਚ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਪ੍ਰਵੇਸ਼ ਕੀਤਾ ਸੀ। ਜ਼ਿਲ੍ਹਾ ਪੱਧਰ ’ਤੇ ਵੀ ਆਪਣੀ ਇਸ ਜਿੱਤ ਦੀ ਲੜੀ ਨੂੰ ਬਰਕਰਾਰ ਰੱਖਦਿਆਂ ਪੇਂਡੂ ਤਬਦੀਲੀ ਲਈ ਵਿਗਿਆਨ ਥੀਮ ’ਚ ਸੁਖਮਨਪ੍ਰੀਤ ਕੌਰ ਤੇ ਆਕ੍ਰਿਤੀ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਪ੍ਰਾਪਤੀ ਲਈ ਉਨ੍ਹਾਂ ਨੂੰ 3,500 ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸਿਹਤ ਤੇ ਸਫ਼ਾਈ ਥੀਮ ’ਚ ਸਾਹਿਬਪ੍ਰੀਤ ਕੌਰ ਤੇ ਅਵਨੀਤ ਕੌਰ ਨੇ ਆਪਣੀ ਵਿਗਿਆਨਕ ਪੇਸ਼ਕਾਰੀ ਰਾਹੀਂ ਪਹਿਲਾ ਸਥਾਨ ਹਾਸਲ ਕਰਦਿਆਂ 3,500 ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਇਸੇ ਪ੍ਰਦਰਸ਼ਨੀ ਦੌਰਾਨ ਨਕਲੀ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਥੀਮ ’ਚ ਭਾਵੇਸ਼ ਕੁਮਾਰ ਤੇ ਸੁਖਮਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ, ਜਦਕਿ ਆਫ਼ਤ ਪ੍ਰਬੰਧਨ ਥੀਮ ’ਚ ਅਕਸ਼ਰਾ ਠਾਕੁਰ ਤੇ ਅਨੰਨਿਆ ਠਾਕੁਰ ਨੇ ਵੀ ਤੀਜੀ ਪੁਜ਼ੀਸ਼ਨ ਹਾਸਲ ਕਰਕੇ ਟਰਾਫ਼ੀ ਆਪਣੇ ਨਾਮ ਕੀਤੀ। ਇਸ ਤਰ੍ਹਾਂ ਚਾਰ ਥੀਮਾਂ ’ਚ ਪੁਜ਼ੀਸ਼ਨਾਂ ਹਾਸਲ ਕਰਨਾ ਸਕੂਲ ਦੀ ਵਿਗਿਆਨਕ ਸਿੱਖਿਆ ਤੇ ਵਿਦਿਆਰਥੀਆਂ ਦੀ ਮਿਹਨਤ ਦਾ ਪ੍ਰਤੱਖ ਪ੍ਰਮਾਣ ਬਣਿਆ। ਪ੍ਰੋਗਰਾਮ ਦੇ ਸਫ਼ਲ ਆਯੋਜਨ ’ਚ ਜ਼ਿਲ੍ਹਾ ਰਾਸ਼ਟਰੀ ਅਵਿਸ਼ਕਾਰ ਅਭਿਆਨ ਕੋਆਰਡੀਨੇਟਰ ਵਿਪਨ ਕਟਾਰੀਆ, ਬੀਆਰਸੀ ਸਰਦਾਰ ਸੁਖਦੇਵ ਸਿੰਘ ਧਨੋਆ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਪ੍ਰਿੰਸੀਪਲ ਸੰਦੀਪ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਸਕੂਲ ਮੁਖੀ ਏਕਤਾ ਭਾਰਦਵਾਜ ਨੇ ਜੇਤੂ ਵਿਦਿਆਰਥੀਆਂ ਤੇ ਸਾਇੰਸ ਅਧਿਆਪਕ ਜਗਜੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰੀ ਹਾਈ ਸਕੂਲ ਰਾਏਪੁਰ ਵੱਲੋਂ ਹਰ ਸਾਲ ਵਿਗਿਆਨ ਦੇ ਖੇਤਰ ’ਚ ਨਵੀਆਂ ਪ੍ਰਾਪਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਸੀਮਾ ਦੇਵੀ, ਕੁਲਦੀਪ ਸਿੰਘ ਗਿੱਲ, ਮਨਮੋਹਨ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਹਰਪ੍ਰੀਤ ਕੌਰ, ਰਮਨ ਤੇ ਸਰਦਾਰ ਸੁਖਦੇਵ ਸਿੰਘ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।