- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਮੁੰਡੀਆਂ ਵਿਖੇ ਖੇਡ ਗਰਾਊਂਡ ਨੂੰ ਲੈ ਕੇ ਬਹੁ ਗਿਣਤੀ ਪੰਚਾਇਤ ਮੈਂਬਰ ਇੱਕਜੁੱਟ

ਜੌਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ : ਇੱਥੋਂ ਨੇੜਲੇ ਪਿੰਡ ਮੁੰਡੀਆਂ ਵਿਖੇ ਪੰਚਾਇਤ ਦੇ ਬਹੁ-ਗਿਣਤੀ ਪੰਚਾਂ ਤੇ ਪਿੰਡ ਦੇ ਮੋਹਤਬਰਾਂ ਵੱਲੋਂ ਨੌਜਵਾਨਾਂ ਲਈ ਖੇਡਣ ਲਈ ਵਰਤੀ ਜਾ ਰਹੀ ਜ਼ਮੀਨ ਦੀ ਬੋਲੀ ਕਰਵਾਉਣ ਦਾ ਵਿਰੋਧ ਕੀਤਾ ਗਿਆ। ਇਸ ਸਬੰਧੀ ਪੰਚਾਇਤ ਮੈਂਬਰ ਦਵਿੰਦਰ ਕੌਰ, ਸੁਖਜਿੰਦਰ ਕੌਰ, ਲਾਭ ਸਿੰਘ, ਪਰਮਜੀਤ ਕੌਰ, ਸ਼ਿੰਦਰਪਾਲ ਸਿੰਘ ਅਤੇ ਬਲਾਕ ਸੰਮਤੀ ਮੈਂਬਰ ਜਸਵਿੰਦਰ ਕੌਰ ਸਾਬਕਾ ਸਰਪੰਚ ਮੁੰਡੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ ਨੌਜਵਾਨਾਂ ਦੇ ਖੇਡਣ ਲਈ ਕੋਈ ਵੀ ਮੈਦਾਨ ਨਹੀਂ ਹੈ। ਇਸ ਕਾਰਨ ਪਿੰਡ ਦੇ ਜ਼ਿਆਦਾਤਰ ਨੌਜਵਾਨ ਖੇਡਾਂ ਨੂੰ ਛੱਡ ਕੇ ਨਸ਼ਿਆਂ ਵੱਲ ਜਾ ਰਹੇ ਸਨ।
ਇਸ ਮਾਮਲੇ ਸਬੰਧੀ ਪਿੰਡ ਦੇ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਕਿਹਾ ਕਿ ਸਕੂਲ ਦੇ ਨੇੜੇ ਜੋ ਸ਼ਾਮਲਾਤ ਜਗਾ ਪਈ ਹੈ ਉਹ ਉੱਥੇ ਖੇਡਣਾ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਖੇਡਣ ਦੀ ਮਨਜ਼ੂਰੀ ਦੇ ਦਿੱਤੀ ਜਾਵੇ। ਭਾਵੇਂ ਸਰਪੰਚ ਇਸ ਦੇ ਵਿਰੁੱਧ ਸੀ। ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਖੇਡਣ ਲਈ ਮਨਜ਼ੂਰੀ ਦੇਣ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਜੇਕਰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਨਹੀਂ ਕੀਤਾ ਜਾਵੇਗਾ ਤਾਂ ਨੌਜਵਾਨ ਨਸ਼ਿਆਂ ਵੱਲ ਨਹੀ ਜਾਣਗੇ।
ਇਸ ਜਗ੍ਹਾ ਨੂੰ ਉਹ ਖੇਡ ਗਰਾਉਂਡ ਬਣਾਉਣਾ ਚਾਹੁੰਦੇ ਹਨ ਪ੍ਰੰਤੂ ਪਿੰਡ ਦਾ ਸਰਪੰਚ ਇਸ ਥਾਂ ਦੀ ਨਿਲਾਮੀ ਕਰਵਾਉਣਾ ਚਾਹੁੰਦਾ ਹੈ। ਉਹ ਇਸ ਦੀ ਬੋਲੀ ਨਹੀਂ ਹੋਣ ਦੇਣਗੇ। ਇਸ ਮੌਕੇ ਟਰੱਕ ਯੂਨੀਅਨ ਮੋਰਿੰਡਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੰਡੀਆਂ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵੱਲੋਂ ਇਸ ਜ਼ਮੀਨ ਤੋਂ ਇਲਾਵਾ ਵੱਖ-ਵੱਖ ਹੋਰ ਸਰਕਾਰੀ ਜ਼ਮੀਨਾਂ ਨੂੰ ਪੰਚਾਇਤ ਮੈਂਬਰਾਂ ਦੀ ਸਹਿਮਤੀ ਤੋਂ ਬਿਨਾਂ ਘੱਟ ਭਾਅ ’ਤੇ ਆਪਣੇ ਚਹੇਤਿਆਂ ਨੂੰ ਠੇਕੇ ’ਤੇ ਦਿੱਤੀਆਂ ਗਈਆਂ, ਜਿਸ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਜਗਜੀਤ ਸਿੰਘ ਪ੍ਰਧਾਨ ਦਸਮੇਸ਼ ਸਮਾਜ ਭਲਾਈ ਸੰਸਥਾ, ਡਾ.ਰਘਵੀਰ ਸਿੰਘ, ਗੁਰਮੁਖ ਸਿੰਘ, ਭੁਪਿੰਦਰ ਸਿੰਘ, ਗੁਰਜੀਤ ਸਿੰਘ, ਜਸਮੇਰ ਸਿੰਘ ਆਦਿ ਹਾਜ਼ਰ ਸਨ। ਪਿੰਡ ਦੇ ਸਰਪੰਚ ਦਲਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ’ਤੇ ਲਗਾਏ ਦੋਸ਼ ਬਿਲਕੁਲ ਗਲਤ ਅਤੇ ਬੇਬੁਨਿਆਂਦ ਹਨ। ਪੰਚਾਇਤ ਦੀ ਸਹਿਮਤੀ ਨਾਲ ਹੀ ਇਸ ਜਗ੍ਹਾ ਦੀ ਬੋਲੀ ਹੋ ਰਹੀ ਹੈ। ਉੱਧਰ ਪੰਚਾਇਤ ਸੈਕਟਰੀ ਸ਼ਿਵ ਕੁਮਾਰ ਨੇ ਕਿਹਾ ਕਿ ਜੇਕਰ ਪੰਚਾਇਤ ਦੀ ਸਹਿਮਤੀ ਹੋਵੇਗੀ ਤਾਂ ਹੀ ਇਸ ਜਗ੍ਹਾ ਦੀ ਬੋਲੀ ਹੋਵੇਗੀ, ਜਿਸ ਲਈ ਖ਼ੁਦ ਬੀਡੀਪੀਓ ਮੋਰਿੰਡਾ ਇਸ ਬੋਲੀ ਲਈ ਪੁੱਜਣਗੇ।