ਪੰਜਾਬ ਦੇ ਪਾਣੀਆਂ ਨਾਲ ਖਿਲਵਾੜ: ਬਰਦ ਖੱਡ ਅਤੇ ਸਰਸਾ ਦਰਿਆ 'ਚ ਸੁੱਟਿਆ ਜਾ ਰਿਹਾ ਉਦਯੋਗਿਕ ਕੂੜਾ, ਵਿਧਾਇਕ ਚੱਢਾ ਨੇ ਮੌਕੇ 'ਤੇ ਪਹੁੰਚ ਕੇ ਘੇਰੇ ਅਧਿਕਾਰੀ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਮੜਾਂਵਾਲਾ, ਨਵਾਂ ਨਗਰ, ਭੁੱਡ ਬੈਰੀਅਰ ਖੇਤਰ ਵਿਚ ਸਰਸਾ ਦਰਿਆ ਅਤੇ ਬਰਦ ਖੱਡ ਵਿਚ ਪੈ ਰਹੇ ਉਦਯੋਗਿਕ ਕੂੜੇ ਅਤੇ ਕਥਿਤ ਤੌਰ ’ਤੇ ਖਤਰਨਾਕ ਰਸਾਇਣਕ ਰਹਿੰਦ-ਖੂੰਹਦ ਦੇ ਮਾਮਲੇ ਨੂੰ ਲੈ ਕੇ ਆਪ ਦੇ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ਨੇ ਸਖ਼ਤ ਰੁਖ ਅਖਤਿਆਰ ਕੀਤਾ ਹੈ। ਉਨ੍ਹਾਂ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਹਿਮਾਚਲ ਦੇ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੇ ਨਾਲ-ਨਾਲ ਪੰਜਾਬ ਦੇ ਅਧਿਕਾਰੀਆਂ ਨੂੰ ਵੀ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਲਈ ਕਿਹਾ।
Publish Date: Wed, 26 Aug 2026 10:57 AM (IST)
Updated Date: Wed, 26 Aug 2026 10:59 AM (IST)
ਲਖਬੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਮੜਾਂਵਾਲਾ, ਨਵਾਂ ਨਗਰ, ਭੁੱਡ ਬੈਰੀਅਰ ਖੇਤਰ ਵਿਚ ਸਰਸਾ ਦਰਿਆ ਅਤੇ ਬਰਦ ਖੱਡ ਵਿਚ ਪੈ ਰਹੇ ਉਦਯੋਗਿਕ ਕੂੜੇ ਅਤੇ ਕਥਿਤ ਤੌਰ ’ਤੇ ਖਤਰਨਾਕ ਰਸਾਇਣਕ ਰਹਿੰਦ-ਖੂੰਹਦ ਦੇ ਮਾਮਲੇ ਨੂੰ ਲੈ ਕੇ ਆਪ ਦੇ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ਨੇ ਸਖ਼ਤ ਰੁਖ ਅਖਤਿਆਰ ਕੀਤਾ ਹੈ। ਉਨ੍ਹਾਂ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਹਿਮਾਚਲ ਦੇ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੇ ਨਾਲ-ਨਾਲ ਪੰਜਾਬ ਦੇ ਅਧਿਕਾਰੀਆਂ ਨੂੰ ਵੀ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਲਈ ਕਿਹਾ।
ਵਿਧਾਇਕ ਚੱਢਾ ਨੇ ਭੁੱਡ ਬੈਰੀਅਰ ਹਿਮਾਚਲ ਪ੍ਰਦੇਸ਼ ਵਿਖੇ ਸਰਸਾ ਦਰਿਆ ਵਿਚ ਡਿੱਗ ਰਹੇ ਕੂੜੇ ਦਾ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ। ਇਸ ਤੋਂ ਬਾਅਦ ਉਹ ਮੜਾਂਵਾਲਾ ਖੇਤਰ ਵਿਚ ਬਰਦ ਖੱਡ ਵਿਖੇ ਵੀ ਪਹੁੰਚੇ, ਜਿੱਥੇ ਦਰਿਆ/ਖੱਡ ਦੇ ਅੰਦਰ ਵੱਡੀ ਮਾਤਰਾ ਵਿਚ ਉਦਯੋਗਿਕ ਕੂੜਾ ਡੰਪ ਕੀਤਾ ਹੋਇਆ ਮਿਲਿਆ। ਇਸ ਦੌਰਾਨ ਮੌਕੇ ’ਤੇ ਤੇਜ਼ਾਬ ਵਾਲੀਆਂ ਬੋਤਲਾਂ ਬਾਰੇ ਪੁੱਛੇ ਜਾਣ ’ਤੇ ਇੱਕ ਵਿਅਕਤੀ ਵੱਲੋਂ ਉਨ੍ਹਾਂ ਨੂੰ ਗਲੂਕੋਜ਼ ਦੱਸਣ ਦੀ ਘਟਨਾ ਵੀ ਸਾਹਮਣੇ ਆਈ। ਵਿਧਾਇਕ ਵੱਲੋਂ ਉਸ ਵਿਅਕਤੀ ਨੂੰ ਉਹ ਕਥਿਤ ਗਲੂਕੋਜ਼ ਪੀਣ ਲਈ ਕਹਿਣ ’ਤੇ ਉਹ ਵਿਅਕਤੀ ਮੌਕੇ ਤੋਂ ਖਿਸਕ ਗਿਆ।
ਵਿਧਾਇਕ ਨੇ ਦੱਸਿਆ ਕਿ ਇਹ ਕੂੜਾ ਭਾਵੇਂ ਹਰਿਆਣਾ ਦੀ ਹੱਦ ਵਿਚ ਡੰਪ ਕੀਤਾ ਗਿਆ ਹੈ, ਪ੍ਰੰਤੂ ਉਨ੍ਹਾਂ ਅਨੁਸਾਰ ਇਸ ਵਿਚ ਹਿਮਾਚਲ ਪ੍ਰਦੇਸ਼ ਦੇ ਬੱਦੀ ਉਦਯੋਗਿਕ ਖੇਤਰ ਦੀਆਂ ਫੈਕਟਰੀਆਂ ਤੋਂ ਨਿਕਲਣ ਵਾਲੀ ਉਦਯੋਗਿਕ ਰਹਿੰਦ-ਖੂੰਹਦ ਅਤੇ ਰਸਾਇਣਕ ਸਮੱਗਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਕੁਝ ਠੇਕੇਦਾਰਾਂ ਦੇ ਬੋਰਡ ਵੀ ਮਿਲਣ ਦੀ ਗੱਲ ਸਾਹਮਣੇ ਆਈ। ਵਿਧਾਇਕ ਚੱਢਾ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੌਕੇ ਤੋਂ ਹੀ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਨਾਲ ਫ਼ੋਨ ’ਤੇ ਗੱਲਬਾਤ ਕਰਕੇ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਦਰਿਆ/ਖੱਡ ਵਿਚ ਪਏ ਕੂੜੇ ਨੂੰ ਤੁਰੰਤ ਹਟਾਉਣ ਅਤੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ।
ਅਧਿਕਾਰੀਆਂ ਨੇ ਤਿਆਰ ਕੀਤੀ ਰਿਪੋਰਟ ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਥਾਨਕ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਰਹੇ। ਅਧਿਕਾਰੀਆਂ ਵੱਲੋਂ ਮੌਕੇ ਦੀ ਸਥਿਤੀ ਨੂੰ ਗੰਭੀਰ ਦੱਸਦਿਆਂ ਕੂੜੇ ਦੀ ਕਿਸਮ ਅਤੇ ਮਾਤਰਾ ਸਬੰਧੀ ਵਿਸਥਾਰਤ ਰਿਪੋਰਟ ਤਿਆਰ ਕਰਨ ਦੀ ਕਾਰਵਾਈ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਉਪਰੰਤ ਜਿਸ ਵੀ ਵਿਅਕਤੀ ਦੀ ਜ਼ਿੰਮੇਵਾਰੀ ਸਾਹਮਣੇ ਆਵੇਗੀ, ਉਸ ਖਿਲਾਫ ਨਿਯਮਾਂ ਅਨੁਸਾਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।