ਪੰਜਾਬ ਵਾਟਰ ਸਪਲਾਈ ਸੀਵਰਮੈਨ ਯੂਨੀਅਨ ਦੀ ਸੱਤ ਰੋਜ਼ਾ ਹੜਤਾਲ ਸ਼ੁਰੂ ਪੰਜਾਬ ਵਾਟਰ ਸਪਲਾਈ ਸੀਵਰਮੈਨ ਯੂਨੀਅਨ ਦੀ ਸੱਤ ਰੋਜ਼ਾ ਹੜਤਾਲ ਸ਼ੁਰੂ
Publish Date: Thu, 01 Oct 2026 07:38 PM (IST)
Updated Date: Thu, 01 Oct 2026 07:40 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ: ਪੰਜਾਬ ਵਾਟਰ ਸਪਲਾਈ ਸੀਵਰਮੈਨ ਯੂਨੀਅਨ ਵੱਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਸੀਵਰੇਜ਼ ਬੋਰਡ ਦੇ ਆਊਟਸੋਰਸ ਕਾਮਿਆਂ ਨੂੰ ਵਿਭਾਗ ਵਿਚ ਸਰਕਾਰੀ ਪ੍ਰਬੰਧ ਅਧੀਨ ਲਿਆਉਣ ਦੀ ਮੰਗ ਨੂੰ ਲੈ ਕੇ ਐਲਾਨੇ ਗਈ 7 ਰੋਜ਼ਾ ਹੜਤਾਲ ਸ਼ੁਰੂ ਕੀਤੀ ਗਈ। ਹੜਤਾਲ ਦੇ ਪਹਿਲੇ ਦਿਨ ਸੀਵਰੇਜ਼ ਦੇ ਆਊਟਸੋਰਸ ਕਾਮਿਆਂ ਨੇ ਸਮੁੱਚੇ ਪੰਜਾਬ ਵਿਚ ਰੋਸ ਧਰਨੇ ਦਿੱਤੇ ਅਤੇ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੰਜੀਵ ਕੁਮਾਰ ਸੰਜੂ, ਦਵਿੰਦਰ ਸਿੰਘ, ਜਤਿੰਦਰ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਆਊਟਸੋਰਸ ਕਾਮਿਆਂ ਨੂੰ ਸਰਕਾਰੀ ਪ੍ਰਬੰਧ ਅਧੀਨ ਲਿਆਉਣ ਲਈ ਬਿੱਲ ਲਿਆਂਦਾ ਗਿਆ ਹੈ ਉਸ ਵਿਚ ਸੀਵਰੇਜ਼ ਬੋਰਡ ਦੇ ਆਊਟਸੋਰਸ ਕਾਮਿਆਂ ਪ੍ਰਤੀ ਸਥਿਤੀ ਅਜੇ ਤੱਕ ਸਪਸ਼ਟ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਈ ਗੱਲ ਪੱਲੇ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾਕਿ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿਚ ਵੀ ਇਨ੍ਹਾਂ ਕਾਮਿਆਂ ਨੂੰ ਪੱਕੇ ਕਰਨ ਸਬੰਧੀ ਕੋਈ ਠੋਸ ਫ਼ੈਸਲਾ ਨਹੀਂ ਲਿਆ ਗਿਆ। ਬਲਕਿ ਡੰਗ ਟਪਾਊ ਅਤੇ ਲਾਰੇ ਲੱਪੇ ਦੀ ਨੀਤੀ ਉੱਤੇ ਚੱਲ ਕਿ ਚੋਣ ਜਾਬਤਾ ਲੱਗਣ ਦੀ ਉਡੀਕ ਕੀਤੀ ਜਾ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਜੇ ਸਰਕਾਰ ਨੇ ਆਊਟਸੋਰਸ ਕਾਮਿਆਂ ਨੂੰ ਵਿਭਾਗ ਦੇ ਸਰਕਾਰੀ ਪ੍ਰਬੰਧ ਹੇਠ ਨਾ ਲਿਆਂਦਾ ਤਾਂ ਹੜਤਾਲ ਨੂੰ 7 ਅਕਤੂਬਰ ਤੋਂ ਅੱਗੇ ਵਧਾ ਕੇ ਹੋਰ ਸਖ਼ਤ ਐਕਸ਼ਨ ਵੀ ਲਿਆ ਜਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਛੇਤੀ ਤੋਂ ਛੇਤੀ ਆਊਟਸੋਰਸ ਕਾਮਿਆਂ ਨੂੰ ਸਰਕਾਰੀ ਪ੍ਰਬੰਧ ਅਧੀਨ ਲਿਆਉਣ ਦੀ ਕਾਰਵਾਈ ਨੂੰ ਅਮਲ ਵਿਚ ਲਿਆਵੇ। ਇਸ ਮੌਕੇ ਪ੍ਰਧਾਨ ਨਰਿੰਦਰ ਸ਼ਰਮਾ, ਵਿਨੀਤ , ਜਗਜੀਵਨ ਰਾਮ, ਕ੍ਰਿਸ਼ਨ ਸਿੰਘ ਰਾਣਾ, ਹਰਪਾਲ ਸਿੰਘ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਰਾਣਾ, ਜਸਪਾਲ ਸਿੰਘ ਸਹੇੜੀ, ਗੋਲਡੀ ਕੁਰਾਲੀ , ਪਿੰਕਾ ਅਤੇ ਹੋਰ ਕੱਚੇ ਮੁਲਾਜ਼ਮ ਹਾਜ਼ਰ ਸਨ।