- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਰਿਸ਼ ਕਾਰਨ ਸ੍ਰੀ ਕੀਰਤਪੁਰ ਸਾਹਿਬ ਦੇ ਬਾਜ਼ਾਰਾਂ ਅਤੇ ਸੜਕਾਂ ’ਤੇ ਭਰਿਆ ਪਾਣੀ

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਇਲਾਕੇ ’ਚ ਪਏ ਮੀਂਹ ਕਾਰਨ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਤੇ ਮੁੱਖ ਮਾਰਗਾਂ ’ਤੇ ਪਾਣੀ ਭਰ ਗਿਆ, ਜਿਸ ਨਾਲ ਬਾਜ਼ਾਰ ਦੇ ਦੁਕਾਨਦਾਰਾਂ ਦੀ ਦੁਕਾਨਦਾਰੀ ਪ੍ਰਭਾਵਿਤ ਹੋਈ ਹੈ। ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ’ਤੇ ਬਾਬਾ ਗੁਰਦਿੱਤਾ ਜੀ ਅਤੇ ਦਰਗਾਹ ਪੀਰ ਸਾਈ ਬੁੱਢਣ ਸ਼ਾਹ ਜੀ ਨੂੰ ਜੋੜਦਾ ਐਸਵਾਈਐਲ ਨਹਿਰ ਦੇ ਪੁਲ ’ਤੇ ਨਿਕਾਸੀ ਨਾ ਹੋਣ ਕਾਰਨ ਪੁਲ ਉਤੇ ਦੋ ਦੋ ਤਿੰਨ ਤਿੰਨ ਫੁੱਟ ਪਾਣੀ ਜਮ੍ਹਾਂ ਹੋ ਗਿਆ ਜਿਸ ਨਾਲ ਛੋਟੀਆਂ ਕਾਰਾਂ ਤੇ ਦੋਪਹੀਆ ਵਾਹਨਾਂ ਨੂੰ ਲੰਘਣ ’ਚ ਮੁਸ਼ਕਲ ਹੋਈ। ਮੀਂਹ ਰੁਕਣ ਤੱਕ ਦੋਪਹੀਆ ਵਾਹਨ ਚਾਲਕਾਂ ਨੂੰ ਰੁਕਣਾ ਪੈਂਦਾ ਹੈ ਤੇ ਪਾਣੀ ਘਟਣ ਦੀ ਉਡੀਕ ਕਰਨੀ ਪੈਂਦੀ ਹੈ। ਗੁਰਦੁਆਰਾ ਬਾਬਾ ਗੁਰਦਿੱਤਾ ਜੀ ਅਤੇ ਦਰਗਾਹ ਪੀਰ ਸਾਈ ਬੁੱਢਣ ਸ਼ਾਹ ਜੀ ਦਾ ਸਾਰਾ ਪਾਣੀ ਪੁਲ ’ਤੇ ਇਕੱਠਾ ਹੋ ਜਾਂਦਾ ਹੈ ਤੇ ਪੁਲ ਓਵਰਫਲੋਅ ਹੋਣ ਤੋਂ ਬਾਅਦ ਪਾਣੀ ਐੱਸਵਾਈਐੱਲ ਨਹਿਰ ਵਿੱਚ ਡਿੱਗਦਾ ਹੈ। ਸੜਕ ਬਣਾਉਣ ਵਾਲੀ ਕੰਪਨੀ ਵੱਲੋਂ ਪਾਣੀ ਦੀ ਨਿਕਾਸੀ ਲਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਜੋ ਨਾਲੇ ਸੜਕਾਂ ਦੇ ਨਾਲ ਬਣਾਏ ਗਏ ਹਨ, ਉਹ ਮਿੱਟੀ ਨਾਲ ਭਰੇ ਪਏ ਹਨ ਨਾਲੇ ਬਣਾਉਣ ਤੋਂ ਬਾਅਦ ਇਨ੍ਹਾਂ ਦੀ ਸਫਾਈ ਨਹੀਂ ਕੀਤੀ ਗਈ ਜਿਸ ਕਾਰਨ ਪਾਣੀ ਪੁਲ ’ਤੇ ਇਕੱਠਾ ਹੋ ਜਾਂਦਾ ਹੈ ਤੇ ਆਵਾਜਾਈ ਪ੍ਰਭਾਵਿਤ ਕਰਦਾ ਹੈ।
ਦੱਸਣਯੋਗ ਹੈ ਕਿ ਚੰਗਰ ਇਲਾਕੇ ਵਿੱਚ ਜਦੋਂ ਭਾਰੀ ਬਾਰਿਸ਼ ਪੈਂਦੀ ਹੈ ਤਾਂ ਬਾਰਿਸ਼ ਦਾ ਸਾਰਾ ਪਾਣੀ ਸ੍ਰੀ ਕੀਰਤਪੁਰ ਸਾਹਿਬ ਵਿੱਚੋਂ ਲੰਘਦੀਆਂ ਖੱਡਾਂ ਰਾਹੀਂ ਸਤਲੁਜ ਦਰਿਆ ਵਿੱਚ ਡਿੱਗਦਾ ਹੈ, ਜਿਨ੍ਹਾਂ ਵਿੱਚੋਂ ਇੱਕ ਖੱਡ ਭਟੋਲੀ ਅਤੇ ਜਿਉਵਾਲ ਵਿਚਾਲਿਓਂ ਲੰਘਦੀ ਹੈ ਤੇ ਦੂਜੀ ਸ੍ਰੀ ਕੀਰਤਪੁਰ ਸਾਹਿਬ ਤੇ ਕਲਿਆਣਪੁਰ ’ਚੋਂ ਲੰਘਦੀ ਹੈ। ਜਦੋਂ ਭਾਰੀ ਬਾਰਿਸ਼ ਪੈਂਦੀ ਹੈ ਤਾਂ ਖੱਡਾਂ ਦਾ ਪਾਣੀ ਬਾਜ਼ਾਰ ਵਿਚ ਘੁੰਮ ਜਾਂਦਾ ਹੈ। ਇਸੇ ਤਰ੍ਹਾਂ ਭਟੋਲੀ ਤੇ ਜਿਉਵਾਲ ਵਸਨੀਕਾਂ ਨੂੰ ਵੀ ਜਦੋਂ ਚੰਗਰ ਵਿੱਚ ਭਾਰੀ ਬਾਰਿਸ਼ ਪੈਂਦੀ ਹੈ ਤਾਂ ਖੱਡ ਵਿੱਚ ਬਾਰਿਸ਼ ਦਾ ਪਾਣੀ ਆ ਜਾਣ ਕਾਰਨ ਘਰ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਖੱਡ ’ਚ ਪਾਣੀ ਦੀ ਰਫਤਾਰ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ। ਕਈ ਵਾਰ ਤਾਂ ਜਿਆਦਾ ਖੱਡ ਆ ਜਾਣ ਕਾਰਨ ਖੱਡ ਦ ਪਾਣੀ ਲੋਕਾਂ ਦੇ ਘਰਾਂ ’ਚ ਵੀ ਘੁੰਮ ਜਾਂਦਾ ਹੈ। ਮੀਂਹ ਦੌਰਾਨ ਸਥਾਨਕ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਵੇਂ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਬਣੀ ਨੂੰ ਸਮਾਂ ਹੋ ਗਿਆ ਹੈ ਪਰ ਬਰਸਾਤੀ ਪਾਣੀ ਦਾ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ।