ਸਿੱਖਿਆ ਵਿਭਾਗ ਤੇ ਨਾਇਲਟ ਰੂਪਨਗਰ ਨੇ ਮਿਸ਼ਨ ਰਫ਼ਤਾਰ ਦੀ ਕੀਤੀ ਸ਼ੁਰੂਆਤ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਨਾਇਲਟ ਰੂਪਨਗਰ ਨੇ ਮਿਸ਼ਨ ਰਫ਼ਤਾਰ ਦੀ
Publish Date: Fri, 14 Aug 2026 03:49 PM (IST)
Updated Date: Fri, 14 Aug 2026 03:50 PM (IST)
ਪੰਜਾਬ ਦੇ ਸਰਕਾਰੀ ਸਕੂਲਾਂ ’ਚ ਏਆਈ ਅਤੇ ਰੋਬੋਟਿਕਸ ਸਿੱਖਿਆ ਨੂੰ ਮਿਲੇਗਾ ਹੁਲਾਰਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰਾਨਿਕਸ ਐਂਡ ਇਨਫਰਮੇਸ਼ਨ ਟੈਕਨਾਲੌਜੀ (ਨਾਇਲਟ) ਰੂਪਨਗਰ ਵੱਲੋਂ ਸੂਬੇ ਦੇ 425 ਸਰਕਾਰੀ ਸਕੂਲਾਂ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਇੰਟਰਨੈੱਟ ਆਫ ਥਿੰਗਜ਼ (ਆਈਓਟੀ) ਅਤੇ ਰੋਬੋਟਿਕਸ ਦੀ ਸਿੱਖਿਆ ਸ਼ੁਰੂ ਕਰਨ ਲਈ ਮਿਸ਼ਨ ਰਫ਼ਤਾਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਨੂੰ ਲਾਗੂ ਕਰਨ ਵਿਚ ਨਾਇਲਟ ਰੂਪਨਗਰ ਸਹਿਯੋਗੀ ਸੰਸਥਾ ਵਜੋਂ ਭੂਮਿਕਾ ਨਿਭਾਅ ਰਿਹਾ ਹੈ। ਇਸ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਨਾਇਲਟ ਰੂਪਨਗਰ ਦੇ ਕੈਂਪਸ ਵਿਖੇ ਕੀਤੀ ਗਈ। ਇਸਦੇ ਤਹਿਤ ਅਧਿਆਪਕਾਂ ਨੂੰ ਵਿਹਾਰਕ ਸਿਖਲਾਈ ਲਈ ਵਿਸ਼ੇਸ਼ ਸਿੱਖਣ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਆਰਡੂਇਨੋ ਕਿੱਟ ਰਾਹੀਂ ਸਰਕਟ ਇੰਜੀਨੀਅਰਿੰਗ, ਈਐੱਸਪੀ 32 ਕਿੱਟ ਰਾਹੀਂ ਆਈਓਟੀ ਸੈਂਸਰ, ਰੋਬੋਟਿਕ ਮਾਡੀਊਲ ਅਤੇ ਰਾਸਪਬੈਰੀ ਪਾਈ ਵਰਗੇ ਹਾਰਡਵੇਅਰ ਸ਼ਾਮਲ ਹਨ। ਇਸ ਮਹੱਤਵਪੂਰਨ ਪਹਿਲਕਦਮੀ ਦਾ ਉਦੇਸ਼ ਸਰਕਾਰੀ ਸਕੂਲਾਂ ਦੀਆਂ ਕੰਪਿਊਟਰ ਲੈਬਜ਼ ਨੂੰ ਏਆਈ, ਆਈਓਟੀ ਅਤੇ ਰੋਬੋਟਿਕਸ ਆਧਾਰਿਤ ਵਿਹਾਰਕ ਸਿੱਖਿਆ ਲਈ ਨਵੀਨਤਾ ਕੇਂਦਰਾਂ ਵਜੋਂ ਵਿਕਸਤ ਕਰਨਾ ਹੈ। ਟ੍ਰੇਨ-ਦ-ਟੀਚਰ ਮਾਡਲ ਤਹਿਤ 425 ਨਾਮਜ਼ਦ ਅਧਿਆਪਕਾਂ ਨੂੰ ਨਾਇਲਟ ਰੂਪਨਗਰ ਵਿਖੇ ਤਿੰਨ ਦਿਨਾਂ ਦੀ ਗਹਿਰੀ ਰਿਹਾਇਸ਼ੀ ਵਿਹਾਰਕ ਸਿਖਲਾਈ ਰਾਹੀਂ ਮਾਸਟਰ ਟ੍ਰੇਨਰ ਵਜੋਂ ਤਿਆਰ ਕੀਤਾ ਜਾਵੇਗਾ। ਇਸ ਦੇ ਨਾਲ ਵਿਦਿਆਰਥੀਆਂ ਲਈ ਆਨਲਾਈਨ ਇੰਟਰਐਕਟਿਵ ਬੂਟਕੈਂਪ ਵੀ ਕਰਵਾਏ ਜਾਣਗੇ। ਇਸ ਸਿੱਖਲਾਈ ਦਾ ਪਾਠਕ੍ਰਮ ਚਾਰ ਪੜਾਵਾਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਸਰਕਟ ਇੰਜੀਨੀਅਰਿੰਗ ਤੇ ਮੂਲ ਤਰਕ, ਵਾਇਰਲੈੱਸ ਸੰਚਾਰ ਅਤੇ ਸਮਾਰਟ ਆਈਓਟੀ, ਕਾਇਨੇਮੈਟਿਕਸ ਅਤੇ ਮੈਕੈਟ੍ਰੌਨਿਕ ਆਟੋਮੇਸ਼ਨ ਅਤੇ ਐਜ ਇੰਟੈਲੀਜੈਂਸ ਅਤੇ ਕੰਪਿਊਟਰ ਵਿਜ਼ਨ ਸ਼ਾਮਲ ਹਨ। ਇਸ ਤੋਂ ਇਲਾਵਾ ਕਲਾਉਡ ਆਧਾਰਿਤ ਡਿਜੀਟਲ ਸਹਾਇਤਾ ਪੋਰਟਲ ਰਾਹੀਂ ਅਧਿਆਪਕਾਂ ਨੂੰ ਲਗਾਤਾਰ ਤਕਨੀਕੀ ਮਾਰਗਦਰਸ਼ਨ ਅਤੇ ਸਿੱਖਣ ਦੇ ਨਤੀਜਿਆਂ ਦੀ ਰੀਅਲ-ਟਾਈਮ ਨਿਗਰਾਨੀ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ। ਇਹ ਪ੍ਰੋਜੈਕਟ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਉਦੇਸ਼ਾਂ ਅਨੁਸਾਰ ਸਕੂਲੀ ਵਿਦਿਆਰਥੀਆਂ ਤੱਕ ਆਧੁਨਿਕ ਅਤੇ ਉੱਭਰ ਰਹੀਆਂ ਤਕਨਾਲੌਜੀਆਂ ਦੀ ਸਿੱਖਿਆ ਪਹੁੰਚਾਉਣ ਅਤੇ “ਤਕਨੀਕੀ ਸਿੱਖਿਆ ਨੂੰ ਹਰ ਵਿਦਿਆਰਥੀ ਤੱਕ ਪਹੁੰਚਾਉਣ ਵੱਲ ਇੱਕ ਅਹਿਮ ਕਦਮ ਹੈ।