- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵਰਨ ਢੰਗਰਾਲੀ ਦੇ ਲਿਖੇ ਮੋਰਿੰਡਾ ਫਤਿਹ ਕਿਤਾਬਚੇ ਦਾ ਦੂਜਾ ਐਡੀਸ਼ਨ ਲੋਕ ਅਰਪਣ

-ਮੋਰਿਡਾ ਫਤਿਹ ਦਿਵਸ ਕਿਤਾਬਚਾ ਪੜ੍ਹਨਯੋਗ ਨਹੀਂ, ਸਗੋਂ ਸੰਭਾਲਣਯੋਗ ਦਸਤਾਵੇਜ਼ : ਜਗਪਾਲ ਸਿੰਘ ਜੌਲੀ
ਜੌਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ: ਮੋਰਿੰਡਾ ਦੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਸਵਰਨ ਸਿੰਘ ਢੰਗਰਾਲੀ ਵੱਲੋਂ ਲਿਖੇ ਗਏ ਕਿਤਾਬਚੇ ਫਤਿਹ ਦਿਵਸ ਦਾ ਦੂਜਾ ਐਡੀਸ਼ਨ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਕਿਤਾਬਚੇ ਦੇ ਪ੍ਰਕਾਸ਼ਕ ਮਹਾਰਾਜਾ ਸ.ਜੱਸਾ ਸਿੰਘ ਰਾਮਗੜੀਆ ਫੈਡਰੇਸ਼ਨ ਮੋਰਿੰਡਾ ਦੇ ਸਰਪ੍ਰਸਤ ਕੁਲਵੀਰ ਸਿੰਘ ਵੱਲੋਂ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪ੍ਰਧਾਨ ਨਗਰ ਕੌਂਸਲ ਮੋਰਿੰਡਾ ਜਗਪਾਲ ਸਿੰਘ ਜੌਲੀ ਨੇ ਸ਼ਿਰਕਤ ਕੀਤੀ। ਇਸ ਮੌਕੇ ਜਗਪਾਲ ਸਿੰਘ ਜੌਲੀ ਨੇ ਕਿਹਾ ਕਿ ਮੋਰਿਡਾ ਫਤਿਹ ਦਿਵਸ ਨਾਮੀ ਕਿਤਾਬਚਾ ਕੇਵਲ ਪੜਨਯੋਗ ਹੀ ਨਹੀਂ, ਸਗੋਂ ਸੰਭਾਲਣਯੋਗ ਇਤਿਹਾਸਿਕ ਦਸਤਾਵੇਜ਼ ਹੈ। ਇਹ ਕਿਤਾਬਚਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਦੇ ਇਤਿਹਾਸ ਬਾਰੇ ਦੱਸੇਗਾ ਕਿ ਇਹ ਅਸਥਾਨ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਾਲੇ ਮੋਰਿੰਡੇ ਦੇ ਚੌਧਰੀ ਜਾਨੀ ਖਾਂ ਤੇ ਮਾਨੀ ਖਾਂ ਨੂੰ ਸੋਧਣ ਸਮੇਂ ਹੋਈ ਜੰਗ ਦੇ ਸ਼ਹੀਦਾਂ ਦੀ ਯਾਦਗਾਰ ਹੈ ਅਤੇ ਇਸ ਜੰਗ ਦੇ ਸੂਤਰਧਾਰ ਰਾਮਗੜ੍ਹੀਏ ਸਿੰਘਾਂ ਪਿੰਡ ਘੜੂੰਆਂ ਦੇ ਰਣ ਸਿੰਘ ਤੇ ਦਲ ਸਿੰਘ ਬਾਰੇ ਜਾਣਕਾਰੀ ਦਿੰਦਾ ਰਹੇਗਾ। ਉਨ੍ਹਾਂ ਲੇਖਕ ਨੂੰ ਅਣਗੌਲੇ ਇਤਿਹਾਸ ਨੂੰ ਪ੍ਰਗਟ ਕਰਨ ਦੇ ਲਈ ਵਧਾਈ ਦਿੱਤੀ।
ਇਸ ਮੌਕੇ ਲੇਖਕ ਸਵਰਨ ਸਿੰਘ ਢੰਗਰਾਲੀ ਨੇ ਦੱਸਿਆ ਕਿ ਘੜੂੰਆਂ ਪਿੰਡ ਦੇ ਸ਼ਹੀਦ ਸਿੰਘਾਂ ਦੀ ਅੰਸ਼ ਵੰਸ਼ ਵਿੱਚੋਂ ਸਭ ਤੋਂ ਵੱਡੇ ਮਾਤਾ ਪ੍ਰਕਾਸ਼ ਕੌਰ ਵੱਲੋਂ ਸ਼ਹੀਦਾਂ ਬਾਰੇ ਦਿੱਤੀ ਗਈ ਜਾਣਕਾਰੀ ਨੂੰ ਇਸ ਨਵੇਂ ਐਡੀਸ਼ਨ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਫੈੱਡਰੇਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਕਿਤਾਬਚੇ ਦੀ ਦੇਸ਼-ਵਿਦੇਸ਼ਾਂ ਤੱਕ ਚਰਚਾ ਹੋਈ ਹੈ ਅਤੇ ਧਾਰਮਿਕ ਸੰਸਥਾਵਾਂ ਦੇ ਵਿਚ ਇਸ ਨੂੰ ਬੜੀ ਗੰਭੀਰਤਾ ਦੇ ਨਾਲ ਪੜ੍ਹਿਆ ਤੇ ਵਾਚਿਆ ਗਿਆ ਹੈ। ਇਸ ਕਰਕੇ ਪਹਿਲਾ ਐਡੀਸ਼ਨ 6 ਮਹੀਨਿਆਂ ਵਿਚ ਹੀ ਖਤਮ ਹੋ ਗਿਆ ਹੈ, ਜਿਸ ਦੇ ਕਾਰਨ ਦੇਸ਼-ਵਿਦੇਸ਼ ਵਿਚ ਇਸ ਦੀ ਮੰਗ ਦੇ ਕਾਰਨ ਫੈਡਰੇਸ਼ਨ ਮੋਰਿੰਡਾ ਨੂੰ ਦੂਜਾ ਐਡੀਸ਼ਨ ਪ੍ਰਕਾਸ਼ਤ ਕਰਨਾ ਪਿਆ ਹੈ।
ਇਸ ਸਮਾਗਮ ਵਿਚ ਅੰਮ੍ਰਿਤਪਾਲ ਸਿੰਘ ਖੱਟੜਾ ਐੱਮਸੀ ਮੋਰਿੰਡਾ, ਟਰਾਂਸਪੋਰਟਰ ਬਿਕਰਮਜੀਤ ਸਿੰਘ ਜੁਗਨੂੰ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਪ੍ਰਧਾਨ ਸਵਰਨ ਸਿੰਘ ਬਿੱਟੂ, ਐੱਮਸੀ ਜਗਵਿੰਦਰ ਸਿੰਘ ਪੰਮੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਲੇਖਕ ਅਤੇ ਰਾਮਗੜ੍ਹੀਆ ਫੈਡਰੇਸ਼ਨ ਨੂੰ ਹਰ ਕਿਸਮ ਦੀ ਮੱਦਦ ਕਰਨ ਦਾ ਭਰੋਸਾ ਦਵਾਇਆ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਵਾਰਿਸ ਰਮਨਦੀਪ ਸਿੰਘ ਮਠਾੜੂ ਘੜੂੰਆਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸਮਾਗਮ ਦੀ ਸਮਾਪਤੀ ਮੌਕੇ ਸਾਹਿਤਕਾਰ ਸੁਰਿੰਦਰ ਸਿੰਘ ਰਸੂਲਪੁਰ ਨੇ ਹਾਜ਼ਰ ਸਮੂਹ ਮਹਿਮਾਨਾਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਫੈੱਡਰੇਸ਼ਨ ਦੇ ਅਹੁਦੇਦਾਰ ਅਤੇ ਕਾਰਕੁੰਨ ਜਗਦੀਪ ਸਿੰਘ, ਤੇਜਿੰਦਰ ਸਿੰਘ ਕਲਸੀ, ਬਿਕਰਮ, ਸੋਹਣਪਾਲ, ਪ੍ਰਧਾਨ ਦਰਸ਼ਨ ਸਿੰਘ ਸੋਨਵਾਲ ਤੇ ਗੁਰਮੀਤ ਸਿੰਘ ਦਤਾਰਪੁਰ, ਜਗਜੀਤ ਸਿੰਘ ਰੀਹਲ, ਮਨਦੀਪ ਸਿੰਘ ਬਿੱਟੂ, ਮਨਦੀਪ ਸਿੰਘ ਸੋਣਵਾਲ, ਹਰਿੰਦਰ ਸਿੰਘ, ਗੁਰਿੰਦਰ ਸਿੰਘ ਰੀਹਲ ਤੇ ਭੁਪਿੰਦਰ ਸਿੰਘ ਰੀਹਲ, ਬੀਬੀ ਮਨਜੀਤ ਕੌਰ, ਗੁਰਵਿੰਦਰ ਸਿੰਘ ਰੀਹਲ ਜਗਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਹਾਜ਼ਰ ਸਨ।